ਲੁਧਿਆਣਾ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਚਾਇਤਾਂ ਵੱਲੋਂ ਡੀਸੀ ਨੂੰ ਦਿੱਤੇ ਮੰਗ ਪੱਤਰ ਦਿੱਤੇ ਹਨ।
07 ਮਈ, 2026 – ਲੁਧਿਆਣਾ: ਲੁਧਿਆਣਾ ਦੇ ਸਤਲੁਜ ਦਰਿਆ ਨਾਲ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ 20 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਸਰਪੰਚਾਂ ਸਮੇਤ ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਿਕਾਇਤ ਪੱਤਰ ਸੌਂਪਿਆ ਹੈ। ਜਿਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਹਾਲੇ ਵੀ ਧੜੱਲੇ ਨਾਲ ਗੈਰ ਕਾਨੂੰਨੀ ਤੌਰ ਉੱਤੇ ਮਾਈਨਿੰਗ ਹੋ ਰਹੀ ਹੈ, ਜਿਸ ਨਾਲ ਦਰਿਆ ਨੂੰ ਮੁੜ ਤੋਂ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹੜ੍ਹਾਂ ਤੋਂ ਹਾਲੇ ਤੱਕ ਪਿੰਡਾਂ ਦੇ ਲੋਕਾਂ ਨੂੰ ਰਾਹਤ ਨਹੀਂ ਮਿਲੀ ਪਰ ਬਾਵਜੂਦ ਇਸ ਦੇ ਪ੍ਰਭਾਵਿਤ ਹੋਣ ਤੋਂ ਪਹਿਲਾਂ ਹੀ ਪਿੰਡ ਦੇ ਲੋਕ ਇਸ ਦੇ ਵਿਰੋਧ ਵਿੱਚ ਹਨ। ਹਾਲਾਂਕਿ ਡਿਪਟੀ ਕਮਿਸ਼ਨਰ ਨੇ ਇਸ ਨੂੰ ਰੁਕਵਾਉਣ ਅਤੇ ਕਾਰਵਾਈ ਦੀ ਗੱਲ ਆਖੀ ਹੈ।
“25 ਤੋਂ ਵੱਧ ਪਿੰਡਾਂ ਦੇ ਸਰਪੰਚਾਂ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਦਿੱਤਾ ਮੈਮੋਰੰਡਮ“
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ “ਅੱਜ 25 ਤੋਂ ਵੱਧ ਪਿੰਡਾਂ ਦੇ ਸਰਪੰਚਾਂ ਨਾਲ ਮਿਲ ਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਦਿੱਤਾ ਹੈ। ਜਿਸ ਵਿੱਚ ਗੈਰ ਕਾਨੂੰਨੀ ਮਾਈਨਿੰਗ ਸਮੇਤ ਸਤਲੁਜ ਦਰਿਆ ਨੂੰ ਡੈਮੇਜ ਕਰਨ ਦਾ ਮੁੱਦਾ ਹੈ, ਇਸ ਬਾਰੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇੱਕ ਹਫਤੇ ਦੇ ਦਰਮਿਆਨ ਹੀ ਉਹ ਇਸ ਮਾਈਨਿੰਗ ਦੀ ਪ੍ਰਕਿਰਿਆ ਨੂੰ ਬੰਦ ਕਰਵਾਉਣਗੇ।” ਹਾਲਾਂਕਿ ਬਲੀਏਵਾਲ ਨੇ ਜ਼ਿਕਰ ਕੀਤਾ ਕਿ ਜੇਕਰ ਇਸ ‘ਤੇ ਰੋਕ ਨਾ ਲੱਗੀ ਤਾਂ ਉਹ ਪੱਕਾ ਟੈਂਟ ਲਾ ਕੇ ਗੱਡੀਆਂ ਰੋਕਣ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ।
“ਜਿਹੜਾ ਵੀ ਕੋਈ ਵਿਅਕਤੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਕੀਤੀ ਜਾਵੇਗੀ ਕਾਰਵਾਈ“
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਜੋ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਉਸ ਦੇ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਸਬੰਧੀ ਐਕਸ਼ਨ ਲੈਣਗੇ। ਜਿਹੜਾ ਵੀ ਕੋਈ ਵਿਅਕਤੀ ਇਸ ਵਿੱਚ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬੰਨ੍ਹ ਦਾ ਕੰਮ ਚੱਲ ਰਿਹਾ ਹੈ ਇਨ੍ਹਾਂ ਪਿੰਡਾਂ ਦਾ ਦੂਜਾ ਪਾਸਾ ਦਰਿਆ ਪਾਰ ਹੈ ਜੋਕੇ ਖੰਨਾ ਦੇ ਅਧੀਨ ਆਉਂਦਾ ਹੈ, ਉਨ੍ਹਾਂ ਕਿਹਾ ਕਿ ਅਸੀਂ ਖੰਨਾ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਸੂਚਿਤ ਕਰਨਗੇ। ਡੀਸੀ ਨੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਮਾਈਨਿੰਗ ਉੱਥੇ ਹੋ ਰਹੀ ਹੈ ਤਾਂ ਫਿਰ ਟਿੱਪਰ ਚਾਲਕਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਵੇਗੀ।
ETV BHARAT