ਮਿਲੀ ਕਾਮਯਾਬੀ, ਹੁਣ ਬਾਕੀਆਂ ਨੂੰ ਦੇ ਰਹੇ ਸਿਖਲਾਈ
ਲੁਧਿਆਣਾ ਦੇ ਭੈਣ ਅਤੇ ਭਰਾ ਕਸ਼ਮੀਰੀ ਕੇਸਰ ਦੀ ਖੇਤੀ ਵਿੱਚ ਹੋਏ ਕਾਮਯਾਬ, ਹੁਣ ਹੋਰਾਂ ਨੂੰ ਦੇ ਰਹੇ ਹਨ ਸਿਖਲਾਈ।
18 ਅਪ੍ਰੈਲ, 2026 – ਲੁਧਿਆਣਾ: ਜ਼ੁਲ੍ਹਾ ਲੁਧਿਆਣਾ ਦੇ ਭੈਣ ਭਰਾ ਕੇਸਰ ਦੀ ਖੇਤੀ ਕਰਨ ਵਾਲਿਆਂ ਦੇ ਲਈ ਹੁਣ ਪ੍ਰੇਰਨਾ ਬਣ ਗਏ ਹਨ। ਲੁਧਿਆਣਾ ਵਰਗੇ ਸ਼ਹਿਰ ਵਿੱਚ ਕੇਸਰ ਦੀ ਕਾਮਯਾਬ ਖੇਤੀ ਦੇ ਨਾਲ ਉਨ੍ਹਾਂ ਦੇ ਚਰਚੇ ਪੂਰੇ ਦੇਸ਼ ਵਿੱਚ ਹਨ ਅਤੇ ਵੱਖ-ਵੱਖ ਸੂਬਿਆਂ ਤੋਂ ਲੋਕ ਹੁਣ ਉਨ੍ਹਾਂ ਕੋਲ ਇਹ ਖੇਤੀ ਦਾ ਢੰਗ ਤਕਨੀਕ ਸਿੱਖਣ ਲਈ ਪਹੁੰਚ ਰਹੇ ਹਨ। ਜਿੱਥੇ ਅੱਜ ਪੰਜਾਬ ਦੇ ਨੌਜਵਾਨ ਪੈਸੇ ਕਮਾਉਣ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ। ਉੱਥੇ ਹੀ ਲੁਧਿਆਣਾ ਦੇ ਫੁੱਲਾਂਵਾਲ ‘ਚ ਦੋ ਸਕੇ ਭੈਣ ਭਰਾ ਨੇ ਪੰਜਾਬ ਵਿੱਚ ਰਹਿ ਕੇ ਹੀ ਲੱਖਾਂ ਰੁਪਏ ਕਮਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਦਰਅਸਲ ਇਹ ਦੋਵੇਂ ਭੈਣ ਭਰਾ ਲੁਧਿਆਣਾ ਵਿੱਚ ਹੀ ਕੇਸਰ ਦੀ ਖੇਤੀ ਕਰ ਰਹੇ ਹਨ। ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਆਮਦ ਹੋ ਰਹੀ ਹੈ। ਇੰਨਾ ਹੀ ਨਹੀਂ ਲੜਕੀ ਆਸਤਿਕਾ ਅਤੇ ਉਸ ਦਾ ਭਰਾ ਸ਼ੰਕਰ ਕੇਸਰ ਨੂੰ ਵਿਦੇਸ਼ਾਂ ਤੱਕ ਸਪਲਾਈ ਕਰਨ ਦਾ ਵੀ ਪਲਾਨ ਕਰ ਚੁੱਕੇ ਹਨ। ਲਗਭਗ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਇੰਡੋਰ ਕਸ਼ਮੀਰੀ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਸੀ।
‘ਇਸ ਸਾਲ ਪੂਰੀ ਹੋਵੇਗੀ ਲਾਗਤ‘
ਕੇਸਰ ਦੀ ਖੇਤੀ ਕਰ ਰਹੇ ਸ਼ੰਕਰ ਨਰੂਲਾ ਨੇ ਦੱਸਿਆ ਕਿ “ਦੋ ਸਾਲ ਤੋਂ ਉਹ ਲਗਾਤਾਰ ਕੰਮ ਕਰ ਰਹੇ ਹਨ। ਜਦੋਂ ਉਨ੍ਹਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ ਤਾਂ ਲਗਭਗ 55 ਲੱਖ ਰੁਪਏ ਦੀ ਲਾਗਤ ਆਈ ਸੀ, ਹੁਣ ਚੰਗਾ ਮੁਨਾਫਾ ਹੋ ਰਿਹਾ ਹੈ। ਇਸ ਸਾਲ ਅਸੀਂ ਆਪਣੀ ਲਾਗਤ ਪੂਰੀ ਕਰ ਲਵਾਂਗੇ, ਸਲਾਨਾ 17 ਤੋਂ 18 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ। ਇਸ ਸਾਲ ਆਮਦਨ ਹੋਣ ਦੇ ਨਾਲ ਉਨ੍ਹਾਂ ਦੇ 55 ਲੱਖ ਰੁਪਏ ਦੀ ਲਾਗਤ ਪੂਰੀ ਹੋ ਜਾਵੇਗੀ।”
‘ਪੜ੍ਹਾਈ ਦੇ ਨਾਲ–ਨਾਲ ਗੁੜ ਅਤੇ ਇਮਲੀ ਦੀ ਚਟਨੀ ਦਾ ਕਾਰੋਬਾਰ‘
ਕੇਸਰ ਦੀ ਖੇਤੀ ਕਰ ਰਹੇ ਸ਼ੰਕਰ ਨਰੂਲਾ ਨੇ ਦੱਸਿਆ ਕਿ “ਕੇਸਰ ਦੀ ਖੇਤੀ ਦੇ ਨਾਲ–ਨਾਲ ਉਹ ਐਮਬੀਏ ਦੀ ਪੜ੍ਹਾਈ ਵੀ ਕਰ ਰਿਹਾ ਹੈ। ਕਸ਼ਮੀਰੀ ਕੇਸਰ ਦੇ ਨਾਲ ਹੁਣ ਗੁੜ ਦੀ ਚਟਨੀ ਵੀ ਤਿਆਰ ਕੀਤੀ ਜਾ ਰਹੀ ਹੈ। ਇਹ ਚਟਨੀ ਜਿਵੇਂ ਆਮ ਘਰਾਂ ਦੇ ਵਿੱਚ ਤਿਆਰ ਹੁੰਦੀ ਹੈ। ਸਾਡੇ ਵੱਲੋਂ ਵੀ ਬਿਲਕੁਲ ਉਸੇ ਬਗੈਰ ਕਿਸੇ ਕੇਮੀਕਲ ਤੋਂ ਇਹ ਚੀਜ਼ਾ ਤਿਆਰ ਕੀਤੀਆਂ ਜਾਂਦੀਆਂ ਹਨ। ਕੇਸਰ ਦੀ ਖੇਤੀ ਦਾ ਸੁਝਾਅ ਉਨ੍ਹਾਂ ਦੇ ਪਿਤਾ ਵੱਲੋਂ ਦਿੱਤਾ ਗਿਆ ਸੀ। ਗੁੜ ਅਤੇ ਇਮਲੀ ਦੀ ਚਟਨੀ ਦਾ ਸੁਝਾ ਮਾਤਾ ਵੱਲੋਂ ਦਿੱਤਾ ਗਿਆ ਸੀ।”
ਦੋ ਸਾਲ ਪਹਿਲਾਂ ਜਦੋਂ ਇਸ ਦੀ ਸ਼ੁਰੂਆਤ ਕੀਤੀ ਸੀ ਤਾਂ ਸਾਡੇ ਸਾਹਮਣੇ ਕਾਫੀ ਚੁਣੌਤੀਆਂ ਸਨ। ‘ਸਭ ਤੋਂ ਵੱਡਾ ਚੈਲੇਂਜ ਸਾਡੇ ਲਈ ਇਹ ਸੀ ਕਿ ਕੇਸਰ ਇੱਥੇ ਉਗ ਵੀ ਪਾਵੇਗਾ ਜਾਂ ਨਹੀਂ ਕਿਉਂਕਿ ਇਹ ਠੰਢੇ ਇਲਾਕੇ ਦੀ ਫਸਲ ਹੈ, ਜਦੋਂ ਕਿ ਲੁਧਿਆਣਾ ਵਿੱਚ ਕਾਫੀ ਗਰਮ ਤਾਪਮਾਨ ਰਹਿੰਦਾ ਹੈ ਪਰ ਜਦੋਂ ਅਸੀਂ ਸਿਖਲਾਈ ਲਈ ਅਤੇ ਵੀਡੀਓ ਵੇਖੀਆਂ ਫਿਰ ਸਾਨੂੰ ਮਹਿਸੂਸ ਹੋਇਆ ਕਿ ਇਹ ਕੰਮ ਕੀਤਾ ਜਾ ਸਕਦਾ ਹੈ।–ਸ਼ੰਕਰ ਨਰੂਲਾ, ਕਿਸਾਨ
‘ਅਗਸਤ ਤੋਂ ਨਵੰਬਰ ਤੱਕ ਖੇਤੀ‘
ਸ਼ੰਕਰ ਨਰੂਲਾ ਨੇ ਦੱਸਿਆ ਕਿ, ‘ਕੇਸਰ ਦੀ ਖੇਤੀ ਸਿਰਫ ਚਾਰ ਮਹੀਨੇ ਦੌਰਾਨ ਹੀ ਹੁੰਦੀ ਹੈ। ਸਾਲ ਵਿੱਚ ਸਿਰਫ ਇੱਕ ਵਾਰੀ ਹੀ ਫਸਲ ਲਈ ਜਾ ਸਕਦੀ ਹੈ। ‘ਅਗਸਤ ਮਹੀਨੇ ਤੋਂ ਲੈ ਕੇ ਨਵੰਬਰ ਤੱਕ ਕੇਸਰ ਦੀ ਖੇਤੀ ਹੁੰਦੀ ਹੈ। ‘ਇਸ ਦੀ ਸੈਲਫ ਲਾਈਫ ਲਗਭਗ ਛੇ ਸਾਲ ਦੀ ਹੁੰਦੀ ਹੈ। ਜਦੋਂ ਇੱਕ ਵਾਰੀ ਫਸਲ ਤੋੜ ਲਈ ਜਾਵੇ ਤਾਂ 6 ਸਾਲ ਤੱਕ ਇਸ ਨੂੰ ਕੁਝ ਨਹੀਂ ਹੁੰਦਾ।‘
“ਆਨਲਾਈਨ ਸਾਈਟ ਦੇ ਨਾਲ ਸਾਨੂੰ ਫੋਨ ‘ਤੇ ਵੀ ਆਰਡਰ ਆਉਂਦੇ ਹਨ। ਪਹਿਲਾਂ ਮਾਰਕੀਟਿੰਗ ਵਿੱਚ ਜ਼ਰੂਰ ਮੁਸ਼ਕਿਲ ਆਈ ਪਰ ਬਾਅਦ ਵਿੱਚ ਇਸ ਦੀ ਡਿਮਾਂਡ ਇੰਨੀ ਵੱਧ ਗਈ ਕਿ ਸਾਡੇ ਕੋਲੋਂ ਪੂਰਾੀ ਵੀ ਨਹੀਂ ਹੋ ਰਹੀ ਅਤੇ ਕੇਸਰ ਝੱਟ ਵਿਕ ਜਾਂਦਾ ਹੈ ਕਿਉਂਕਿ ਸ਼ਹਿਰਾਂ ਵਿੱਚ ਕੇਸਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਪਰ ਇਸ ਦੀ ਉਪਜ ਬਹੁਤ ਘੱਟ ਹੋ ਰਹੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦੀ ਗੁਣਵੱਤਾ ਨੂੰ ਹੋਰ ਸੁਧਾਰ ਕੇ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਐਕਸਪੋਰਟ ਕਰੀਏ।” – ਸ਼ੰਕਰ ਨਰੂਲਾ,ਕਿਸਾਨ
‘ਆਧੁਨਿਕ ਤਕਨੀਕਾਂ ਦੀ ਮਦਦ ਨਾਲ ਖੇਤੀ‘
ਸ਼ੰਕਰ ਨੇ ਦੱਸਿਆ ਕਿ “ਕੇਸਰ ਦੀ ਖੇਤੀ ਠੰਢੇ ਇਲਾਕੇ ਵਿੱਚ ਹੁੰਦੀ ਹੈ। ਖ਼ਾਸ ਕਰਕੇ ਕਸ਼ਮੀਰ ਦੇ ਵਿੱਚ ਹੀ ਕੇਸਰ ਲਾਇਆ ਜਾਂਦਾ ਹੈ ਜਿੱਥੇ ਤਾਪਮਾਨ 20 ਡਿਗਰੀ ਤੋਂ ਵੀ ਹੇਠਾਂ ਰਹਿੰਦਾ ਹੈ ਪਰ ਦੂਜੇ ਪਾਸੇ ਪੰਜਾਬ ਵਰਗੇ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਅਪ੍ਰੈਲ ਤੋਂ ਲੈ ਕੇ ਅਗਸਤ ਮਹੀਨੇ ਤੱਕ ਲਗਭਗ 40 ਤੋਂ 45 ਡਿਗਰੀ ਤੱਕ ਵੀ ਰਹਿੰਦਾ ਹੈ। ਪਰ ਅਗਸਤ ਮਹੀਨੇ ਵਿੱਚ ਹੀ ਇਸ ਦੀ ਫਸਲ ਲਾਈ ਜਾਂਦੀ ਹੈ। ਜਦੋਂ ਤਾਪਮਾਨ ਲਗਭਗ 40 ਡਿਗਰੀ ਦੇ ਨੇੜੇ ਹੁੰਦਾ ਹੈ। ਇੰਡੋਰ ਪਲਾਂਟ ਵਿੱਚ ਏਸੀ ਲਗਾ ਕੇ ਤਾਪਮਾਨ 20 ਤੋਂ 22 ਡਿਗਰੀ ਤੱਕ ਸਥਿਰ ਬਣਾਈ ਰੱਖਿਆ ਜਾਂਦਾ ਹੈ। ਜਿਸ ਨਾਲ ਕੇਸਰ ਦੀ ਖੇਤੀ ਹੁੰਦੀ ਹੈ। ਇਸ ਤੋਂ ਇਲਾਵਾ ਐਲਈਡੀ ਬਲਬ ਇਸ ਖੇਤੀ ਵਿੱਚ ਬਹੁਤ ਮਾਇਨੇ ਰੱਖਦੇ ਹਨ ਜੋ ਸੂਰਜ ਦੀ ਰੋਸ਼ਨੀ ਵਰਗੀ ਲਾਈਟ ਉਨ੍ਹਾਂ ਨੂੰ ਪ੍ਰਦਾਨ ਕਰਦੇ ਹਨ। ਪਿੰਕ ਲਾਈਟ ਅਤੇ ਨੀਲੀ ਲਾਈਟ ਦਾ ਇਸਤੇਮਾਲ ਹੋਣ ਦੇ ਨਾਲ ਕੇਸਰ ਦਾ ਰੰਗ ਹੋਰ ਗੂੜਾ ਹੋ ਜਾਂਦਾ ਹੈ ਅਤੇ ਇਸ ਦੀ ਮੰਗ ਅਤੇ ਕੀਮਤ ਵੀ ਵੱਧ ਜਾਂਦੀ ਹੈ।”
“ਕੇਸਰ ਦੀ ਖੇਤੀ ਲਈ 4 ਮੁੱਖ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਤਾਪਮਾਨ, ਲਾਈਨ, ਕਾਰਬਨਡਾਈਆਕਸਾਈਡ, ਨਮੀ (humidity) ਜ਼ਿਆਦਾ ਜਰੂਰੀ ਹੁੰਦੇ ਹਨ। ਤਾਪਮਾਨ ਲਈ ਏਸੀ ਲਗਾਏ ਹੋਏ ਹਨ। ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪਿੰਕ ਅਤੇ ਨੀਲੇ ਰੰਗ ਦੀਆਂ ਲਾਈਨਾਂ ਲਗਾਈਆਂ ਗਈਆਂ ਹਨ। CO2 ਦਾ ਵੀ ਓਨਾ ਹੀ ਪ੍ਰਬੰਧ ਕੀਤਾ ਗਿਆ ਹੈ, ਜਿੰਨਾਂ ਕੇਸਰ ਦੀ ਖੇਤੀ ਲਈ ਚੰਗਾ ਹੁੰਦਾ ਹੈ।“ –ਸ਼ੰਕਰ ਨਰੂਲਾ
ਸਿਖਲਾਈ ਦੇ ਰਹੇ ਸ਼ੰਕਰ, 7 ਲੋਕਾਂ ਨੂੰ ਦਿੱਤਾ ਰੁਜ਼ਗਾਰ
ਸ਼ੰਕਰ ਨਰੂਲਾ ਹੁਣ ਸਿਰਫ ਖੁਦ ਕੇਸਰ ਦੀ ਖੇਤੀ ਨਹੀਂ ਕਰ ਰਹੇ ਸਗੋਂ ਬਾਕੀਆਂ ਲਈ ਵੀ ਸੇਧ ਬਣ ਗਏ ਹਨ। ਲੋਕ ਇਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਕੇ ਦੂਰ-ਦੂਰ ਤੋਂ ਸਿਖਲਾਈ ਲੈਣ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲਗਭਗ ਆਪਣੇ ਪਲਾਂਟ ਉੱਤੇ 7 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ, ਜੋ ਇਸ ਦੀ ਪੈਕਿੰਗ ਆਦੀ ਕਰਦੇ ਹਨ।
ਸਿਖਲਾਈ ਲੈਣ ਪਹੁੰਚਿਆ ਜੰਮੂ ਦਾ ਸ਼ਖ਼ਸ
ਅੱਜ ਵੀ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਤੌਰ ‘ਤੇ ਆਏ ਸ਼ਖਸਮ ਨੁਪਾਲ ਨੇ ਦੱਸਿਆ ਕਿ “ਉਹ ਜੰਮੂ ਕਸ਼ਮੀਰ ਤੋਂ ਆਇਆ ਹੈ ਅਤੇ ਕੇਸਰ ਦੀ ਖੇਤੀ ਨਾਲ ਉਸ ਦਾ ਕੋਈ ਵੀ ਪਿਛੋਕੜ ਨਹੀਂ ਹੈ ਪਰ ਉਹ ਕੇਸਰ ਦੀ ਖੇਤੀ ਕਰਨਾ ਚਾਹੁੰਦਾ ਹੈ। ਉਹ ਇਨ੍ਹਾਂ ਦੋਵਾਂ ਭੈਣਾਂ ਭਰਾਵਾਂ ਤੋਂ ਕਾਫੀ ਪ੍ਰਭਾਵਿਤ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਵੀਡੀਓ ਵੇਖ ਕੇ ਇੱਥੇ ਪਹੁੰਚੇ ਹਨ। ਪੂਰੇ ਸੈਸ਼ਨ ਦੇ ਵਿੱਚ ਕੁਝ ਫੀਸ ਵੀ ਰੱਖੀ ਗਈ ਹੈ, ਲਗਭਗ ਦੋ ਤੋਂ ਢਾਈ ਘੰਟੇ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵਿੱਚ ਕੀ ਫਾਇਦੇ, ਕੀ ਨੁਕਸਾਨ ਅਤੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਇਸ ਬਾਰੇ ਵੀ ਸਿਖਲਾਈ ਦਿੱਤੀ ਜਾ ਰਹੀ ਹੈ।”
“ਇਸ ‘ਤੇ ਅਸੀਂ ਜ਼ਰੂਰ ਕੰਮ ਕਰਾਂਗੇ, ਪ੍ਰਾਜੈਕਟ ਸ਼ੁਰੂ ਕਰਾਂਗੇ ਭਾਵੇਂ ਥੋੜ੍ਹੇ ਤੋਂ ਕਰੀਏ ਪਰ ਇੱਕ ਵਾਰੀ ਸ਼ੁਰੂਆਤ ਜ਼ਰੂਰ ਕਰਾਂਗੇ। ਇਹ ਦੋਵੇਂ ਭੈਣ ਭਰਾ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਸਾਨੂੰ ਖੁਸ਼ੀ ਹੈ ਕਿ ਇੰਨੀ ਘੱਟ ਉਮਰ ਦੇ ਵਿੱਚ ਇਨ੍ਹਾਂ ਨੇ ਕੇਸਰ ਦੀ ਖੇਤੀ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਕਰਕੇ ਕਾਮਯਾਬੀ ਹਾਸਿਲ ਕੀਤੀ ਹੈ।” –ਮਨੁਪਾਲ
ETV BHARAT