ਕਲਾ ਤੇ ਸਭਿਆਚਾਰਕ ਰੰਗਾਂ ਦੇ ਜਲੌਅ; ਪਹਿਲੇ ਦਿਨ ਰਿਕਾਰਡ ਇਕੱਠ
04 ਅਪ੍ਰੈਲ, 2026 – ਮੈਲਬਰਨ : 38ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦਾ ਆਗਾਜ਼ ਹੋਇਆ। ਤਿੰਨ ਦਿਨ ਚੱਲਣ ਵਾਲੇ ਇਸ ਖੇਡ ਮੇਲੇ ਦੌਰਾਨ ਜਿੱਥੇ ਵੱਖ-ਵੱਖ ਖੇਡ ਵੰਨਗੀਆਂ ਤਹਿਤ ਮੁਕਾਬਲੇ ਦੇਖਣ ਨੂੰ ਮਿਲਣਗੇ, ਉੱਥੇ ਹੀ ਵੱਖ-ਵੱਖ ਸੱਭਿਆਚਾਰਕ ਅਤੇ ਕਲਾ ਨਾਲ ਜੁੜੀਆਂ ਪ੍ਰਦਰਸ਼ਨੀਆਂ ਵੀ ਸਿੱਖ ਖੇਡਾਂ ਦੇ ਮੈਦਾਨਾਂ ਦਾ ਹਿੱਸਾ ਹੋਣਗੀਆਂ। ਦੇਸ਼ ਅਤੇ ਵਿਦੇਸ਼ ਸਣੇ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੇ ਅੱਜ ਵੱਖ-ਵੱਖ ਰੰਗਾਂ ਦਾ ਆਨੰਦ ਮਾਣਿਆ।
ਸ਼ਹਿਰ ਦੇ ਅੰਦਰੂਨ ਮਕਬੂਲ ਖੇਡ ਮੈਦਾਨਾਂ ਵਿੱਚ ਚੱਲ ਰਹੇ ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਖੇਡਾਂ ਲਈ ਖਾਸ ਮੈਦਾਨ ਰੱਖੇ ਗਏ ਹਨ। ਇਸ ਵਾਰ ਬਾਹਰਲੇ ਖਿਡਾਰੀਆਂ ਤੋਂ ਪਹਿਲਾਂ ਪੰਜਾਬੀਆਂ ਦੀ ਖੇਡਾਂ ਵੱਲ ਵਧ ਰਹੀ ਅਗਲੀ ਪੀੜ੍ਹੀ ਨੂੰ ਤਰਜੀਹੀ ਤੌਰ ’ਤੇ ਮੌਕੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਬੱਡੀ ਸਣੇ ਫੁਟਬਾਲ, ਖੋ ਖੋ ਅਤੇ ਵਾਲੀਬਾਲ ਆਦਿ ਖੇਡਾਂ ਵਿੱਚ ਇੱਥੋਂ ਦੇ ਜੰਮਪਲ ਬੱਚੇ ਆਪਣੇ ਜੌਹਰ ਦਿਖਾ ਰਹੇ ਹਨ।
ਇਸ ਵਾਰ ਕਲਾ ਦੇ ਖੇਤਰ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ ਪ੍ਰਦਰਸ਼ਨੀਆਂ ਤੇ ਸਿੱਖ ਖੇਡਾਂ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਸਿੱਖ ਇਤਿਹਾਸ ਤੇ ਪੰਜਾਬੀ ਸਭਿਆਚਾਰ ਦੇ ਰੰਗ ਸ਼ਾਮਲ ਹਨ। ਦੋ ਦਿਨਾ ਸਭਿਆਚਾਰਕ ਪ੍ਰੋਗਰਾਮ ਵੀ ਇਨ੍ਹਾਂ ਖੇਡਾ ਦਾ ਹਿੱਸਾ ਹਨ, ਜਿਸ ਤਹਿਤ ਭੰਗੜੇ ਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਹੋਣ ਵਾਲੀ ਸਿੱਖ ਫੋਰਮ ਤਹਿਤ ਵੱਖ-ਵੱਖ ਬੁਲਾਰੇ ਆਸਟਰੇਲੀਆ ਵਿੱਚ ਸਿੱਖਾਂ ਦੇ ਦਰਪੇਸ਼ ਮਸਲਿਆਂ ਬਾਰੇ ਆਪਣੇ ਵਿਚਾਰ ਰੱਖਣਗੇ।
ਪੰਜਾਬੀ ਟ੍ਰਿਬਯੂਨ