ਖੇਤਾਂ ’ਚ ਪਹਿਲਾਂ ਹੀ ਵਿਛੀ ਕਣਕ ਦੇ ਦਾਣੇ ਬਦਰੰਗ ਹੋਣ ਦਾ ਖ਼ਦਸ਼ਾ
09 ਅਪ੍ਰੈਲ, 2026 – ਮਾਨਸਾ : ਇਲਾਕੇ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਲਗਾਤਾਰ ਰੁਕ-ਰੁਕ ਕੇ ਪੈਂਦੇ ਰਹੇ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਪੱਕੀਆਂ ਹਾੜ੍ਹੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੀਂਹ ਦੇ ਨਾਲ ਆਏ ਝੱਖੜ ਅਤੇ ਹਨ੍ਹੇਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਧਰਤੀ ’ਤੇ ਵਿਛਾ ਦਿੱਤੀ ਹੈ। ਇਸ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਸਮੇਤ ਹੋਰ ਫ਼ਸਲਾਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਹੈ। ਖੇਤਾਂ ਵਿੱਚ ਕੰਬਾਈਨਾਂ ਖੁੱਭਣ ਨਾਲ ਕਣਕ ਦੀ ਵਾਢੀ ਵਿੱਚ ਵੱਡਾ ਅੜਿੱਕਾ ਖੜ੍ਹਾ ਹੋ ਗਿਆ ਹੈ। ਬੇਮੌਸਮੇ ਮੀਂਹ ਕਾਰਨ ਖੇਤਾਂ ਵਿੱਚ ਪਹਿਲਾਂ ਹੀ ਵਿਛੀਆਂ ਪਈਆਂ ਕਣਕਾਂ ਦੇ ਦਾਣਿਆਂ ਦਾ ਰੰਗ ਬਦਰੰਗ ਕਰਨ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਇਸ ਨਾਲ ਫ਼ਸਲ ਦੇ ਮੰਡੀਆਂ ਵਿੱਚ ਵਿਕਣ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਮੀਂਹ ਨਾਲ ਲਗਾਤਾਰ ਭਿੱਜ ਰਹੀ ਫ਼ਸਲ ਨੂੰ ਕੱਟਣ ਵਿੱਚ ਵੀ ਦਿੱਕਤ ਖੜ੍ਹੀ ਹੋਣ ਦਾ ਡਰ ਹੈ। ਮੌਸਮ ਮਹਿਕਮੇ ਦੇ ਤਾਜ਼ਾ ਅਨੁਮਾਨ ਅਨੁਸਾਰ ਅਗਲੇ ਦਿਨਾਂ ਦੌਰਾਨ ਹੋਰ ਮੀਂਹ ਪੈਣ ਦੀ ਕੀਤੀ ਪੇਸ਼ੀਨਗੋਈ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ।
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਕਣਕ ਤੋਂ ਇਲਾਵਾ ਜੌਂਅ, ਸਰੋਂ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਦੋਂਕਿ ਅਨੇਕਾਂ ਥਾਵਾਂ ’ਤੇ ਗਰਮੀ ਦੀਆਂ ਤਾਜ਼ਾ ਬੀਜੀਆਂ ਸਬਜ਼ੀਆਂ ਨੂੰ ਉਗਰਦਿਆਂ ਹੀ ਮੀਂਹ ਦੀਆਂ ਵੱਡੀਆਂ ਕਣੀਆਂ ਨੇ ਚਿੱਪ ਧਰਿਆ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਇਸ ਵੇਲੇ ਮੌਸਮ ਵਿਚ ਦਿਨ ਸਮੇਂ ਚੰਗੀਆਂ ਧੁੱਪਾਂ ਲੱਗਣ ਦਾ ਵੇਲਾ ਅਤੇ ਰਾਤ ਸਮੇਂ ਵੀ ਮੌਸਮ ਦਾ ਸਾਫ਼ ਰਹਿਣਾ ਵੀ ਜ਼ਰੂਰੀ ਹੈ ਤਾਂ ਕਿ ਕਣਕ ਦੀ ਕਟਾਈ ਅਤੇ ਵਢਾਈ ਦਾ ਕਾਰਜ ਦਾ ਕੰਮ ਸਹੀ ਰੂਪ ਵਿੱਚ ਨੇਪਰੇ ਚੜ੍ਹ ਸਕੇ।
ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਖੇਤਾਂ ਦਾ ਦੌਰਾ ਕਰਦਿਆਂ ਬੇਮੌਸਮੇ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ ਗਿਰਦਾਵਰੀ ਆਰੰਭ ਕਰ ਦਿੱਤੀ ਗਈ ਹੈ। ਖੇਤੀ ਵਿਭਾਗ ਦੇ ਅਧਿਕਾਰੀ ਡਾ. ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 18434 ਏਕੜ ਕਣਕ ਦੀ ਫ਼ਸਲ ਪ੍ਰਭਾਵਤ ਹੋਣ ਦੇ ਫ਼ਿਲਹਾਲ ਅੰਕੜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਬਲਾਕ ਵਿੱਚ 2428 ਏਕੜ, ਭੀਖੀ ਬਲਾਕ ’ਚ 1821 ਏਕੜ, ਝੁਨੀਰ ’ਚ 8519 ਏਕੜ, ਸਰਦੂਲਗੜ੍ਹ ਵਿੱਚ 2024 ਏਕੜ ਅਤੇ ਬੁਢਲਾਡਾ ਵਿੱਚ 3642 ਏਕੜ ਕਣਕ ਦੀ ਫ਼ਸਲ ਤਾਜ਼ਾ ਪਏ ਮੀਂਹ ਕਾਰਨ ਪ੍ਰਭਾਵਿਤ ਹੋਈ ਹੈ।
ਸ਼ਹਿਣਾ : ਇਲਾਕੇ ਵਿੱਚ ਲੰਘੀ ਰਾਤ ਭਰਵਾਂ ਮੀਂਹ ਪਿਆ ਜਿਸ ਨੇ ਖੇਤਾਂ ਵਿੱਚ ਖੜ੍ਹੀ ਕਣਕ ਦਾ ਕਾਫ਼ੀ ਨੁਕਸਾਨ ਕਰ ਦਿੱਤਾ। ਕਈ ਥਾਵਾਂ ’ਤੇ ਕਣਕ ਥੱਲੇ ਵਿਛ ਗਈ। ਇਸ ਬੇਮੌਸਮੇ ਮੀਂਹ ਨਾਲ ਹੋਏ ਨੁਕਸਾਨ ਨਾਲ ਕਿਸਾਨ ਬੇਹੱਦ ਚਿੰਤਤ ਹਨ। ਇਸ ਮੌਕੇ ਕਿਸਾਨ ਜਰਨੈਲ ਸਿੰਘ, ਹਰੀ ਸਿੰਘ, ਰਾਮ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਇਸ ਬੇਮੌਸਮੇ ਮੀਂਹ ਨਾਲ ਕਣਕ ਦੇ ਝਾੜ ’ਤੇ ਮਾਰੂ ਅਸਰ ਪਵੇਗਾ ਜਦਕਿ ਕੰਬਾਈਨਾਂ ਚੱਲਣ ਵਿੱਚ ਲਗਭਗ ਇੱਕ ਹਫ਼ਤੇ ਦੀ ਖੜੋਤ ਆ ਗਈ ਹੈ।
ਪੰਜਾਬੀ ਟ੍ਰਿਬਯੂਨ