ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਹਾਸਲ ਕੀਤੀ।
08 ਮਈ, 2026 – ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਵਿੱਚ ਅੱਜ ਪਹਿਲਾ ਵਿਰਾਸਤੀ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਹੋਏ ਢਾਡੀ, ਲੋਕ ਗੀਤ, ਉੱਚੀਆਂ ਹੇਕਾਂ, ਪੱਗ ਬੰਨ੍ਹਣ ਦੇ ਮੁਕਾਬਲੇ, ਲੰਬੀ ਗੁੱਤ ਦੇ ਮੁਕਾਬਲੇ, ਪੰਜਾਬੀ ਕਵਿਤਾ ਪਾਠ, ਵਿਰਾਸਤ ਹੀ ਪੰਜਾਬੀ ਸਲੇਖ ਕਲਾ, ਵਿਰਾਸਤੀ ਪੰਜਾਬੀ ਵਿਅੰਜਨ ਮੁਕਾਬਲੇ ਅਤੇ ਵਿਰਾਸਤੀ ਪੰਜਾਬੀ ਪਹਿਰਾਵਾ ਮੁਕਾਬਲੇ ਆਦਿ ਕਰਵਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਹਾਸਿਲ ਕੀਤੀ।
“ਸਾਰਾ ਕੁਝ ਵਿਦਿਆਰਥੀਆਂ ਨੇ ਖੁਦ ਕੀਤਾ ਤਿਆਰ“
ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਕਿ “ਅਸੀਂ ਇਹ ਮੇਲਾ ਪਹਿਲੀ ਵਾਰ ਕਰਵਾ ਰਹੇ ਹਾਂ ਪਹਿਲਾਂ ਅਸੀਂ ਵਿਸਾਖੀ ਦੇ ਨੇੜੇ ਇਹ ਮੇਲਾ ਕਰਵਾਉਣਾ ਸੀ ਪਰ ਪ੍ਰੀਖਿਆ ਹੋਣ ਕਰਕੇ ਇਸ ਨੂੰ ਲੇਟ ਕਰ ਦਿੱਤਾ ਗਿਆ ਅਤੇ ਅੱਜ ਹੀ ਇੱਕ ਦਿਨ ਦਾ ਮੇਲਾ ਕਰਵਾਇਆ ਗਿਆ ਹੈ। ਜਿਸ ਵਿੱਚ ਯੂਨੀਵਰਸਿਟੀ ਦੇ ਸਾਰੇ ਹੀ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਉਹਨਾਂ ਕਿਹਾ ਕਿ ਅਸੀਂ ਬਾਹਰ ਤੋਂ ਕੁਝ ਵੀ ਨਹੀਂ ਮੰਗਵਾਇਆ ਸਾਰਾ ਕੁਝ ਵਿਦਿਆਰਥੀਆਂ ਨੇ ਖੁਦ ਤਿਆਰ ਕੀਤਾ ਹੈ, ਜਿੰਨੀ ਵੀ ਥੀਮ ਤਿਆਰ ਕੀਤੀ ਹੈ ਇਹ ਵਿਦਿਆਰਥੀਆਂ ਵੱਲੋਂ ਹੀ ਫੈਸਲਾ ਲਿਆ ਗਿਆ ਸੀ।”
“ਪੜ੍ਹਾਈ ਦੇ ਨਾਲ–ਨਾਲ ਆਪਣੇ ਵਿਰਸੇ ਦੇ ਨਾਲ ਰੂਬਰੂ ਹੋਣਾ ਵੀ ਜਰੂਰੀ“
ਉਸ ਤੋਂ ਇਲਾਵਾ ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਨੇ ਇਸ ਤੋਂ ਇਲਾਵਾ ਕਵੀਸ਼ਰੀ ਜੋ ਕਿ ਪੰਜਾਬ ਦੇ ਵਿਰਸੇ ਦੇ ਨਾਲ ਜੁੜੀ ਹੋਈ ਹੈ ਉਹ ਵੀ ਕਰਵਾਈ ਗਈ ਹੈ। ਜੇਪੀਐਸ ਗਿੱਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਰਸੇ ਦੇ ਨਾਲ ਰੂਬਰੂ ਹੋਣਾ ਵੀ ਵਿਦਿਆਰਥੀਆਂ ਲਈ ਬਹੁਤ ਜਰੂਰੀ ਹੈ। ਜਿੱਥੇ ਨਵੀਆਂ ਤਕਨੀਕਾਂ ਤੋਂ ਵਿਦਿਆਰਥੀ ਰੂਬਰੂ ਹੁੰਦੇ ਨੇ, ਏਆਈ ਦਾ ਜਮਾਨਾ ਹੈ, ਉੱਥੇ ਹੀ ਦੂਜੇ ਪਾਸੇ ਆਪਣਾ ਪੰਜਾਬੀ ਸੱਭਿਆਚਾਰ ਪੁਰਾਣਾ ਵਿਰਸਾ ਪੁਰਾਣੇ ਭਾਂਡੇ ਪੁਰਾਣੇ ਲੋਕ ਕਥਾਵਾਂ ਪੁਰਾਣੇ ਸਾਜ ਪੁਰਾਣੇ ਗੀਤ ਪੁਰਾਣੀਆਂ ਕਵਿਤਾਵਾਂ ਆਦਿ ਬਾਰੇ ਵੀ ਜਾਣਕਾਰੀ ਲਾਜ਼ਮੀ ਹੈ।
ਵਿਦਿਆਰਥੀਆਂ ਵਿੱਚ ਵੀ ਦਿਖਿਆ ਉਤਸ਼ਾਹ
ਇਸ ਦੌਰਾਨ ਕਵੀਸ਼ਰੀ ਗਾਉਣ ਵਾਲੇ ਵਿਦਿਆਰਥੀਆਂ ਨੇ ਵੀ ਕਿਹਾ ਕਿ ਉਹ ਕਾਫੀ ਉਤਸਾਹਿਤ ਨੇ, ਉਹ ਪਹਿਲੀ ਵਾਰ ਉਹ ਪਰਫਾਰਮ ਕਰ ਰਹੇ ਨੇ। ਹਾਲਾਂਕਿ ਉਹਨਾਂ ਵੱਲੋਂ ਅੱਜ ਸਾਜਾਂ ਦਾ ਇਸਤੇਮਾਲ ਅੱਜ ਨਹੀਂ ਕੀਤਾ ਜਾਵੇਗਾ। ਬਿਨ੍ਹਾਂ ਸਾਜਾ ਤੋਂ ਕਵੀਸ਼ਰੀ ਗਾਉਣੀ ਬਹੁਤ ਔਖਾ ਕੰਮ ਹੈ। ਵਿਦਿਆਰਥੀਆਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਕਵੀਸ਼ਰੀ ਦੇ ਵਿੱਚ ਦਾ ਹਿੱਸਾ ਨਹੀਂ ਲਿਆ ਪਰ ਵੈਸੇ ਉਹ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਜਰੂਰ ਹਿੱਸਾ ਲੈਂਦੇ ਨੇ ਪਰ ਕਵੀਸ਼ਰੀ ਗਾਉਣ ਦਾ ਤਜ਼ਰਬਾ ਹੀ ਵੱਖਰਾ ਹੈ।
ETV BHARAT