ਇੱਕ ਨੌਜਵਾਨ ਜੋ ਬਣਿਆ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਦੀ ਉਮੀਦ
ਗੂਗਲ ਵੱਲੋਂ ਚੰਡੀਗੜ੍ਹ ਦੇ ਨੌਜਵਾਨ ਸੁਖਮਨ ਸਿੰਘ ਨੂੰ ‘ਬਲੱਡਮੈਨ ਆਫ਼ ਚੰਡੀਗੜ੍ਹ‘ ਦਾ ਨਾਂ ਦਿੱਤਾ ਗਿਆ ਹੈ।
25 ਮਈ, 2026 – ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਜਿੱਥੇ ਜ਼ਿਆਦਾਤਰ ਨੌਜਵਾਨ ਆਪਣੀ ਪੜ੍ਹਾਈ, ਨੌਕਰੀ ਅਤੇ ਕਰੀਅਰ ਦੀ ਦੌੜ ਵਿੱਚ ਰੁੱਝੇ ਹੋਏ ਹਨ, ਉੱਥੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੁਖਮਨ ਸਿੰਘ ਮਨੁੱਖਤਾ ਦੀ ਸੇਵਾ ਨੂੰ ਆਪਣਾ ਮਿਸ਼ਨ ਬਣਾ ਚੁੱਕਾ ਹੈ। ਸੁਖਮਨ ਸਿੰਘ, ਜਿਨ੍ਹਾਂ ਨੂੰ ਲੋਕ “ਬਲੱਡਮੈਨ ਆਫ ਚੰਡੀਗੜ੍ਹ” ਦੇ ਨਾਂ ਨਾਲ ਜਾਣਦੇ ਹਨ। ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੀਜੀਆਈ ਐਮਰਜੈਂਸੀ ਵਿੱਚ ਮਰੀਜ਼ਾਂ ਲਈ ਖੁਦ ਖੂਨ ਅਤੇ ਪਲੇਟਲੈਟ ਦਾਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰਾਂ ਨੂੰ ਖੂਨ ਦਾਨ ਦੀ ਪ੍ਰੇਰਨਾ ਦੇ ਕੇ ਡੋਨਰਾਂ ਦਾ ਪ੍ਰਬੰਧ ਕਰਕੇ ਅਨੇਕਾਂ ਜ਼ਿੰਦਗੀਆਂ ਬਚਾ ਚੁੱਕੇ ਹਨ। ਈਟੀਵੀ ਭਾਰਤ ਵੱਲੋਂ ਚੰਡੀਗੜ੍ਹ ਦੇ ਬਲੱਡਮੈਨ ਸੁਖਮਨ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ।
ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸੁਖਮਨ ਸਿੰਘ ਨੇ ਦੱਸਿਆ ਕਿ “ਉਨ੍ਹਾਂ ਦੀ ਇਹ ਸੇਵਾ ਯਾਤਰਾ ਸਾਲ 2015 ਵਿੱਚ ਸ਼ੁਰੂ ਹੋਈ। ਜਦੋਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਸੀ। ਉਨ੍ਹਾਂ ਨੇ PGI ਚੰਡੀਗੜ੍ਹ ਦੇ ਬਾਹਰ ਕਈ ਪਰਿਵਾਰਾਂ ਨੂੰ ਆਪਣੇ ਮਰੀਜ਼ਾਂ ਲਈ ਖੂਨ ਦੀ ਭਾਲ ਕਰਦੇ ਦੇਖਿਆ। ਇੱਕ ਦਿਨ ਇੱਕ ਮਾਂ ਆਪਣੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲੋਕਾਂ ਕੋਲ ਮਦਦ ਮੰਗ ਰਹੀ ਸੀ। ਉਸ ਮਾਂ ਦੀਆਂ ਅੱਖਾਂ ਵਿੱਚ ਦਰਦ ਅਤੇ ਬੇਬਸੀ ਦੇਖ ਕੇ ਮੇਰਾ ਦਿਲ ਪਿਘਲ ਗਿਆ। ਉਨ੍ਹਾਂ ਨੇ ਬਿਨਾਂ ਦੇਰ ਕੀਤੇ ਖੂਨ ਦਾਨ ਕੀਤਾ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਮੋੜ ਸੀ ਜਿਸ ਨੇ ਉਨ੍ਹਾਂ ਦੀ ਸੋਚ ਅਤੇ ਜੀਵਨ ਦਾ ਮਕਸਦ ਬਦਲ ਦਿੱਤਾ। ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕਰ ਲਿਆ ਕਿ ਉਹ ਜਿੱਥੇ ਵੀ ਹੋ ਸਕੇ, ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਮਦਦ ਕਰਨਗੇ।”
ਹਜ਼ਾਰਾਂ ਵਾਰ ਖੂਨ ਅਤੇ 44 ਵਾਰ ਪਲੇਟਲੈਟਸ ਕੀਤੇ ਦਾਨ
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸੁਖਮਨ ਸਿੰਘ ਨੇ ਆਪਣਾ ਖੂਨ ਦਾਨ ਕਰਨ ਦਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ “ਸਾਲ 2015 ਤੋਂ ਲੈ ਕੇ ਹੁਣ 2026 ਤੱਕ ਉਹ ਕਈ ਹਜ਼ਾਰ ਵਾਰ ਖੂਨ ਦਾਨ ਕਰ ਚੁੱਕੇ ਹਨ, ਜਦਕਿ 44 ਵਾਰ ਉਹਨਾਂ ਵੱਲੋਂ ਪਲੇਟਲੈਟਸ ਡੋਨੇਟ ਕੀਤੇ ਗਏ। ਖੂਨ ਅਤੇ ਪਲੇਟਲੈਟਸ ਦੀ ਪ੍ਰਕਿਰਿਆ ਅਲੱਗ-ਅਲੱਗ ਹੁੰਦੀ ਹੈ। ਹੁਣ ਉਹ ਜ਼ਿਆਦਾਤਰ ਪਲੇਟਲੈਟਸ ਹੀ ਡੋਨੇਟ ਕਰਦੇ ਹਨ। ਇਕ ਵਾਰ ਪਲੇਟਲੈਟਸ ਡੋਨੇਟ ਕਰਨ ਤੋਂ ਬਾਅਦ 3 ਮਹੀਨੇ ਬਾਅਦ ਹੀ ਮੁੜ ਪਲੇਟਲੈਟਸ ਡੋਨੇਟ ਕੀਤੇ ਜਾ ਸਕਦੇ ਹਨ।”
ਮੈਂ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਲਈ ਆਇਆ ਸੀ ਤੇ ਮੇਰਾ ਵਿਭਾਗ ਗੇਟ 1 ਕੋਲ ਪੀਜੀਆਈ ਦੇ ਸਾਹਮਣੇ ਪੈਂਦਾ ਹੈ। ਮੈਂ ਆਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ ਤਾਂ ਇੱਕ ਮਾਤਾ ਜੀ ਡੋਨਰ ਲੱਭਣ ਆਏ ਸੀ ਤੇ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਪੁੱਤ ਮੇਰੇ ਮੁੰਡੇ ਦਾ ਅਪ੍ਰੇਸ਼ਨ ਹੈ ਤੇ ਉਸ ਦੀ ਜਾਨ ਬਚ ਜਾਵੇਗੀ ਜੇ ਤੁਸੀਂ ਖੂਨਦਾਨ ਕਰ ਦਿਓਗੇ ਤਾਂ ਮੈਂ ਉਸ ਸਮੇਂ ਹੀ ਮਾਤਾ ਜੀ ਨੂੰ ਕਿਹਾ ਕਿ ਜ਼ਰੂਰ ਖੂਨਦਾਨ ਕਰਾਂਗਾ। ਜਦੋਂ ਮੈਂ ਉਥੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਤਾਂ ਦੇਖਿਆ ਕਿ ਹੋਰ ਵੀ ਲੋਕ ਖੂਨ ਲਈ ਪਰੇਸ਼ਾਨ ਹੋ ਰਹੇ ਹਨ, ਉਸ ਘਟਨਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।– ਸੁਖਮਨ ਸਿੰਘ, ਬਲੱਡਮੈਨ ਆਫ਼ ਚੰਡੀਗੜ੍ਹ
ਗੂਗਲ ਨੇ ਦਿੱਤਾ ‘ਬਲੱਡਮੈਨ ਆਫ਼ ਚੰਡੀਗੜ੍ਹ’ ਦਾ ਨਾਂ
ਸੁਖਨਮ ਦੱਸਦੇ ਹਨ ਕਿ “ਉਹਨਾਂ ਨੇ ਜੋ ਵੀ ਕੀਤਾ ਉਹ ਸਿਰਫ਼ ਸਮਾਜ ਸੇਵਾ ਦਾ ਹਿੱਸਾ ਸੀ, ਕਿਸੇ ਪ੍ਰਸਿੱਧੀ ਜਾਂ ਰਿਕਾਰਡ ਦੀ ਉਹਨਾਂ ਨੂੰ ਕੋਈ ਲਾਲਸਾ ਨਹੀਂ ਸੀ। ਉਹਨਾਂ ਨੇ ਕਦੇ ਵੀ ਕੋਈ ਐਵਾਰਡ ਜਾਂ ਪ੍ਰਸਿੱਧੀ ਹਾਸਲ ਕਰਨ ਲਈ ਭੱਜ ਦੌੜ ਨਹੀਂ ਕੀਤੀ ਪਰ ਗੂਗਲ ਨੇ ਉਹਨਾਂ ਦੀ ਇਸ ਸਮਾਜ ਸੇਵਾ ਨੂੰ ਪਛਾਣ ਜ਼ਰੂਰ ਦਿੱਤੀ। ਜਦੋਂ ਵੀ ਗੂਗਲ ‘ਤੇ ਸਰਚ ਕੀਤਾ ਜਾਂਦਾ ਹੈ ਕਿ ਬਲੱਡਮੈਨ ਆਫ਼ ਚੰਡੀਗੜ੍ਹ ਤਾਂ ਹਮੇਸ਼ਾ ਸੁਖਮਨ ਸਿੰਘ ਦਾ ਨਾਂ ਜ਼ਰੂਰ ਆਉਂਦਾ ਹੈ।”
3000 ਤੋਂ ਵੱਧ ਡੋਨਰਾਂ ਦਾ ਬਣਾਇਆ ਨੈੱਟਵਰਕ
ਸੁਖਮਨ ਨੇ ਆਪਣੇ ਦੋਸਤਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਲਕੇ ਇੱਕ ਵੱਡਾ ਬਲੱਡ ਡੋਨਰ ਨੈੱਟਵਰਕ ਤਿਆਰ ਕੀਤਾ ਹੈ। ਅੱਜ ਇਸ ਨੈੱਟਵਰਕ ਵਿੱਚ ਤਿੰਨ ਹਜ਼ਾਰ ਤੋਂ ਵੱਧ ਨੌਜਵਾਨ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਕਈ ਲੜਕੀਆਂ ਵੀ ਇਸ ਮੁਹਿੰਮ ਦਾ ਹਿੱਸਾ ਬਣਕੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੀਆਂ ਹਨ। ਉਹਨਾਂ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਨਾ ਹੈ ਅਤੇ ਖੂਨ ਦਾਨ ਕਰਕੇ ਕਈ ਅਨਮੋਲ ਜ਼ਿੰਦਗੀਆਂ ਬਚਾਉਣਾ ਹੈ। ਜਦੋਂ ਵੀ ਕਿਸੇ ਮਰੀਜ਼ ਨੂੰ ਐਮਰਜੈਂਸੀ ਵਿੱਚ ਖੂਨ ਜਾਂ ਪਲੇਟਲੈਟ ਦੀ ਲੋੜ ਪੈਂਦੀ ਹੈ, ਸੁਖਮਨ ਅਤੇ ਉਨ੍ਹਾਂ ਦੀ ਟੀਮ ਤੁਰੰਤ ਐਕਟਿਵ ਹੋ ਜਾਂਦੀ ਹੈ। ਸੋਸ਼ਲ ਮੀਡੀਆ, ਫੋਨ ਕਾਲਾਂ ਅਤੇ ਵਟਸਐਪ ਗਰੁੱਪਾਂ ਰਾਹੀਂ ਡੋਨਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਕੁਝ ਹੀ ਸਮੇਂ ਵਿੱਚ ਮਦਦ ਪਹੁੰਚਾ ਦਿੱਤੀ ਜਾਂਦੀ ਹੈ। ਉਹ ਦੱਸਦੇ ਹਨ ਕਿ ਆਪਣੇ ਇਸ ਨੈਟਵਰਕ ਰਾਹੀਂ ਪੰਜਾਬ ਦੇ ਹੋਰਨਾਂ ਹਸਪਤਾਲਾਂ ਤੱਕ ਵੀ ਪਹੁੰਚ ਕਰਦੇ ਹਨ, ਜਿਥੇ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੋਵੇ।
PGI ਦੇ ਸਟਾਫ਼ ਕੋਲ ਵੀ ਹੈ ਨੰਬਰ
ਸੁਖਮਨ ਨੇ ਆਪਣਾ ਸੰਪਰਕ ਨੰਬਰ PGI ਦੇ ਐਮਰਜੈਂਸੀ ਵਾਰਡ ਦੇ ਸਟਾਫ਼ ਨਾਲ ਵੀ ਸਾਂਝਾ ਕੀਤਾ ਹੋਇਆ ਹੈ ਤਾਂ ਜੋ ਜਦੋਂ ਵੀ ਕੋਈ ਗੰਭੀਰ ਮਰੀਜ਼ ਆਵੇ, ਤੁਰੰਤ ਉਸ ਨਾਲ ਸੰਪਰਕ ਕੀਤਾ ਜਾ ਸਕੇ। ਉਹ ਕਹਿੰਦੇ ਹਨ ਕਿ ਉਹ ਸਿਰਫ਼ ਐਮਰਜੈਂਸੀ ਮਾਮਲਿਆਂ ਵਿੱਚ ਹੀ ਕੰਮ ਕਰਦੇ ਹਨ, ਕਿਉਂਕਿ ਉਸ ਵੇਲੇ ਇੱਕ ਮਿੰਟ ਵੀ ਬਹੁਤ ਕੀਮਤੀ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੁਖਮਨ ਨੂੰ ਇਸ ਕੰਮ ਲਈ ਕਿਸੇ ਵੀ ਸਰਕਾਰੀ ਸੰਸਥਾ ਜਾਂ NGO ਤੋਂ ਆਰਥਿਕ ਮਦਦ ਨਹੀਂ ਮਿਲਦੀ। ਉਹ ਇਹ ਸਾਰਾ ਕੰਮ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਦੀ ਮਦਦ ਨਾਲ ਚਲਾ ਰਹੇ ਹਨ।
ਸਾਰੇ ਧਰਮ ਸਤਿਕਾਰਯੋਗ ਹਨ ਪਰ ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਜਨਮ ਸਿੱਖ ਧਰਮ ‘ਚ ਹੋਇਆ ਹੈ। ਸਾਡੇ ਤਾਂ ਸ਼ੁਰੂ ਤੋਂ ਹੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹੀ ਇਹ ਹਨ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਹੈ ਅਤੇ ਲੋਕਾਂ ਦੀ ਸੇਵਾ ਕਰਨੀ ਹੈ। ਜੇ ਕੋਈ ਦੁਖੀ ਹੈ ਤਾਂ ਅਸੀਂ ਉਸ ਦੀ ਬਾਂਹ ਫੜ੍ਹਨੀ ਹੈ। ਪਹਿਲਾਂ ਅਸੀਂ ਪਿੰਡਾਂ ‘ਚ ਜਾਂ ਗੁਰੂ ਘਰਾਂ ‘ਚ ਸੇਵਾ ਕਰਦੇ ਸੀ ਤੇ ਹੁਣ ਜਦੋਂ ਦੇ ਚੰਡੀਗੜ੍ਹ ਆਏ ਹਾਂ ਤਾਂ ਦੇਖਿਆ ਕਿ ਲੋਕ ਇੱਥੇ ਕਈ ਦੁਖੀ ਹੁੰਦੇ ਹਨ ਤਾਂ ਇਨਸਾਨੀਅਤ ਦੇ ਚੱਲਦੇ ਇਹ ਸੇਵਾ ਕਰ ਰਹੇ ਹਾਂ।- ਸੁਖਮਨ ਸਿੰਘ, ਬਲੱਡਮੈਨ ਆਫ਼ ਚੰਡੀਗੜ੍ਹ
ਖੂਨ ਦਾਨ ਤੋਂ ਇਲਾਵਾ ਵੀ ਕਰਦਾ ਹੈ ਸੇਵਾ
ਸੁਖਮਨ ਸਿੰਘ ਸਿਰਫ਼ ਖੂਨ ਦਾਨ ਤੱਕ ਸੀਮਿਤ ਨਹੀਂ ਹੈ। ਉਹ PGI ਦੇ ਬਾਹਰ “ਚਾਹ ਦਾ ਲੰਗਰ” ਵੀ ਲਗਾਉਂਦੇ ਹੈ। ਜਿੱਥੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੁਫ਼ਤ ਚਾਹ ਅਤੇ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਹ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਵੀ ਕਰਦੇ ਹਨ।
ਨੌਜਵਾਨਾਂ ਲਈ ਪ੍ਰੇਰਣਾ
ਸੁਖਮਨ ਸਿੰਘ ਅੱਜ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਬਣ ਚੁੱਕੇ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਮਨ ਵਿੱਚ ਸੇਵਾ ਦੀ ਭਾਵਨਾ ਹੋਵੇ ਤਾਂ ਇੱਕ ਵਿਅਕਤੀ ਵੀ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਉਮੀਦ ਦੀ ਰੌਸ਼ਨੀ ਬਣ ਸਕਦਾ ਹੈ। ਉਨ੍ਹਾਂ ਦੀ ਇਹ ਮਨੁੱਖਤਾ ਭਰੀ ਸੇਵਾ ਸਮਾਜ ਲਈ ਇੱਕ ਮਿਸਾਲ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਖੂਨ ਦਾਨ ਸਿਰਫ਼ ਦਾਨ ਨਹੀਂ, ਸਗੋਂ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦੇ ਬਰਾਬਰ ਹੈ।
ਨਿੱਜੀ ਜ਼ਿੰਦਗੀ ਵਿਚ ਕੌਣ ਹਨ ਸੁਖਮਨ
‘ਬਲੱਡਮੈਨ ਆਫ਼ ਚੰਡੀਗੜ੍ਹ’ ਸੁਖਮਨ ਸਿੰਘ ਦਾ ਪਿਛੋਕੜ ਪੰਜਾਬ ਦੇ ਜਲਾਲਾਬਾਦ ਨਾਲ ਜੁੜਿਆ ਹੋਇਆ ਹੈ। ਉਹਨਾਂ ਦੀ ਉਮਰ ਮਹਿਜ਼ 29 ਸਾਲ ਦੀ ਹੈ ਅਤੇ 18 ਸਾਲ ਦੀ ਉਮਰ ਤੋਂ ਉਹ ਖੂਨ ਦਾਨ ਕਰਦੇ ਆ ਰਹੇ ਹਨ। ਸਾਲ 2015 ਵਿਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ। ਜਿਥੇ ਉਹਨਾਂ ਨੇ ਸੋਸ਼ਲ ਵਰਕ ਅਤੇ ਰਾਜਨੀਤੀ ਸ਼ਾਸਤਰ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਮੌਜੂਦਾ ਸਮੇਂ ਉਹ ਚੰਡੀਗੜ੍ਹ ਵਿਚ ਰਹਿੰਦੇ ਹਨ ਅਤੇ ਇਕ ਨਿੱਜੀ ਕੰਪਨੀ ਵਿਚ ਨੌਕਰੀ ਕਰਦੇ ਹਨ। ਉਹਨਾਂ ਦੇ ਦੱਸਣ ਮੁਤਾਬਕ ਉਹ ਸਮਾਜ ਸੇਵਾ ਨਾਲ ਜ਼ਿਆਦਾ ਜੁੜੇ ਹੋਏ ਹਨ।
ETV BHARAT