SGPC ਵੱਲੋਂ ਪ੍ਰਾਜੈਕਟ ’ਚ ਬਦਲਾਅ ਦੀ ਮੰਗ ਤੋਂ ਬਾਅਦ ਸੈਰ-ਸਪਾਟਾ ਵਿਭਾਗ ਨੇ ਫ਼ੈਸਲਾ ਕੀਤਾ
09 ਅਪ੍ਰੈਲ, 2026 – ਰੂਪਨਗਰ : ਪੰਜਾਬ ਦੇ ਸੈਰ-ਸਪਾਟਾ ਵਿਭਾਗ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ‘ਹੈਰੀਟੇਜ ਸਟ੍ਰੀਟ’ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। ਸੂਤਰਾਂ ਨੇ ‘ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪ੍ਰਾਜੈਕਟ ਦੇ ਮੂਲ ਸੰਕਲਪ ਵਿੱਚ ਵੱਡੀਆਂ ਤਬਦੀਲੀਆਂ ਦੀ ਮੰਗ ਕੀਤੇ ਜਾਣ ਤੋਂ ਬਾਅਦ ਵਿਭਾਗ ਨੇ ਇਸ ਨੂੰ ਠੱਪ ਕਰਨ ਦਾ ਫ਼ੈਸਲਾ ਕੀਤਾ ਹੈ।
SGPC ਅਧਿਕਾਰੀਆਂ ਨੇ ਮੰਗ ਕੀਤੀ ਸੀ ਕਿ ਹੈਰੀਟੇਜ ਸਟ੍ਰੀਟ ਵਿੱਚ ਉਲੀਕੇ ਗਏ ਪ੍ਰਵੇਸ਼ ਦੁਆਰ ਨੂੰ ਹਟਾ ਦਿੱਤਾ ਜਾਵੇ। ਉਨ੍ਹਾਂ ਦੀ ਦਲੀਲ ਸੀ ਕਿ ਇਹ ਗੇਟ ਮੁੱਖ ਸੜਕ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਵਿੱਚ ਅੜਿੱਕਾ ਬਣੇਗਾ। ਸ਼੍ਰੋਮਣੀ ਕਮੇਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ’ਤੇ ਸਫ਼ੈਦ ਸੰਗਮਰਮਰ ਵਿਛਾਉਣ ਦੇ ਵੀ ਖ਼ਿਲਾਫ਼ ਸੀ। SGPC ਅਧਿਕਾਰੀ ਚਾਹੁੰਦੇ ਹਨ ਸੀ ਕਿ ਤਖ਼ਤ ਸਾਹਿਬ ਨੂੰ ਜਾਣ ਵਾਲੀ ਸੜਕ ਪਹਿਲਾਂ ਵਾਂਗ ਵਾਹਨਾਂ ਦੀ ਆਵਾਜਾਈ ਦੇ ਯੋਗ ਬਣੀ ਰਹੇ ਅਤੇ ਇਸ ਨੂੰ ਪੈਦਲ ਮਾਰਗ ਵਿੱਚ ਨਾ ਬਦਲਿਆ ਜਾਵੇ। ਇਨ੍ਹਾਂ ਸੱਭਿਆਚਾਰਕ ਅਤੇ ਤਕਨੀਕੀ ਇਤਰਾਜ਼ਾਂ ਕਾਰਨ ਸੈਰ-ਸਪਾਟਾ ਵਿਭਾਗ ਨੇ ਫ਼ਿਲਹਾਲ ਇਸ ਅਹਿਮ ਪ੍ਰਾਜੈਕਟ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ SGPC ਵੱਲੋਂ ਸੁਝਾਈਆਂ ਤਬਦੀਲੀਆਂ ਦਾ ਮਤਲਬ ਸੀ ਕਿ ਅਸਲ ਸੰਕਲਪ ਦਾ ਲਗਪਗ 90 ਫ਼ੀਸਦੀ ਹਿੱਸਾ ਬਦਲਣਾ ਪੈਣਾ ਸੀ। ਸੂਤਰਾਂ ਅਨੁਸਾਰ, ਕਿਉਂਕਿ ਇਹ ਤਬਦੀਲੀਆਂ ਪ੍ਰਾਜੈਕਟ ਦੇ ਮੂਲ ਸਰੂਪ ਨਾਲ ਪੂਰੀ ਤਰ੍ਹਾਂ ਸਮਝੌਤਾ ਕਰਨ ਵਰਗੀਆਂ ਸਨ, ਇਸ ਲਈ ਵਿਭਾਗ ਨੇ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਬਦਲਵੀਂ ਥਾਂ ਹੈਰੀਟੇਜ ਸਟ੍ਰੀਟ ਬਣਾਉਣ ਦੀ ਯੋਜਨਾ: ਬੈਂਸ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਹੈਰੀਟੇਜ ਸਟ੍ਰੀਟ ਪ੍ਰਾਜੈਕਟ ਨੂੰ ਬੰਦ ਕਰ ਦਿੱਤਾ ਗਿਆ ਹੈ। ਐੱਸ ਜੀ ਪੀ ਸੀ ਦੇ ਸੁਝਾਅ ਕਾਰਨ ਅਸਲ ਡਿਜ਼ਾਈਨ ਦਾ 90 ਫ਼ੀਸਦੀ ਹਿੱਸਾ ਪ੍ਰਭਾਵਿਤ ਹੋ ਰਿਹਾ ਸੀ। ਅਜਿਹਾ ਕਰਨਾ ਸੰਭਵ ਨਹੀਂ ਸੀ, ਇਸ ਲਈ ਅਸੀਂ ਹੁਣ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਿਸੇ ਬਦਲਵੀਂ ਥਾਂ ’ਤੇ ਹੈਰੀਟੇਜ ਸਟ੍ਰੀਟ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਹੋਰ ਕਿਹਾ, ‘‘ਅਸੀਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਜਾਣ ਵਾਲੀ ਸੜਕ ’ਤੇ ਹੈਰੀਟੇਜ ਸਟ੍ਰੀਟ ਵਿਕਸਤ ਕਰ ਸਕਦੇ ਹਾਂ। ਇਹ ਸੜਕ ਸਰਕਾਰੀ ਮਲਕੀਅਤ ਵਾਲੀ ਹੈ।’’
ਪੰਜਾਬੀ ਟ੍ਰਿਬਯੂਨ