ਹਲਕਾ ਖੇਮਕਰਨ ਅਧੀਨ ਆਉਂਦੀ ਅਮਰਕੋਟ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਨਹੀਂ ਹੋ ਰਹੀ ਹੈ।
20 ਮਈ, 2026 – ਤਰਨ ਤਾਰਨ: ਹਲਕਾ ਖੇਮਕਰਨ ਅਧੀਨ ਆਉਂਦੀ ਅਮਰਕੋਟ ਦਾਣਾ ਮੰਡੀ ਵਿੱਚ ਅੱਜ ਵੀ ਕਿਸਾਨ ਆਪਣੀ ਕਣਕ ਲੈ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਨਸਪ ਏਜੰਸੀ ਵਲੋਂ ਆੜ੍ਹਤੀਆਂ ਨੂੰ ਬਰਦਾਨਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਉਨ੍ਹਾਂ ਦੀ ਕਣਕ ਖਰੀਦ ਦੀ ਨਹੀਂ ਹੋ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਉਪਰੋਂ ਝੋਨੇ ਦੀ ਲਵਾਈ ਦਾ ਸੀਜਨ ਆ ਚੁੱਕਿਆ ਹੈ, ਉਸ ਲਈ ਵੀ ਖੇਤ ਤਿਆਰ ਕਰਨੇ ਹਨ ਪਰ ਉਹ ਅੱਜ ਵੀ ਮੰਡੀਆਂ ਵਿਚ ਧੱਕੇ ਖਾਣ ਲਈ ਮਜ਼ਬੂਰ ਹਨ।
“ਖੁੱਲ੍ਹੇ ਅਸਮਾਨ ਹੇਠ ਪਈ ਹੈ ਕਣਕ“
ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ “ਅਸੀਂ ਲੰਬੇ ਸਮੇਂ ਤੋਂ ਮੰਡੀ ਵਿੱਚ ਬੈਠੇ ਹਾਂ ਨਾ ਕੋਈ ਬਾਰਦਾਨਾ ਮਿਲ ਰਿਹਾ, ਨਾ ਕੋਈ ਸਾਡੀ ਗੱਲ ਸੁਣ ਰਿਹਾ। ਜੇਕਰ ਕਣਕ ਦੀ ਖਰੀਦ ਹੋਵੇਗੀ ਤਾਂ ਹੀ ਅਸੀਂ ਆਪਣੇ ਝੋਨੇ ਦੀ ਲਵਾਈ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਵਲੋਂ 19 ਅਪ੍ਰੈਲ ਨੂੰ ਮੰਡੀਆਂ ਵਿੱਚ ਕਣਕ ਦੀ ਖਰੀਦ ਬੰਦ ਕਰ ਦਿੱਤੀ ਗਈ ਪਰ ਅੱਜ ਵੀ ਕਈ ਮੰਡੀਆਂ ਵਿੱਚ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ।”
“ਸਾਰੇ ਪੱਲੇਦਾਰ ਕੰਮ ਛੱਡ ਕੇ ਜਾ ਚੁੱਕੇ ਹਨ ਪਰ ਅਸੀਂ ਇੱਥੇ ਹੀ ਬੈਠੇ ਹਾਂ“
ਮੰਡੀ ਵਿੱਚ ਕੰਮ ਕਰਦੇ ਪੱਲੇਦਾਰ ਨੇ ਕਿਹਾ ਕਿ ਸਾਡੇ ਕੋਲ ਪਨਸਪ ਏਜੰਸੀ ਦਾ ਮਾਲ ਪਿਆ ਹੈ। ਉਨ੍ਹਾਂ ਵੱਲੋਂ ਕਿੰਨੀ ਵਾਰੀ ਪੱਲੇਦਾਰ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਮਾਲ ਚੁੱਕ ਕੇ ਲੈ ਜਾਵੇ ਪਰ ਉਹ ਕਹਿੰਦਾ ਹੈ ਕਿ ਸਾਡੇ ਕੋਲ ਫਿਲਹਾਲ ਜਗ੍ਹਾ ਨਹੀਂ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਬਹੁਤ ਸਾਰੇ ਪੱਲੇਦਾਰ ਕੰਮ ਛੱਡ ਕੇ ਜਾ ਚੁੱਕੇ ਹਨ ਪਰ ਅਸੀਂ ਇੱਥੇ ਹੀ ਬੈਠੇ ਹਾਂ।
“ਸਭ ਤੋਂ ਮਾੜੀ ਏਜੰਸੀ ਪਨਸਪ ਨਿਕਲੀ“
ਆੜ੍ਹਤੀਏ ਸੁਖਵਿੰਦਰ ਸਿੰਘ ਨੇ ਕਿਹਾ ਕਿ “ਉਨ੍ਹਾਂ ਕੋਲ ਏਜੰਸੀਆਂ ਨੇ ਜਿਨ੍ਹਾਂ ਨੇ ਬਹੁਤ ਵਧੀਆ ਖਰੀਦ ਕੀਤੀ ਅਤੇ ਵਧੀਆ ਢੰਗ ਨਾਲ ਲਿਫਟਿੰਗ ਕਰਵਾਈ ਹੈ। ਪਰ ਸਭ ਤੋਂ ਮਾੜੀ ਏਜੰਸੀ ਪਨਸਪ ਦੀ ਏਜੰਸੀ ਨਿਕਲੀ, ਇਸਨੇ ਮਾਲ ਵੀ ਸਭ ਤੋਂ ਘੱਟ ਖਰੀਦਿਆ ਅਤੇ ਲਿਫਟਿੰਗ ਵੀ ਨਹੀਂ ਕਰਾਈ। ਇਸ ਏਜੰਸੀ ਨੇ ਜਿੰਨਾ ਮਾਲ ਖਰੀਦਿਆ ਸਾਰਾ ਮੰਡੀ ਵਿੱਚ ਪਿਆ ਹੈ। ਜੇਕਰ ਅਸੀਂ ਇੰਸਪੈਕਟਰ ਨੂੰ ਕਹਿੰਦੇ ਹਾਂ ਕਿ ਆਪਣਾ ਮਾਲ ਚੁੱਕੋ ਤਾਂ ਉਹ ਕਹਿੰਦੇ ਨੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ। ਜਿਹੜਾ ਵੀ ਉਨ੍ਹਾਂ ਨਾਲ ਹੱਥ ਮਿਲਾ ਲੈਂਦਾ ਉਸਨੂੰ ਕੁਝ ਪੈਸੇ ਦੇ ਦਿੰਦਾ ਤਾਂ ਉਸਦਾ ਮਾਲ ਚੁੱਕਵਾ ਦਿੰਦਾ ਨਹੀਂ ਤਾਂ ਕਿਸੇ ਦਾ ਕੰਮ ਨਹੀਂ ਕਰਦਾ।”
ਉਨ੍ਹਾਂ ਕਿਹਾ ਕਿ 19 ਅਪ੍ਰੈਲ ਦੀ ਖਰੀਦ ਹੋਈ ਹੈ, ਪਰ ਹੁਣ ਤੱਕ ਸਾਨੂੰ ਉਸਦਾ ਬਾਰਦਾਨਾ ਨਹੀਂ ਮਿਲਿਆ। ਜੋ ਜਿੰਮੀਦਾਰ ਨੇ ਉਹ ਵਿਚਾਰੇ ਕਣਕ ਦੀਆਂ ਢੇਰੀਆਂ ‘ਤੇ ਇੱਥੇ ਬੈਠੇ ਨੇ। ਅਸੀਂ ਵੀ ਕੀ ਕਰੀਏ ਜੇਕਰ ਬਾਰਦਾਨਾ ਮਿਲੇਗਾ ਅਸੀਂ ਵੀ ਤਾਂ ਹੀ ਕਣਕ ਭਰਾਂਗੇ।
“ਜਲਦੀ ਹੀ ਕੀਤਾ ਜਾਵੇਗਾ ਮੁਸ਼ਕਿਲਾਂ ਦਾ ਹੱਲ“
ਏਡੀਸੀ ਸੁਰਿੰਦਰ ਸਿੰਘ ਨੇ ਕਿਹਾ ਕਿ “ਮਾਮਲਾ ਉਨ੍ਹਾਂ ਦੇ ਧਿਆਨ ਆਇਆ ਹੈ ਜਲਦੀ ਹੀ ਉਥੇ ਸੰਬੰਧਿਤ ਏਜੰਸੀ ਦਾ ਇੰਸਪੈਕਟਰ ਭੇਜ ਕੇ ਲਿਫਟਿੰਗ ਅਤੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਅਤੇ ਕਿਸੇ ਕਿਸਾਨ ਜਾਂ ਆੜਤੀਏ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।”
ETV BHARAT