ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਕਿਸਾਨਾਂ ਦੀ 6 ਏਕੜ ਕਣਕ ਦੀ ਫਸਲ ਅਤੇ ਨਾੜ ਨੂੰ ਲੱਗੀ ਅੱਗ।
18 ਅਪ੍ਰੈਲ, 2026 – ਬਠਿੰਡਾ/ਅਜਨਾਲਾ: ਕੁਦਰਤ ਦੀ ਮਾਰ ਮਗਰੋਂ ਬਚੀ ਕਣਕ ਜਦੋਂ ਵੱਢਣ ਉੱਤੇ ਆਈ ਤਾਂ ਕਿਸਾਨਾਂ ਨੂੰ ਆਧੁਨਿਕ ਤਕਨੀਕ ‘ਤੇ ਚੱਲਦੀਆਂ ਮਸ਼ੀਨਾਂ ਰਾਹੀਂ ਅੱਗ ਲੱਗਣ ਦੀਆਂ ਮਾਰਾਂ ਪੈਂ ਰਹੀਆਂ ਹਨ। ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਅਜਿਹੀ ਹੀ ਘਟਨਾ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਮਲਕਾਨਾ ਦੇ ਕਿਸਾਨਾਂ ਨਾਲ ਵਾਪਰੀ ਜਿੱਥੇ ਤੂੜੀ ਬਣਾਉਣ ਵਾਲੀ ਮਸ਼ੀਨ ਵਿੱਚੋਂ ਅਚਾਨਕ ਨਿਕਲੀਆਂ ਚੰਗਿਆੜੀ ਕਾਰਨ ਕਣਕ ਅਤੇ ਨਾੜ ਨੂੰ ਅੱਗ ਲੱਗ ਗਈ। ਜਿਸ ਨਾਲ ਤਿੰਨ ਕਿਸਾਨਾਂ ਦੀ ਕਰੀਬ ਪੰਜ ਤੋਂ ਛੇ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਿਆ।
ਅੱਗ ਬਝਾਉਣ ਲਈ ਖੇਤਾਂ ਵਿੱਚ ਪਹੁੰਚੇ ਪਿੰਡ ਵਾਸੀ
ਕਿਸਾਨ ਸੁਖਪਾਲ ਸਿੰਘ ,ਸਤਿਨਾਮ ਸਿੰਘ, ਬੂਟਾ ਸਿੰਘ ਨੇ ਦੱਸਿਆ ਕਿ “ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ। ਜਿਸ ‘ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅੱਗ ਬਝਾਉਣ ਲਈ ਖੇਤਾਂ ਵਿੱਚ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।”
ਕਿਸਾਨਾਂ ਨੂੰ ਅਪੀਲ
ਫਾਇਰ ਕਰਮਚਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਤੂੜੀ ਬਣਾਉਂਦੇ ਸਮੇਂ ਬੜੇ ਧਿਆਨ ਦੇ ਨਾਲ ਮਸ਼ੀਨਾਂ ਚਲਾਉਣ। ਇਸ ਸਮੇਂ ਛੋਟੀ ਚੰਗਿਆੜੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਅਜਨਾਲਾ ਦੇ ਨਜ਼ਦੀਕੀ ਪਿੰਡ ਵਿੱਚ ਵਾਪਰਿਆ ਵੱਡਾ ਹਾਦਸਾ
ਦੂਜੇ ਪਾਸੇ ਅਜਨਾਲਾ ਵਿਖੇ ਕੰਬਾਈਨ ਨੂੰ ਹੀ ਅੱਗ ਲੱਗ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੰਬਾਇਨ ਚਾਲਕ ਸੜਕ ‘ਤੇ ਕਿਸੇ ਹੋਰ ਵਾਹਨ ਨੂੰ ਰਸਤਾ ਦੇ ਰਿਹਾ ਸੀ। ਇਸ ਦੌਰਾਨ ਸੰਤੁਲਨ ਬਿਗੜ ਗਿਆ ਅਤੇ ਕੰਬਾਇਨ ਖੇਤਾਂ ਵਿੱਚ ਡਿੱਗ ਪਈ, ਜਿਸ ਨਾਲ ਤੁਰੰਤ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੰਬਾਇਨ ਵਿੱਚ ਪਿਆ ਮੋਟਰਸਾਈਕਲ ਅਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਵੀ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ਵਿੱਚ ਕੰਬਾਇਨ ਚਾਲਕ ਸਮੇਤ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਜ਼ਖ਼ਮੀਆਂ ਦੀ ਹਾਲਤ ਇਸ ਵੇਲੇ ਸਥਿਰ ਹੈ।
ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼
ਹਾਦਸੇ ਤੋਂ ਬਾਅਦ ਪਿੰਡ ਦੇ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਖੇਤਾਂ ਨੂੰ ਜੋਤ ਕੇ ਅੱਗ ਨੂੰ ਫੈਲਣ ਤੋਂ ਰੋਕਿਆ ਗਿਆ, ਜਿਸ ਨਾਲ ਨੇੜਲੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਬਚਾ ਲਿਆ ਗਿਆ ਅਤੇ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ।
ਕੰਬਾਇਨ ਦੇ ਮਾਲਕ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ “ਉਹ ਪਟਿਆਲਾ ਤੋਂ ਆਏ ਸਨ ਅਤੇ ਸਰਹੱਦੀ ਪਿੰਡ ਘੋਗਾ ਵੱਲ ਜਾ ਰਹੇ ਸਨ। ਰਸਤੇ ਵਿੱਚ ਇੱਕ ਵਾਹਨ ਨੂੰ ਸਾਈਡ ਦਿੰਦੇ ਸਮੇਂ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਨਾਲ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।”
ਫਾਇਕ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ “ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ, ਉਹ ਤੁਰੰਤ ਦੋ ਗੱਡੀਆਂ ਨਾਲ ਮੌਕੇ ‘ਤੇ ਪਹੁੰਚ ਗਏ। ਕੰਬਾਈਨ ਵਿੱਚ ਪਏ 50 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਵੀ ਸੜ ਗਏ ਹਨ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।” ਫਿਲਹਾਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ETV BHARAT