ਪੰਜਾਬ ’ਚ ਇੱਕ ਤੋਂ ਬਾਅਦ ਇੱਕ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਹਨ, ਕਿਤੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨੂੰ ਅਤੇ ਹੁਣ…
07 ਮਈ, 2026 – ਲੁਧਿਆਣਾ: ਪੰਜਾਬ ਦੇ ਸਿਆਸਤਦਾਨਾਂ ਨੂੰ ਨਿੱਤ ਗੈਂਗਸਟਰਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਪਾਇਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਮਨਵਿੰਦਰ ਗਿਆਸਪੁਰਾ ਨੂੰ ਧਮਕੀ ਭਰਿਆ ਫੋਨ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਿਧਾਇਕ ਮੁਤਾਬਕ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਫੋਨ ਕਰਨ ਵਾਲੇ ਕਥਿਤ ਤੌਰ ’ਤੇ ਚਿਤਾਵਨੀ ਦੇ ਰਹੇ ਹਨ ਕਿ ਉਹ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ। ਵਿਦੇਸ਼ ਵਿੱਚ ਬੈਠੇ ਗੈਂਗਸਟਰ ਬਲਵਿੰਦਰ ਉਰਫ ਡੋਨੀ ਬਲ ਦੇ ਨਾਮ ’ਤੇ ਮਨਵਿੰਦਰ ਗਿਆਸਪੁਰਾ ਨੂੰ ਇਹ ਧਮਕੀਆਂ ਮਿਲ ਰਹੀਆਂ ਹਨ। ਕੌਮਾਂਤਰੀ ਨੰਬਰ ਤੋਂ ਇਹ ਧਮਕੀਆਂ ਮਿਲਣ ਕਰਕੇ ਐਮਐਲਏ ਵੱਲੋਂ ਡੀਜੀਪੀ ਪੰਜਾਬ ਨੂੰ ਬੀਤੇ ਦਿਨੀ ਇੱਕ ਪੱਤਰ ਵੀ ਲਿਖਿਆ ਗਿਆ ਤੇ ਪੂਰਾ ਮਾਮਲਾ ਗੌਰਵ ਯਾਦਵ ਦੇ ਧਿਆਨ ਵਿੱਚ ਲਿਆਂਦਾ ਗਿਆ।
MLA ਗਿਆਸਪੁਰਾ ਨੂੰ ਧਮਕੀ
ਗਿਆਸਪੁਰਾ ਵੱਲੋਂ ਪੱਤਰ ਵਿੱਚ ਲਗਾਤਾਰ ਉਸ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜ਼ਿਕਰ ਕੀਤਾ ਗਿਆ ਹੈ ਅਤੇ ਜਿੰਨ੍ਹਾਂ ਨੰਬਰਾਂ ਤੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਉਸ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਡੀਜੀਪੀ ਪੰਜਾਬ ਨੂੰ ਉਨ੍ਹਾਂ ਵੱਲੋਂ ਇਸ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ 10 ਅਪ੍ਰੈਲ ਨੂੰ ਵਿਧਾਇਕ ਦੇ ਹਲਕੇ ਦੇ ਹੀ ਇੱਕ ਏਜੰਟ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਸੀ ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਦਾ ਵਧਾ ਦਿੱਤੀ ਗਈ ਪਰ 15 ਅਪ੍ਰੈਲ ਨੂੰ ਕੁਝ ਹਮਲਾਵਰਾਂ ਨੇ ਅਨਾਜ ਮੰਡੀ ਦੇ ਵਿੱਚ ਸਥਿਤ ਇੱਕ ਦੁਕਾਨ ’ਤੇ ਫਾਇਰਿੰਗ ਕਰ ਦਿੱਤੀ। ਐਮਐਲਏ ਗਿਆਸਪੁਰਾ ਨੇ ਕਿਹਾ ਕਿ ਧਮਕੀਆਂ ਲਗਾਤਾਰ ਜਾਰੀ ਹਨ। ਗਿਆਸਪੁਰਾ ਵੱਲੋਂ ਆਪਣੇ ਪੱਤਰ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਉੱਚ ਪੱਧਰੀ ਜਾਂਚ ਕਮੇਟੀ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਮੁਲਜ਼ਮਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਮਜੀਠੀਆ ਨੂੰ ਧਮਕੀਆਂ ਦਾ ਸਿਲਸਿਲਾ ਜਾਰੀ
ਸਿਰਫ ਆਮ ਆਦਮੀ ਪਾਰਟੀ ਦੇ ਮਨਵਿੰਦਰ ਗਿਆਸਪੁਰਾ ਹੀ ਨਹੀਂ ਇਸ ਤੋਂ ਪਹਿਲਾਂ ਲੁਧਿਆਣਾ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਦੀ ਵੀ ਧਮਕੀਆਂ ’ਤੇ ਚੱਲਦੇ ਸੁਰੱਖਿਆ ਵਧਾਈ ਗਈ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਅਦਾਲਤ ਦੇ ਵਿੱਚ ਪੇਸ਼ ਹੋਣ ਪਹੁੰਚੇ ਬਿਕਰਮ ਮਜੀਠੀਆ ਵੱਲੋਂ ਵੀ ਮੀਡੀਆ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਲਗਾਤਾਰ ਇੱਕ ਹਫਤੇ ਤੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਜੀਠੀਆ ਨੇ ਕਿਹਾ ਕਿ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ ਉਸੇ ਤਰ੍ਹਾਂ ਮੇਰਾ ਵੀ ਕਤਲ ਕਰਵਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਜਦੋਂ ਉਹ ਜੇਲ੍ਹ ਦੇ ਵਿੱਚ ਸਨ ਉਦੋਂ ਤੋਂ ਹੀ ਖੂਫੀਆ ਏਜੰਸੀਆਂ ਵੱਲੋਂ ਉਹਨਾਂ ਨੂੰ ਇਸ ਸਬੰਧੀ ਅਲਰਟ ਕੀਤਾ ਗਿਆ ਸੀ। ਮਜੀਠੀਆ ਨੇ ਕਿਹਾ ਕਿ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਰਹੀ ਹੈ।
ਕਾਰੋਬਾਰੀ ਵੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ
ਸਿਰਫ ਸਿਆਸਤਦਾਨ ਹੀ ਨਹੀਂ ਸਗੋਂ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਕਾਰੋਬਾਰੀ ਵੀ ਹਨ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਹੀ ਰਹਿਣ ਵਾਲੇ ਸੁਨੀਲ ਧੀਰ ਨਾਮ ਦੇ ਕਾਰੋਬਾਰੀ ਨੂੰ ਧਮਕੀ ਆਈ। ਕਵਰ ਕਿੰਗ ਮੋਬਾਈਲ ਸ਼ੋਪ ਦੇ ਨਾਮ ’ਤੇ ਪੀੜਤ ਘੁਮਾਰ ਮੰਡੀ ਅਤੇ ਦੁਗਰੀ ਦੇ ਵਿੱਚ ਦੁਕਾਨ ਚਲਾ ਰਿਹਾ ਹੈ, ਗੈਂਗਸਟਰ ਵੱਲੋਂ ਉਸ ਤੋਂ ਵਸੂਲੀ ਮੰਗੀ ਗਈ। ਇਸ ਸਬੰਧੀ ਪੀੜਿਤ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹ ਇਲਜ਼ਾਮ ਲਗਾ ਰਿਹਾ ਹੈ ਕਿ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਪੀੜਤ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਵੀ ਖਤਰਾ ਬਣਿਆ ਹੋਇਆ ਹੈ, ਲਗਾਤਾਰ ਉਸ ਨੂੰ ਅਤੇ ਉਸ ਦੀ ਭੈਣ ਨੂੰ ਫੋਨ ਆ ਰਹੇ ਹਨ ਅਤੇ ਗੈਂਗਸਟਰ ਕਹਿ ਰਹੇ ਨੇ ਕਿ ਜੇਕਰ ਇੱਕ ਮਹੀਨੇ ਦੇ ਵਿੱਚ 1 ਲੱਖ ਰੁਪਇਆ ਨਹੀਂ ਦਿੱਤਾ ਤਾਂ ਸਿਰ ਦੇ ਵਿੱਚ ਗੋਲੀ ਮਾਰ ਦੇਣਗੇ। ਪੀੜੀਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ ਵੀ ਟੈਗ ਕਰਕੇ ਸਰਕਾਰ ਤੋਂ ਸਵਾਲ ਪੁੱਛੇ ਗਏ।
ਵਿਰੋਧੀਆਂ ਦੇ ਕਾਨੂੰਨ ਵਿਵਸਥਾ ’ਤੇ ਸਵਾਲ
ਕੁਝ ਦਿਨ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ’ਤੇ ਅਧਾਰਿਤ ਇੱਕ ਵੈੱਬ ਸੀਰੀਜ਼ ਵੀ ਕਾਫੀ ਚਰਚਾ ਦੇ ਵਿੱਚ ਰਹੀ ਜਿਸ ’ਤੇ ਪਾਬੰਦੀ ਲਾਉਣ ਤੋਂ ਬਾਅਦ ਕਈ ਲੀਡਰਾਂ ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਕਾਂਗਰਸ ਦੇ ਸੁਖਜਿੰਦਰ ਰੰਧਾਵਾ, ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਮਾਮਲੇ ਦੇ ਵਿੱਚ ਧਮਕੀ ਮਿਲੀ। ਓਧਰ ਭਾਜਪਾ ਵੱਲੋਂ ਵੀ ਆਪਣੇ ਪੇਜ ’ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਮੌਜੂਦਾ ਸਰਕਾਰ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਅਤੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਵਪਾਰੀਆਂ ਨੂੰ ਲਗਾਤਾਰ ਫਿਰੌਤੀਆਂ ਲਈ ਫੋਨ ਆ ਰਹੇ ਹਨ, ਆਮ ਆਦਮੀ ਆਪਣੇ ਘਰ ਤੋਂ ਨਿਕਲਣ ਤੋਂ ਵੀ ਡਰ ਰਿਹਾ ਹੈ।
ਪੁਲਿਸ ਕਿੰਨੀਆਂ ਕਰ ਚੁੱਕੀ ਹੈ ਕਾਰਵਾਈਆਂ ?
ਹਾਲਾਂਕਿ ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਬੀਤੇ ਦਿਨ ਹੀ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ’ਤੇ ਲਿਖਿਆ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਦੇ ਲਈ ਏਜੀਟੀਐਫ ਯਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਤਾਲਮੇਲ ਦੇ ਨਾਲ ਲਗਾਤਾਰ ਕਾਰਵਾਈਆਂ ਕੀਤੀ ਜਾ ਰਹੀਆਂ ਹਨ। ਪੁਲਿਸ ਮੁਤਾਬਕ 586 ਛਾਪੇਮਾਰੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ 249 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। 4 ਭਗੌੜੇ ਮੁਲਜ਼ਮ ਵੀ ਇਸ ਵਿੱਚ ਫੜੇ ਗਏ ਨੇ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਗੈਂਗਸਟਰਾਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿਮ ਦੇ ਤਹਿਤ 26,729 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਸਬੰਧੀ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਇੰਨ੍ਹਾਂ ਹੀ ਨਹੀਂ ਇੱਕ ਹੈਲਪਲਾਈਨ ਨੰਬਰ ਵੀ 93946 93946 ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਇਸ ’ਤੇ ਗੁਪਤ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ।
ਮਾੜੇ ਅਨਸਰਾਂ ’ਤੇ ਕੀ ਬੋਲੇ ਡੀਜੀਪੀ ?
ਇਸ ਸਬੰਧੀ ਬੀਤੇ ਦਿਨ ਲੁਧਿਆਣਾ ਪਹੁੰਚੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਵੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ “ਪੰਜਾਬ ਪੁਲਿਸ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਨਾਲ ਚੱਲ ਰਹੀ ਹੈ। ਅਸੀਂ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ’ਤੇ ਵੀ ਨਜ਼ਰ ਰੱਖੀ ਹੋਈ ਹੈ ਅਤੇ ਉਨਾਂ ਦੀ ਵੀ ਗ੍ਰਿਫਤਾਰੀ ਕਰ ਰਹੇ ਹਾਂ। ਪਿਛਲੇ ਦਿਨਾਂ ਵਿੱਚ ਵੀ ਅਸੀਂ ਗ੍ਰਿਫਤਾਰ ਕਰਕੇ ਵਿਦੇਸ਼ਾਂ ਤੋਂ ਮੁਲਜ਼ਮਾਂ ਨੂੰ ਲਿਆਂਦਾ ਹੈ।ਇਹ ਜਿਹੜੇ ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਸਿਰਫ ਉਹ ਡਰਾਇਆ ਧਮਕਾਇਆ ਜਾ ਰਿਹਾ ਹੈ 80 ਤੋਂ 90 ਫੀਸਦੀ ਇਹ ਕਾਲਾਂ ਜਾਅਲੀ ਹਨ, ਇਸ ਕਰਕੇ ਇਹਨਾਂ ’ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ। ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।”
ETV BHARAT