ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਨਸ਼ਾ ਛੁਡਾਊ ਕੇਂਦਰ ‘ਚੋਂ ਆਇਆ ਸੀ ਬਾਹਰ
ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ।
11 ਮਈ, 2026 – ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸਨੇ ਵਾਲੀ ਵਿੱਚ ਇੱਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਦੀ ਪਛਾਣ ਪਵਨਦੀਪ ਸਿੰਘ ਵਾਸੀ ਮਾਜਰੀ ਕਿਸ਼ਨੇ ਵਾਲੀ ਦੇ ਤੌਰ ਤੇ ਹੋਈ ਹੈ।
“ਪਹਿਲਾਂ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਕਰਵਾਇਆ ਗਿਆ ਸੀ ਭਰਤੀ“
ਮ੍ਰਿਤਕ ਦੇ ਪਿਤਾ ਨਿਰਭੈ ਸਿੰਘ ਨੇ ਦੱਸਿਆ ਕਿ “ਮੇਰਾ ਪੁੱਤਰ ਪਿਛਲੇ ਕੁੱਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ, ਜਿਸ ਕਰਕੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਸੀ ਜੋ ਕੁੱਝ ਦਿਨ ਪਹਿਲਾਂ ਹੀ ਘਰ ਵਾਪਸ ਆਇਆ ਸੀ। ਮੈਂ ਆਪਣੇ ਪੁੱਤਰ ਨੂੰ ਫੋਨ ਕਰਦਾ ਰਿਹਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਬਹੁਤ ਸਮੇਂ ਬਾਅਦ ਉਸ ਦੇ ਦੋਸਤਾਂ ਨੇ ਮੇਰੇ ਪੁੱਤਰ ਦਾ ਫੋਨ ਚੁੱਕਿਆ ਅਤੇ ਦੱਸਿਆ ਕਿ ਤੁਹਾਡਾ ਪੁੱਤਰ ਮੰਡੀ ਗੋਬਿੰਦਗੜ੍ਹ ਦੀ ਇੱਕ ਪਾਰਕ ਵਿੱਚ ਪਿਆ ਹੈ, ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉਸ ਦੀ ਬਾਂਹ ਵਿੱਚ ਟੀਕਾ ਲੱਗਿਆ ਹੋਇਆ ਸੀ। ਨਸ਼ਾ ਮੇਰੇ ਪੁੱਤ ਨੂੰ ਖਾ ਗਿਆ, ਮੇਰੀਆਂ 2 ਧੀਆਂ ਦਾ ਇਕਲੌਤਾ ਭਰਾ ਸੀ ਮੇਰਾ ਪੁੱਤ ਪਵਨਦੀਪ। “
“ਹਰ ਪਾਸੇ ਬਹੁਤ ਅਸਾਨੀ ਨਾਲ ਮਿਲ ਰਿਹਾ ਹੈ ਨਸ਼ਾ‘
ਮ੍ਰਿਤਕ ਦੇ ਪਿਤਾ ਨੇ ਰੋਂਦੇ-ਰੋਂਦੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਸਰਕਾਰ ਨਸ਼ਿਆਂ ਨੂੰ ਲੈ ਕੇ ਕੁਝ ਨਹੀਂ ਕਰ ਰਹੀ। ਹਰ ਪਾਸੇ ਨਸ਼ਾ ਬਹੁਤ ਅਸਾਨੀ ਨਾਲ ਮਿਲ ਰਿਹਾ ਹੈ। ਸਰਕਾਰ ਉਸ ‘ਤੇ ਨਕੇਲ ਪਾਉਣੀ ਚਾਹੀਦੀ ਹੈ, ਜਿਸ ਨਾਲ ਕਿਸੇ ਮਾਂ-ਬਾਪ ਦਾ ਗੱਭਰੂ ਪੁੱਤ ਨਾ ਮਰੇ।
ਪੁਲਿਸ ਵੱਲੋਂ ਜਾਂਚ ਜਾਰੀ
ਇਸ ਸਬੰਧੀ ਪੁਲਿਸ ਅਧਿਕਾਰੀ ਬੁੱਧ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦੀ ਲਾਸ਼ ਆਈ ਹੈ। ਉਸ ਤੋਂ ਬਾਅਦ ਸਾਡੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਮੌਤ ਕਿਸ ਤਰ੍ਹਾਂ ਹੋਈ, ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।
ETV BHARAT
ਨਸ਼ੇ ਦੀ ਓਵਰਡੋਜ਼ ਕਾਰਨ ਬਾਕਸਿੰਗ ਖਿਡਾਰੀ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ
ਮਾਨਸਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਬਾਕਸਿੰਗ ਖਿਡਾਰੀ ਨਵਦੀਪ ਸਿੰਘ ਦੀ ਮੌਤ ਹੋ ਗਈ। ਪੜ੍ਹੋ ਪੂਰੀ ਖਬਰ…
11 ਮਈ, 2026 – ਮਾਨਸਾ: ਮਾਨਸਾ ਵਿਖੇ ਇੱਕ (20) ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਨਸ਼ਾ ਤਸਕਰਾਂ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਮਾਨਸਾ ਵਿਖੇ ਬਾਕਸਿੰਗ ਦੇ ਨੈਸ਼ਨਲ ਖੇਡ ਚੁੱਕੇ ਖਿਡਾਰੀ ਨਵਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ। ਬਾਕਸਿੰਗ ਦੇ ਵਿੱਚ ਮੈਡਲ ਜਿੱਤਣ ਵਾਲਾ ( 20 ) ਸਾਲਾਂ ਖਿਡਾਰੀ ਆਖਿਰਕਾਰ ਨਸ਼ੇ ਦੇ ਅੱਗੇ ਜਿੰਦਗੀ ਹਾਰ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਵਦੀਪ ਸਿੰਘ ਵਾਰਡ ਨੰਬਰ 3 ਵਜੋਂ ਹੋਈ ਹੈ।
“ਬਾਕਸਿੰਗ ਦਾ ਬਹੁਤ ਤਕੜਾ ਖਿਡਾਰੀ ਸੀ ਮੇਰਾ ਪੁੱਤ“
ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ “ਕਿ ਉਸ ਦਾ ਪੁੱਤਰ ਬਾਕਸਿੰਗ ਦਾ ਬਹੁਤ ਤਕੜਾ ਖਿਡਾਰੀ ਸੀ, ਜਿਸ ਨੇ ਬਹੁਤ ਸਾਰੇ ਮੈਡਲ ਵੀ ਜਿੱਤੇ ਪਰ ਮੇਰੇ ਪੁੱਤਰ ਦੀ ਨਸ਼ੇ ਨੇ ਮੇਰਾ ਪੁੱਤਰ ਖਾ ਲਿਆ ਮੇਰਾ ਇਕਲੌਤਾ ਪੁੱਤਰ ਸੀ। ਮੇਰਾ ਪੁੱਤ ਤਾਂ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ ਕਿਸੇ ਦਾ ਹੋਰ ਪੁੱਤ ਨਾ ਮਰੇ, ਮੈਂ ਤਾਂ ਆਪਣਾ ਇਕਲੌਤਾ ਪੁੱਤ ਖੋ ਦਿੱਤਾ। ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਨਸ਼ਾ ਵੇਚਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।”
“ਸਾਨੂੰ ਮੇਰੇ ਪੋਤੇ ਤੋਂ ਬਹੁਤ ਉਮੀਦਾਂ ਸੀ ਪਰ ਸਾਡਾ ਘਰ ਖਾਲੀ ਹੋ ਗਿਆ“
ਮ੍ਰਿਤਕ ਨੌਜਵਾਨ ਦੇ ਦਾਦਾ ਜੀ ਕਰਨੈਲ ਸਿੰਘ ਨੇ ਦੱਸਿਆ ਕਿ “ਮੇਰਾ ਪੋਤਾ ਪੜਿਆ ਲਿਖਿਆ ਸੀ ਅਤੇ ਰਾੜਾ ਸਾਹਿਬ ਏਸੀ ਦਾ ਕੰਮ ਕਰਦਾ ਸੀ। ਪਰਸੋਂ ਰਾਤ ਨੂੰ 11 ਵਜੇ ਉਸਦਾ ਉਸਤਾਦ ਉਸਨੂੰ ਗੱਡੀ ਵਿੱਚ ਲੈ ਕੇ ਆਇਆ, ਕੱਲ੍ਹ ਦੁਪਿਹਰ ਬਾਅਦ ਉਹ ਮਾਰਕੀਟ ਜਾਣ ਦੇ ਕਹਿ ਕੇ ਉਹ ਬਾਹਰ ਚਲਿਆ ਗਿਆ ਜਿਸ ਤੋਂ ਬਾਅਦ ਉਸਨੂੰ ਕੁਝ ਮੁੰਡੇ ਲੈ ਕੇ ਘਰ ਆਏ, ਅਤੇ ਕਹਿੰਦੇ ਕਿ ਇਹ ਆਰੀਆ ਸਕੂਲ ਦੇ ਮਗਰੋਂ ਮਿਲਿਆ ਹੈ। ਸਾਨੂੰ ਮੇਰੇ ਪੋਤੇ ਤੋਂ ਬਹੁਤ ਉਮੀਦਾਂ ਸਨ ਪਰ ਹੁਣ ਸਾਡਾ ਘਰ ਖਾਲੀ ਹੋ ਗਿਆ, ਨਵਦੀਪ ਦੋ ਭੈਣਾਂ ਇਕੱਲਾ ਹੀ ਭਰਾ ਸੀ।”
“ਸ਼ਰੇਆਮ ਵਿਕ ਰਿਹਾ ਹੈ ਨਸ਼ਾ“
ਨਸ਼ੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਬੀਤੇ ਕੱਲ ਜਦੋਂ ਮਾਨਸਾ ਵਿੱਚ ਮੁੱਖ ਮੰਤਰੀ ਸੰਬੋਧਨ ਕਰ ਰਹੇ ਸੀ ਤਾਂ ਦੂਜੇ ਪਾਸੇ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਭੇਂਟ ਚੜ ਚੁੱਕਿਆ ਸੀ। ਸਰਕਾਰ ਕਹਿੰਦੀ ਹੈ ਕਿ ਨਸ਼ਿਆ ਖਿਲਾਫ਼ “ਯੁੱਧ ਨਸ਼ਿਆ ਵਿਰੁੱਧ” ਕੋਈ ਮੁਹਿੰਮ ਚਲਾਈ ਜਾ ਰਹੀ ਹੈ ਪਰ ਪਤਾ ਨਹੀਂ ਇਹ ਯੁੱਦ ਕਿੱਥੇ ਚਲਾਏ ਜਾ ਰਹੇ ਹਨ। ਆਖਿਰ ਨਸ਼ਾ ਤਸਕਰਾਂ ‘ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਜਦੋਂ ਤੱਕ ਪ੍ਰਸਾਸ਼ਨ ਵੱਲੋਂ ਨਸ਼ਾ ਤਸਕਰਾਂ ‘ਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਨੌਜਵਾਨ ਇਸੇ ਤਰ੍ਹਾਂ ਮੌਤ ਦੇ ਮੂੰਹ ਵਿੱਚ ਜਾਂਦੇ ਰਹਿਣਗੇ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਜੇ ਵੀ ਸਮਾਂ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਲਓ, ਨਹੀਂ ਤਾਂ ਪਤਾ ਨਹੀਂ ਕਿੰਨੇ ਹੀ ਘਰਾਂ ਦੀਵੇ ਬੁੱਝਣੇ ਨੇ।
ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
ਇਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਇੰਚਾਰਜ ਗੁਰਤੇਜ ਸਿੰਘ ਨੇ ਕਿਹਾ ਕਿ “ਸਾਨੂੰ ਨੌਜਵਾਨ ਨਵਦੀਪ ਸਿੰਘ ਦੀ ਮੌਤ ਹੋਣ ਸਬੰਧੀ ਸੂਚਨਾ ਮਿਲੀ ਸੀ। ਅਸੀਂ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ, ਜਿਨ੍ਹਾਂ ਵਿਅਕਤੀਆਂ ਤੋਂ ਉਸ ਨੇ ਨਸ਼ਾ ਲੈ ਕੇ ਸੇਵਨ ਕੀਤਾ ਸੀ, ਉਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।”
ETV BHARAT
https://www.etvbharat.com/pa/state/boxer-navdeep-singh-dies-of-drug-overdose-in-mansa-pbs26050902962