ਗ੍ਰੇਟ ਖਲੀ ਦਾ ਕਹਿਣਾ ਕਿ ਜੇ ਪੰਜਾਬ ‘ਚ ਭਾਜਪਾ ਸਰਕਾਰ ਆਵੇਗੀ ਤਾਂ ਸੂਬਾ ਬਹੁਤ ਅੱਗੇ ਜਾਵੇਗਾ।
11 ਮਈ, 2026 – ਚੰਡੀਗੜ੍ਹ: ਪਿਛਲੇ ਦਿਨੀਂ ਪੱਛਮੀ ਬੰਗਾਲ ਸਣੇ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਈਆਂ ਤੇ ਕਈ ਵੱਡੇ ਉਲਟਫੇਰ ਦੇਖਣ ਨੂੰ ਵੀ ਮਿਲੇ। ਉਥੇ ਹੀ ਪੰਜਾਬ ‘ਚ ਵੀ ਅਗਲੇ ਸਾਲ 2027 ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦੇ ਸੂਬੇ ‘ਚ ਵੱਖੋ-ਵੱਖ ਪਾਰਟੀਆਂ ਵੱਲੋਂ ਕਿਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ ਤਾਂ ਕਿਤੇ ਪੰਜਾਬ ਬਚਾਓ ਰੈਲੀਆਂ ਦੇ ਨਾਂ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਭਾਜਪਾ ਵੱਲੋਂ ਪੰਜਾਬ ਜਿੱਤਣ ਦੀ ਤਿਆਰੀ
ਇਸ ਸਭ ਦੇ ਵਿਚਾਲੇ ਪੱਛਮੀ ਬੰਗਾਲ ‘ਚ ਜਿੱਤ ਮਗਰੋਂ ਹੁਣ ਭਾਜਪਾ ਦੀ ਨਜ਼ਰ ਪੰਜਾਬ ਜਿੱਤਣ ਦੀ ਹੈ, ਜਿਸ ਦੇ ਚੱਲਦੇ ਬੀਤੇ ਦਿਨ ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫ਼ਤਰ ‘ਚ ਇੱਕ ਪੋਸਟਰ ਵੀ ਦੇਖਣ ਨੂੰ ਮਿਲਿਆ ਸੀ, ਜਿਸ ‘ਚ ਲਿਖਿਆ ਸੀ ਕਿ ਪੱਛਮੀ ਬੰਗਾਲ ਜਿੱਤ ਲਿਆ, ਹੁਣ ਅਗਲੀ ਪੰਜਾਬ ਦੀ ਬਾਰੀ ਹੈ। ਉਥੇ ਹੀ ਦੇਸ਼ ਦੇ ਮਸ਼ਹੂਰ ਸਾਬਕਾ WWE ਪਹਿਲਵਾਨ ਅਤੇ ਮੌਜੂਦਾ ਭਾਜਪਾ ਆਗੂ ਦਲੀਪ ਸਿੰਘ ਗ੍ਰੇਟ ਖਲੀ ਵੱਲੋਂ ਵੀ ਪੰਜਾਬ ‘ਚ ਭਾਜਪਾ ਨੂੰ ਲਿਆਉਣ ਦੀ ਗੱਲ ਆਖੀ ਹੈ।
‘ਪੰਜਾਬ ‘ਚ ਨਸ਼ਾ ਤੇ ਬਦਮਾਸ਼ੀ ਫੈਲੇ ਹੋਏ‘
ਬੀਤੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਗ੍ਰੇਟ ਖਲੀ ਨੇ ਕਿਹਾ ਕਿ “ਅੱਗੇ ਪੰਜਾਬ ‘ਚ ਵੀ ਵਿਧਾਨ ਸਭਾ ਚੋਣਾਂ ਹਨ ਅਤੇ ਉਹ ਪੰਜਾਬ ‘ਚ ਭਾਜਪਾ ਦਾ ਪ੍ਰਚਾਰ ਕਰਨਗੇ ਅਤੇ ਮੈਂ ਆਸ ਕਰਦਾ ਹਾਂ ਕਿ ਪੰਜਾਬ ‘ਚ ਵੀ ਬੀਜੇਪੀ ਦੀ ਸਰਕਾਰ ਬਣੇ। ਪੰਜਾਬ ‘ਚ ਇਸ ਸਮੇਂ ਬਹੁਤ ਜਿਆਦਾ ਨਸ਼ਾ ਫੈਲਿਆ ਹੋਇਆ ਹੈ ਅਤੇ ਬਦਮਾਸ਼ੀ ਹੈ, ਮੈਂ ਸੋਚਦਾ ਕਿ ਜੇ ਪੰਜਾਬ ‘ਚ ਭਾਜਪਾ ਦੀ ਸਰਕਾਰ ਆਵੇਗੀ ਤਾਂ ਪੰਜਾਬ ਬਹੁਤ ਅੱਗੇ ਜਾਵੇਗਾ। ਮੈਂ ਚਾਹੁੰਦਾ ਕਿ ਪੰਜਾਬ ਤਰੱਕੀ ਕਰੇ, ਕਿਉਂਕਿ ਪੰਜਾਬ ਨਾਲ ਮੇਰਾ ਬਹੁਤ ਜਿਆਦਾ ਮੋਹ ਹੈ। ਮੈਂ ਉਥੋਂ ਪੰਜਾਬ ਪੁਲਿਸ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਜੇ ਉਥੇ ਭਾਜਪਾ ਦੀ ਸਰਕਾਰ ਆਵੇਗੀ ਤਾਂ ਪੰਜਾਬ ਬਹੁਤ ਅੱਗੇ ਤੱਕ ਜਾਵੇਗਾ।”
ਪੱਛਮੀ ਬੰਗਾਲ ਨਤੀਜਿਆਂ ‘ਤੇ ਆਖੀ ਇਹ ਗੱਲ
ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੂੰ ਲੈਕੇ ਗ੍ਰੇਟ ਖਲੀ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਤਾਂ ਹਾਰਨਾਂ ਹੀ ਸੀ ਅਤੇ ਉਨ੍ਹਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਆਪਣੀ ਮਨਮਰਜ਼ੀ ਨਾਲ ਉਥੇ ਕੰਮ ਕੀਤਾ ਹੈ। ਜੇਕਰ ਉਨ੍ਹਾਂ ਨੂੰ ਨਹੀਂ ਹਰਾਉਂਦੇ ਤਾਂ ਉਹ ਇੱਕ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਨ। ਉਥੇ ਬਦ ਤੋਂ ਬਦਤਰ ਹਲਾਤ ਹੋ ਗਏ ਸਨ। ਹੁਣ ਸੁਧਾਰ ਕਰਨ ‘ਚ ਸਮਾਂ ਲੱਗੇਗਾ ਪਰ ਉਥੇ ਸੁਧਾਰ ਹੋਵੇਗਾ।
ETV BHARAT