ਕੀਤੇ ਵੱਡੇ ਐਲਾਨ, 4 ਮਈ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਹੋਣਗੇ ਫਰੀ
ਕਪੂਰਥਲਾ ਵਿਖੇ ਕਿਸਾਨਾਂ ਨੇ ਬਿਜਲੀ ਦਫਤਰ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ।
28 ਅਪ੍ਰੈਲ, 2026 – ਕਪੂਰਥਲਾ/ਫਿਰੋਜ਼ਪੁਰ : ਬਿਜਲੀ ਦੀ ਘਾਟ ਨੇ ਕਪੂਰਥਲਾ ਜ਼ਿਲ੍ਹੇ ਦੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਨੂੰ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਫ਼ਸਲਾਂ ਦੇ ਸੁੱਕਣ ਕਾਰਨ ਪਰੇਸ਼ਾਨ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪਾਵਰਕਾਮ ਦੇ ਕਪੂਰਥਲਾ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਹੋਣ ਕਾਰਨ ਸਬਜ਼ੀਆਂ ਹੇਠਲਾ ਵੱਡਾ ਰਕਬਾ ਪ੍ਰਭਾਵਿਤ ਹੋ ਰਿਹਾ ਹੈ। ਪਾਣੀ ਦੀ ਕਮੀ ਨਾਲ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਹੁਣ ਸੁੱਕਣ ਲੱਗ ਪਈਆਂ ਹਨ। ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘ਖੇਤੀਬਾੜੀ ਲੋੜਾਂ ਲਈ 4 ਘੰਟੇ ਬਿਜਲੀ ਦੇਣਾ ਘੱਟ‘
ਧਰਨੇ ਦੌਰਾਨ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਬੰਨ੍ਹੇਮੱਲ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਹਕੀਕਤ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਦਿਨ ਦੇ ਕੇਵਲ ਚਾਰ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਜੋ ਕਿ ਖੇਤੀਬਾੜੀ ਦੀ ਲੋੜਾਂ ਲਈ ਬਹੁਤ ਘੱਟ ਹੈ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਇਸ ਚਾਰ ਘੰਟਿਆਂ ਵਿੱਚ ਵੀ ਵਾਰ-ਵਾਰ ਕੱਟਾਂ ਅਤੇ ਤਕਨੀਕੀ ਖ਼ਰਾਬੀਆਂ ਕਾਰਨ ਸਿੰਜਾਈ ਕੰਮ ਠੱਪ ਹੋ ਜਾਂਦਾ ਹੈ।
ਕਿਸਾਨਾਂ ਨੇ ਦਿੱਤੀ ਚਿਤਾਵਨੀ
ਕਿਸਾਨਾਂ ਨੇ ਸਪੱਸ਼ਟ ਮੰਗ ਰੱਖੀ ਕਿ ਸਬਜ਼ੀਆਂ ਦੀ ਫ਼ਸਲ ਨੂੰ ਬਚਾਉਣ ਲਈ ਘੱਟੋ-ਘੱਟ 8 ਘੰਟੇ ਲਗਾਤਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਨਹੀਂ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਬਿਜਲੀ ਸਪਲਾਈ ਵਧਾਉਣ ਬਾਰੇ ਲਿਖਤੀ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਪ੍ਰਸ਼ਾਸਨ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ। ਪਰ ਲੰਬੀ ਚੱਲੀ ਮੀਟਿੰਗ ਦੇ ਬਾਵਜੂਦ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਅਧਿਕਾਰੀਆਂ ਵੱਲੋਂ ਸਪੱਸ਼ਟ ਭਰੋਸਾ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਨਰਾਜ਼ਗੀ ਹੋਰ ਵਧ ਗਈ।
‘ਫਿਰੋਜ਼ਪੁਰ ਵਿੱਚ ਕਿਸਾਨਾਂ ਦਾ ਐਲਾਨ‘
ਫ਼ਿਰੋਜਪੁਰ ਵਿੱਚ ਅੱਜ ਅਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਮਹੱਤਵਪੂਰਨ ਮੀਟਿੰਗ ਦੌਰਾਨ ਕਈ ਵੱਡੇ ਫ਼ੈਸਲੇ ਅਤੇ ਐਲਾਨ ਕੀਤੇ ਗਏ ਹਨ। ਮੋਰਚੇ ਦੇ ਆਗੂ ਜਸਬੀਰ ਸਿੰਘ, ਤਰਨਜੀਤ ਸਿੰਘ ਨਿਮਾਣਾ ਅਤੇ ਸੁੱਖ ਗਿੱਲ ਮੋਗਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ, ‘ਜੇ ਅਬਾਦਕਾਰ ਕਿਸਾਨਾਂ ਨੂੰ 30 ਅਪ੍ਰੈਲ ਤੱਕ ਮੁਆਵਜ਼ਾ ਜਾਰੀ ਨਾ ਕੀਤਾ ਗਿਆ ਤਾਂ 4 ਮਈ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਮੁਫ਼ਤ ਕਰ ਦਿੱਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਦੀ ਜ਼ਮੀਨ ਵਿੱਚ ਪਈ ਰੇਤ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ।
ਬਿਜਲੀ ਕੱਟਾਂ ’ਤੇ ਜਤਾਈ ਨਾਰਾਜ਼ਗੀ
ਕਿਸਾਨ ਆਗੂਆਂ ਨੇ ਕਿਹਾ ਕਿ ਬੀਬੀਐਮਬੀ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਦੀ ਕੋਝੀ ਸਾਜ਼ਿਸ਼ ਨੂੰ ਰੱਦ ਕੀਤਾ ਜਾਵੇ ਅਤੇ ਸੂਬੇ ਨੂੰ ਮੁੜ ਬਹਾਲ ਕੀਤਾ ਜਾਵੇ। ਬਿਜਲੀ ਕੱਟਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 10 ਮਈ ਨੂੰ ਸੂਬੇ ਭਰ ਵਿੱਚ ਐਕਸੀਅਨ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਫਿਰੋਜ਼ਪੁਰ ਰੇਲ ਪੱਟੀ ਲਿੰਕ ਨੂੰ ਲੈਕੇ ਕਿਸਾਨਾਂ ਨੇ ਕਿਹਾ ਕਿ ਮੱਲਾਂ ਵਾਲੇ ਤੋਂ ਘਰਿਆਲਾ ਸਟੇਸ਼ਨ ਵੱਲ ਬਣ ਰਹੀ ਰੇਲਵੇ ਲਾਈਨ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਲਈ ਸਵਾ ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਯੋਗ ਮੁੱਲ ਮਿਲਣਾ ਚਾਹੀਦਾ ਹੈ।
ETV BHARAT