ਸਾਉਣੀ ਦੀਆਂ ਫ਼ਸਲਾਂ ਦੇ MSP ਵਿੱਚ ਵਾਧੇ ਨੂੰ ਮਨਜ਼ੂਰੀ
ਸਰਕਾਰ ਪਿਛਲੇ ਕੁਝ ਸਾਲਾਂ ਤੋਂ ਅਨਾਜਾਂ ਦੇ ਮੁਕਾਬਲੇ ਦਾਲਾਂ, ਤੇਲਬੀਜਾਂ ਅਤੇ ਪੌਸ਼ਟਿਕ ਮੋਟੇ ਅਨਾਜਾਂ ਦੀ ਖੇਤੀ ਨੂੰ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ।
14 ਮਈ, 2026 – ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਮਾਰਕੀਟਿੰਗ ਸੀਜ਼ਨ 2026-27 ਲਈ 14 ਖ਼ਰੀਫ਼ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਸਰਕਾਰ ਦੇ ਇਸ ਕਦਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਅਤੇ ਵਾਜਬ ਮੁੱਲ ਯਕੀਨੀ ਬਣਾਉਣਾ ਹੈ।
ਮੁੱਖ ਫ਼ਸਲਾਂ ਦੇ ਰੇਟ ਅਤੇ ਵਾਧਾ
ਇਸ ਵਾਰ ਸਭ ਤੋਂ ਵੱਧ ਰਿਕਾਰਡ ਵਾਧਾ ਸੂਰਜਮੁਖੀ ਦੇ ਬੀਜਾਂ ਵਿੱਚ ਕੀਤਾ ਗਿਆ ਹੈ, ਜਿਸ ਦਾ ਰੇਟ 622 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ। ਇਸ ਤੋਂ ਬਾਅਦ ਕਪਾਹ ‘ਤੇ 557 ਰੁਪਏ, ਰਾਮਤਿਲ ‘ਤੇ 515 ਰੁਪਏ ਅਤੇ ਤਿਲ ‘ਤੇ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਮਿਲਿਆ ਹੈ। ਦੇਸ਼ ਵਿੱਚ ਸਭ ਤੋਂ ਵੱਧ ਬੀਜੀ ਜਾਣ ਵਾਲੀ ਖ਼ਰੀਫ਼ ਫ਼ਸਲ, ਝੋਨੇ ਦੇ ਸਮਰਥਨ ਮੁੱਲ ਵਿੱਚ 72 ਰੁਪਏ ਦਾ ਵਾਧਾ ਕਰਕੇ ਇਸ ਨੂੰ 2441 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ। ਜਦਕਿ ਗ੍ਰੇਡ-ਏ ਝੋਨੇ ਦਾ ਰੇਟ ਹੁਣ 2461 ਰੁਪਏ ਪ੍ਰਤੀ ਕੁਇੰਟਲ ਹੋਵੇਗਾ।
ਲਾਗਤ ‘ਤੇ ਮੁਨਾਫ਼ਾ
ਇਹ ਵਾਧਾ ਕੇਂਦਰੀ ਬਜਟ 2018-19 ਦੇ ਉਸ ਐਲਾਨ ਦੇ ਮੁਤਾਬਕ ਹੈ, ਜਿਸ ਵਿੱਚ ਐਮਐਸਪੀ ਨੂੰ ਉਤਪਾਦਨ ਦੀ ਭਾਰਤ ਪੱਧਰੀ ਔਸਤ ਲਾਗਤ ਉੱਤੇ ਘੱਟੋ-ਘੱਟ 50% ਮੁਨਾਫ਼ਾ ਤੈਅ ਕਰਨ ਦਾ ਵਾਅਦਾ ਕੀਤਾ ਗਿਆ ਸੀ। ਅੰਕੜਿਆਂ ਮੁਤਾਬਕ ਕਿਸਾਨਾਂ ਨੂੰ ਸਭ ਤੋਂ ਵੱਧ ਮੁਨਾਫ਼ਾ ਮੂੰਗੀ (61%), ਬਾਜਰਾ (56%), ਮੱਕੀ (56%) ਅਤੇ ਅਰਹਰ/ਤੂਰ (54%) ਦੀ ਖੇਤੀ ‘ਤੇ ਮਿਲੇਗਾ। ਬਾਕੀ ਬਚੀਆਂ ਸਾਰੀਆਂ ਫ਼ਸਲਾਂ ‘ਤੇ ਕਿਸਾਨਾਂ ਨੂੰ ਲਾਗਤ ਦੇ ਮੁਕਾਬਲੇ ਪੂਰਾ 50 ਫ਼ੀਸਦੀ ਮੁਨਾਫ਼ਾ ਮਿਲਣਾ ਤੈਅ ਕੀਤਾ ਗਿਆ ਹੈ। ਸਰਕਾਰ ਪਿਛਲੇ ਕੁਝ ਸਾਲਾਂ ਤੋਂ ਅਨਾਜਾਂ ਦੇ ਮੁਕਾਬਲੇ ਦਾਲਾਂ, ਤੇਲਬੀਜਾਂ ਅਤੇ ਪੌਸ਼ਟਿਕ ਮੋਟੇ ਅਨਾਜਾਂ ਦੀ ਖੇਤੀ ਨੂੰ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ।
ਖ਼ਰੀਦ ਅਤੇ ਭੁਗਤਾਨ ਦੇ 12 ਸਾਲ ਦੇ ਅੰਕੜੇ
ਕੇਂਦਰੀ ਕੈਬਨਿਟ ਦੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ, “ਭਾਰਤ ਸਰਕਾਰ ਵੱਲੋਂ ਪਿਛਲੇ 12 ਸਾਲਾਂ (2014-15 ਤੋਂ 2025-26) ਦੌਰਾਨ ਐੱਮ.ਐੱਸ.ਪੀ. ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਝੋਨੇ ਦੀ ਖ਼ਰੀਦ 8418 ਲੱਖ ਮੀਟ੍ਰਿਕ ਟਨ ਰਹੀ, ਜਦਕਿ ਇਸ ਤੋਂ ਪਿਛਲੇ 10 ਸਾਲਾਂ (2004-05 ਤੋਂ 2013-14) ਵਿੱਚ ਇਹ ਸਿਰਫ਼ 4590 LMT ਸੀ। ਜੇਕਰ ਸਾਰੀਆਂ 14 ਖ਼ਰੀਫ਼ ਫ਼ਸਲਾਂ ਦੀ ਗੱਲ ਕਰੀਏ ਤਾਂ ਪਿਛਲੇ 12 ਸਾਲਾਂ ਵਿੱਚ 8746 LMT ਖ਼ਰੀਦ ਹੋਈ। ਭੁਗਤਾਨ ਦੇ ਮਾਮਲੇ ਵਿੱਚ, ਝੋਨਾ ਉਗਾਉਣ ਵਾਲੇ ਕਿਸਾਨਾਂ ਨੂੰ ਪਿਛਲੇ 12 ਸਾਲਾਂ ਵਿੱਚ 16.08 ਲੱਖ ਕਰੋੜ ਰੁਪਏ ਜਾਰੀ ਕੀਤੇ ਗਏ, ਜੋ ਕਿ ਪੁਰਾਣੀ ਸਰਕਾਰ ਦੇ 4.44 ਲੱਖ ਕਰੋੜ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਸਾਰੀਆਂ ਖ਼ਰੀਫ਼ ਫ਼ਸਲਾਂ ਲਈ ਕਿਸਾਨਾਂ ਨੂੰ ਕੁੱਲ 18.99 ਲੱਖ ਕਰੋੜ ਰੁਪਏ ਦਾ ਐੱਮ.ਐੱਸ.ਪੀ. ਭੁਗਤਾਨ ਮਿਲ ਚੁੱਕਾ ਹੈ।”
ਮੁੱਖ ਅਨਾਜ ਅਤੇ ਦਾਲਾਂ ਦੇ ਨਵੇਂ ਰੇਟ
| ਫ਼ਸਲ | ਨਵਾਂ ਰੇਟ (2026-27) | ਪਿਛਲੇ ਸਾਲ ਨਾਲੋਂ ਵਾਧਾ | 2014 ਨਾਲੋਂ ਵਾਧਾ |
| ਪਰਮਲ ਝੋਨਾ | ₹2,441 | ₹72 | ₹1,131 (86%) |
| ਮੱਕੀ | ₹2,410 | ₹10 | ₹1,100 (84%) |
| ਮੂੰਗੀ | ₹8,780 | ₹12 | ₹4,280 (95%) |
| ਅਰਹਰ | ₹8,450 | ₹450 | ₹4,150 (97%) |
ਸਭ ਤੋਂ ਵੱਧ ਵਾਧਾ ਪਾਉਣ ਵਾਲੀਆਂ ਫ਼ਸਲਾਂ
| ਫ਼ਸਲ | ਨਵਾਂ ਰੇਟ | ਵਾਧਾ |
| ਸੂਰਜਮੁਖੀ ਬੀਜ | ₹8343 | ₹622 |
| ਕਪਾਹ (Medium) | ₹8267 | ₹557 |
| ਰਾਮਤਿਲ | ₹10052 | ₹515 |
| ਤਿਲ | ₹10346 | ₹500 |
ਕਿਸਾਨਾਂ ਨੂੰ ਮਿਲਿਆ ਰਿਕਾਰਡ ਮੁਨਾਫ਼ਾ
| ਫ਼ਸਲ | ਮੁਨਾਫ਼ਾ |
| ਮੂੰਗੀ | 61% |
| ਬਾਜਰਾ | 56% |
| ਮੱਕੀ | 56% |
| ਬਾਕੀ ਫ਼ਸਲਾਂ | 50% |
ETV BHARAT