ਪੰਜਾਬ ਵਿੱਚ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਜੰਮਕੇ ਸਰਕਾਰ ਖ਼ਿਲਾਫ਼ ਭੜਾਸ ਕੱਢੀ ਗਈ ਹੈ।
14 ਮਈ, 2026 – ਸੰਗਰੂਰ: ਪੰਜਾਬ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਦਾ ਗੁੱਸਾ ਹੁਣ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਲਹਿਰਾਗਾਗਾ ਵਿੱਚ ਪਿਛਲੇ 8 ਦਿਨਾਂ ਤੋਂ ਲਗਾਤਾਰ ਧਰਨੇ ‘ਤੇ ਬੈਠੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਸ਼ਹਿਰ ਦੀਆਂ ਸੜਕਾਂ ‘ਤੇ ਉੱਤਰ ਕੇ ‘ਭਾਂਡੇ ਖੜਕਾ ਕੇ’ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ, ਜਿਸ ਕਾਰਨ ਲਹਿਰਾਗਾਗਾ ਦੀਆਂ ਸੜਕਾਂ ਅੱਜ ਬਰਤਨਾਂ ਦੀ ਖੜਕਾਹਟ ਅਤੇ ਸਰਕਾਰ ਵਿਰੋਧੀ ਨਾਅਰਿਆਂ ਨਾਲ ਗੂੰਜ ਉੱਠਿਆਂ। ਸਫਾਈ ਸੇਵਕ ਯੂਨੀਅਨ ਵੱਲੋਂ ਕੀਤੇ ਗਏ ਇਸ ਵਿਲੱਖਣ ਪ੍ਰਦਰਸ਼ਨ ਦਾ ਮਕਸਦ ਸਰਕਾਰ ਨੂੰ ਜਗਾਉਣਾ ਸੀ ਤਾਂ ਕਿ ਉਨ੍ਹਾਂ ਦੀਆ ਮੰਗਾਂ ਵੱਲ ਸਰਕਾਰ ਧਿਆਨ ਦੇਵੇੇ। ਸਫਾਈ ਸੇਵਕਾਂ ਦੇ ਇਸ ਸੰਘਰਸ਼ ਨੂੰ ਵੱਖ-ਵੱਖ ਜਥੇਬੰਦੀਆਂ ਦਾ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ।
‘ਸਰਕਾਰ ਨੂੰ ਜਗਾਉਣ ਲਈ ਖੜਕਾਉਣੇ ਪਏ ਭਾਂਡੇ’
ਪ੍ਰਦਰਸ਼ਨਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ “ਸਰਕਾਰ ਦੇ ਕੰਨ੍ਹੀ ਕੋਈ ਜੂੰਅ ਨਹੀਂ ਸਰਕ ਰਹੀ, ਇਸ ਲਈ ਉਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਸੜਕਾਂ ’ਤੇ ਆ ਕੇ ਖਾਲੀ ਭਾਂਡੇ ਖੜਕਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਕਿਉਂਕਿ ਸਰਕਾਰ ਨੇ ਸਾਡੇ ਹੱਥੋਂ ਭੋਜਨ ਖੋਹ ਲਿਆ ਹੈ, ਇਸ ਲਈ ਭਾਂਡੇ ਅਤੇ ਝਾੜੂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ, ਜੇ ਆਉਣ ਵਾਲੇ ਸਮੇਂ ਵਿੱਚ ਜਲਦ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ 2027 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਤਿਆਰ ਰਹਿਣ ਚਾਹੀਦਾ ਹੈ, ਜੋ ਲੀਡਰ ਘਰ–ਘਰ ਜਾਣਗੇ ਤਾਂ ਉਨ੍ਹਾਂ ਨੂੰ ਫਿੱਟ ਲਾਹਤਨਾਂ ਪੈਣਗੀਆਂ।”
ਅਕਾਲੀ ਆਗੂ ਦੀ ਸਰਕਾਰ ਨੂੰ ਨਸੀਹਤ
ਸ਼੍ਰੋਮਣੀ ਅਕਾਲੀ ਦਲ ਦੇ ਲਹਿਰਾਗਾਗਾ ਤੋਂ ਹਲਕਾ ਇੰਚਾਰਜ ਗਗਨਦੀਪ ਸਿੰਘ ਵੱਲੋਂ ਸਫਾਈ ਸੇਵਕਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਮਾਨ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਤੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਪ੍ਰਦਰਸ਼ਨਕਾਰ ਦੀ ਸਰਕਾਰ ਨੂੰ ਮੀਟਿੰਗ ਬਲਾਉਣੀ ਚਾਹੀਦੀ ਹੈ ਤੇ ਇਨ੍ਹਾਂ ਦੀਆਂ ਜੋ ਇਹ ਜਾਇਜ਼ ਮੰਗਾਂ ਹਨ ਇਸ ਦਾ ਹੱਲ ਕੱਢਣਾ ਚਾਹੀਦਾ ਹੈ।
ਲਹਿਰਾਗਾਗਾ ਵਿੱਚ ਸਫਾਈ ਸੇਵਕਾਂ ਦਾ ਇਹ ਪ੍ਰਦਰਸ਼ਨ ਹੁਣ ਸਰਕਾਰ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ ਕਿਉਂਕਿ ਪੂਰੇ ਪਾਸੇ ਸ਼ਹਿਰ ਵਿੱਚ ਸਫਾਈ ਦੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ, ਚਾਰੇ ਪਾਸੇ ਗੰਦਗੀ ਹੀ ਗੰਦਗੀ ਦਿਖਾਈ ਦੇ ਰਹੀ ਹੈ, ਸ਼ਹਿਰ ਵਾਸੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਸਮਰਥਨ ਨੇ ਇਸ ਅੰਦੋਲਨ ਨੂੰ ਹੋਰ ਬਲ ਦਿੱਤਾ ਹੈ।
ETV BHARAT