ਸਮਾਂ ਦੇ ਕੇ ਮੀਟਿੰਗ ਨਾ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ
10 ਅਪ੍ਰੈਲ, 2026 – ਭੁੱਚੋ ਮੰਡੀ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਪਲਾਂਟ ਦੇ ਮੁੱਖ ਗੇਟ ਅੱਗੇ ਸਬ ਕਮੇਟੀ ਵੱਲੋਂ ਪੈਨਲ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੋਰਚੇ ਦੇ ਸੂਬਾਈ ਆਗੂ ਜਗਰੂਪ ਸਿੰਘ ਲਹਿਰਾ, ਜਗਸੀਰ ਸਿੰਘ ਭੰਗੂ, ਲਛਮਣ ਸਿੰਘ ਰਾਮਪੁਰਾ, ਹਰਦੀਪ ਸਿੰਘ ਤੱਗੜ, ਬਾਦਲ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਚੋਣਾਂ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਕਿਰਤ ਦੀ ਹੋ ਰਹੀ ਲੁੱਟ ਖ਼ਤਮ ਕਰਨ ਦੇ ਐਲਾਨ ਨੂੰ ਅਮਲੀਜਾਮਾ ਪਹਿਣਾਇਆ ਹੈ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿੱਚ ਕੀਤੇ ਗਏ ਝੰਡਾ ਮਾਰਚ ਮੌਕੇ ਸਰਕਾਰ ਨੇ ਸੂਬਾਈ ਲੀਡਰਸ਼ਿਪ ਨਾਲ 7 ਅਪਰੈਲ ਨੂੰ ਪੈਨਲ ਮੀਟਿੰਗ ਕਰਨ ਦਾ ਪੱਤਰ ਜਾਰੀ ਕੀਤਾ ਸੀ, ਪਰ ਸਬ ਕਮੇਟੀ ਪੰਜਾਬ ਸਰਕਾਰ ਵੱਲੋਂ ਹਰ ਵਾਰ ਦੀ ਤਰ੍ਹਾਂ ਮੀਟਿੰਗ ਕਰਨ ਤੋਂ ਇੱਕ ਦਿਨ ਪਹਿਲਾਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਜਿਸ ਕਾਰਨ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੈਨਲ ਮੀਟਿੰਗ ਕਰ ਕੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਪੰਜਾਬੀ ਟ੍ਰਿਬਯੂਨ