ਫੈਕਟਰੀਆਂ ‘ਚ ਖੁਦ ਜਾ ਕੇ ਕੰਮ ਕਰ ਰਹੇ ਕਾਰੋਬਾਰੀ
ਪੰਜਾਬ ਦੀਆਂ ਇੰਡਸਟਰੀਆਂ ਵਿੱਚ ਲੇਬਰ ਦੀ ਕਮੀ ਨਾਲ ਜੂਝ ਰਹੇ ਕਾਰੋਬਾਰੀ
07 ਮਈ, 2026 – ਲੁਧਿਆਣਾ: ਪੰਜਾਬ ਵਿੱਚ ਆਗਾਮੀ ਸੀਜ਼ਨ ਝੋਨੇ ਦਾ ਹੈ ਪਰ ਹੁਣ ਤੋਂ ਹੀ ਲੇਬਰ ਦੀ ਕਮੀ ਨਾਲ ਪੰਜਾਬ ਦੀ ਸਨਅਤ ਜੂਝ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਜਿੱਥੇ 10 ਲੋਕਾਂ ਦਾ ਕੰਮ ਸੀ, ਉੱਥੇ 4 ਲੋਕ ਹੀ ਕੰਮ ਕਰ ਰਹੇ ਹਨ। ਲੇਬਰ ਦੇ ਨਾਲ ਸੰਬੰਧਿਤ ਸੂਬਿਆਂ ਵਿੱਚ ਲਗਾਤਾਰ ਵੱਧ ਰਹੀ ਇੰਡਸਟਰੀ, ਬਿਜਲੀ ਦੇ ਲੱਗ ਰਹੇ ਕੱਟ, ਰਹਿਣ ਸਹਿਣ ਮਹਿੰਗਾ, ਸਿਲੰਡਰ ਦੀ ਕਿੱਲਤ, ਹੋਰ ਕੰਮ ਦੇ ਵਿੱਚ ਜਿਆਦਾ ਮੁਨਾਫਾ ਹੋਣਾ ਆਦੀ ਕਾਰਨਾਂ ਕਰਕੇ ਇੰਡਸਟਰੀ ਨੂੰ ਲੇਬਰ ਨਹੀਂ ਮਿਲ ਰਹੀ ਹੈ। ਖਾਸ ਕਰਕੇ ਹੌਜ਼ਰੀ ਇੰਡਸਟਰੀ ਦੇ ਨਾਲ ਸਾਈਕਲ ਅਤੇ ਸਾਈਕਲ ਪਾਰਟ ਇੰਡਸਟਰੀ, ਫਰਨੈਸ, ਸਟੀਲ, ਡਾਈਂਗ ਆਦੀ ਦੇ ਵਿੱਚ ਮਜ਼ਦੂਰਾਂ ਦੀ ਭਾਰੀ ਕਮੀ ਹੈ।
“ਆਪਣੇ ਸੂਬਿਆਂ ਦੇ ਵਿੱਚ ਵਾਪਸ ਜਾ ਰਹੀ ਲੇਬਰ“
ਯੂਸੀਪੀਐਮਏ ਦੇ ਕਨਵੀਨਰ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ “ਹੁਣ ਲੇਬਰ ਕਾਰਖਾਨਿਆਂ ਦੇ ਵਿੱਚ ਕੰਮ ਕਰਨ ਵਿੱਚ ਰੁਚੀ ਨਹੀਂ ਲੈ ਰਹੀ ਹੈ ਕਿਉਂਕਿ ਰਹਿਣਾ–ਸਹਿਣ ਬਹੁਤ ਮਹਿੰਗਾ ਹੋ ਚੁੱਕਾ ਹੈ। ਜਿਸ ਕਰਕੇ ਲੇਬਰ ਜਾਂ ਤਾਂ ਆਪਣੇ ਸੂਬਿਆਂ ਦੇ ਵਿੱਚ ਵਾਪਸ ਜਾ ਰਹੀ ਹੈ ਜਾਂ ਫਿਰ ਹੋਰਨਾ ਕੰਮਾਂ ਵਿੱਚ ਲੱਗ ਗਈ ਹੈ, ਫਿਰ ਭਾਵੇਂ ਉਹ ਈ–ਰਿਕਸ਼ਾ ਚਲਾਉਣਾ ਹੋਵੇ, ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਹੋਣ ਜਾਂ ਫਿਰ ਕੋਈ ਹੋਰ ਖਾਣ–ਪੀਣ ਦਾ ਕੰਮ ਹੋਵੇ, ਇਹ ਲੋਕ ਉਨ੍ਹਾਂ ਕੰਮਾਂ ਵਿੱਚ ਜ਼ਿਆਦਾ ਮੁਨਾਫਾ ਵੇਖ ਰਹੇ ਹਨ। ਪੰਜਾਬ ਵਿੱਚ ਆਉਣ ਵਾਲੀ ਲੇਬਰ ਨੂੰ ਆਪਣੇ ਇਲਾਕਿਆਂ ਵਿੱਚ ਹੀ ਹੁਣ ਕੰਮ ਮਿਲ ਰਿਹਾ ਹੈ, ਜਿਸ ਕਰਕੇ ਉਹਨਾਂ ਦਾ ਰੁਝਾਨ ਪੰਜਾਬ ਵਿੱਚ ਘੱਟ ਰਿਹਾ ਹੈ, ਜਿਸ ਦਾ ਅਸਰ ਸਿੱਧੇ ਤੌਰ ਉੱਤੇ ਇੰਡਸਟਰੀ ਦੀ ਪ੍ਰੋਡਕਸ਼ਨ ਉੱਤੇ ਪੈ ਰਿਹਾ ਹੈ।”
“ਪ੍ਰੋਡਕਸ਼ਨ ‘ਤੇ 60 ਫੀਸਦੀ ਤੱਕ ਦਾ ਪੈ ਚੁੱਕਾ ਹੈ ਅਸਰ“
ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ “ਇਸ ਸਮੇਂ ਇੰਡਸਟਰੀ ਲੇਬਰ ਦੀ ਸਮੱਸਿਆ ਕਾਰਨ ਜੂਝ ਰਹੀ ਹੈ। ਪ੍ਰੋਡਕਸ਼ਨ ‘ਤੇ 60 ਫੀਸਦੀ ਤੱਕ ਦਾ ਅਸਰ ਪੈ ਚੁੱਕਾ ਹੈ, ਜਦੋਂ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਛਪਦੀਆਂ ਹਨ ਤਾਂ ਉਸ ਤੋਂ ਬਾਅਦ ਲੇਬਰ ਦੀ ਸਮੱਸਿਆ ਹੋਰ ਵੱਧਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਲੇਬਰ ਪੈਸੇ ਜਿਆਦਾ ਮੰਗਦੀ ਹੈ। ਇੰਡਸਟਰੀ ਬਹੁਤ ਮੁਸ਼ਕਿਲ ਨਾਲ ਇਸ ਸਮੱਸਿਆ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪ੍ਰੋਡਕਸ਼ਨ ਘਾਟਾ ਵੱਡਾ ਹੁੰਦਾ ਜਾ ਰਿਹਾ ਹੈ। ਜਿਸ ਦਾ ਇੱਕ ਵੱਡਾ ਕਾਰਨ ਲੇਬਰ ਨਾ ਮਿਲਣਾ ਹੈ।”
“ਫੈਕਟਰੀ ਦੇ ਵਿੱਚ ਆ ਕੇ ਉਹਨਾਂ ਨੂੰ ਖੁਦ ਕੰਮ ਕਰਨਾ ਪਿਆ“
ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਰਹੇ ਡੀਐਸ ਚਾਵਲਾ ਨੇ ਕਿਹਾ ਕਿ “ਅੱਜ ਫੈਕਟਰੀ ਦੇ ਵਿੱਚ ਆ ਕੇ ਉਹਨਾਂ ਨੂੰ ਖੁਦ ਕੰਮ ਕਰਨਾ ਪਿਆ, ਪੈਕਿੰਗ ਅਤੇ ਸੈਕਸ਼ਨ ਵਿੱਚ ਇਕੱਲੀਆਂ ਮਹਿਲਾਵਾਂ ਹੀ ਕੰਮ ਕਰ ਰਹੀਆਂ ਹਨ। ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਹੋਰ ਪੁਰਸ਼ ਨੂੰ ਉੱਥੇ ਨਹੀਂ ਲਾਇਆ ਜਾਂਦਾ, ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਇਸ ਕਰਕੇ ਅੱਜ ਉਹਨਾਂ ਵੱਲੋਂ ਖੁਦ ਪੈਕਿੰਗ ਦੇ ਸੈਕਸ਼ਨ ਦੇ ਵਿੱਚ ਜਾ ਕੇ ਕੰਮ ਕਰਨਾ ਪਿਆ।”
ਡੀਐਸ ਚਾਵਲਾ ਸਾਈਕਲ ਪਾਰਟ ਬਣਾਉਂਦੇ ਹਨ, ਉਹਨਾਂ ਦੀ ਫੈਕਟਰੀ ਦੇ ਵਿੱਚ ਸਾਈਕਲ ਦੇ ਪਲਾਸਟਿਕ ਮਗਰਾਟ ਬਣਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਲੇਬਰ ਦੀ ਸਮੱਸਿਆ ਦੇ 2 ਵੱਡੇ ਕਾਰਨ ਹਨ। ਪਹਿਲਾ ਕਾਰਨ ਲੇਬਰ ਨੂੰ ਰਹਿਣ ਸਹਿਣ ਦੇ ਵਿੱਚ ਆ ਰਹੀਆਂ ਦਿੱਕਤਾਂ ਕਾਰਨ ਉਹ ਆਪਣੇ ਸੂਬਿਆਂ ਨੂੰ ਵਾਪਸ ਜਾ ਰਹੇ ਨੇ ਸਿਲੰਡਰ ਮਹਿੰਗਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਲੋਕਲ ਕੰਮ ਮਿਲਣਾ ਸ਼ੁਰੂ ਹੋ ਚੁੱਕਾ, ਜਿਸ ਕਰਕੇ ਲੇਬਰ ਹੁਣ ਪੰਜਾਬ ਛੱਡ ਰਹੀ ਹੈ।
“ਜਿੱਥੇ 10 ਮਜ਼ਦੂਰ ਕੰਮ ਕਰਦੇ ਸਨ, ਉੱਥੇ ਹੁਣ 4 ਤੋਂ 5 ਮਜ਼ਦੂਰ ਰਹਿ ਗਏ ਹਨ“
ਦਾਸ ਬ੍ਰੇਕ ਦੇ ਮੁਖੀ ਜਿੰਨ੍ਹਾਂ ਦੀਆਂ ਬ੍ਰੇਕ ਪਾਰਟਸ ਲਗਭਗ ਸਾਰੀ ਹੀ ਸਾਈਕਲ ਇੰਡਸਟਰੀ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਂ ਹੀ ਇੰਡਸਟਰੀ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਸੀ ਅਤੇ ਹੁਣ ਲੇਬਰ ਦੀ ਵੱਡੀ ਸਮੱਸਿਆ ਸਾਡੇ ਸਾਹਮਣੇ ਆ ਚੁੱਕੀ ਹੈ। ਮੌਜੂਦਾ ਸਮੇਂ ਦੇ ਵਿੱਚ ਸਿਰਫ 40 ਫੀਸਦੀ ਹੀ ਪ੍ਰੋਡਕਸ਼ਨ ਹੋ ਰਹੀ ਹੈ, ਜਿੱਥੇ 10 ਮਜ਼ਦੂਰ ਕੰਮ ਕਰਦੇ ਸਨ, ਉੱਥੇ ਹੁਣ 4 ਤੋਂ 5 ਮਜ਼ਦੂਰ ਰਹਿ ਗਏ ਹਨ। ਪੰਜਾਬੀ ਲੇਬਰ ਪੈਸੇ ਜਿਆਦਾ ਮੰਗਣ ਦੇ ਨਾਲ ਕੰਮ ਵੀ ਘੱਟ ਕਰਦੀ ਹੈ। ਇਸ ਤੋਂ ਇਲਾਵਾ ਪੰਜਾਬੀ ਲੇਬਰ ਦੀ ਵੀ ਸਮੱਸਿਆ ਹੈ ਪ੍ਰਵਾਸੀ ਲੇਬਰ ਤਾਂ ਬਿਲਕੁਲ ਵੀ ਨਹੀਂ ਮਿਲ ਰਹੀ ਆਗਾਮੀ ਸੀਜ਼ਨ ਝੋਨੇ ਦਾ ਹੈ ਅਜਿਹੇ ਦੇ ਵਿੱਚ ਹੋਰ ਸਮੱਸਿਆਵਾਂ ਸਿਰਫ ਸਾਨੂੰ ਨਹੀਂ ਕਿਸਾਨਾਂ ਨੂੰ ਵੀ ਦਰਪੇਸ਼ ਆ ਸਕਦੀਆਂ ਹਨ।
ETV BHARAT