LOCAL BODIES ELECTIONS 2026: ਇਸ ਵਾਰ ਭਾਜਪਾ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਧ ਹਨ ਅਤੇ ਆਜ਼ਾਦ ਉਮੀਦਵਾਰ ਇਨ੍ਹਾਂ ਦੋਵੇਂ ਪਾਰਟੀਆਂ ਨਾਲੋਂ ਵੱਧ ਹਨ।
25 ਮਈ, 2026 – ਚੰਡੀਗੜ੍ਹ: ਪੰਜਾਬ ਵਿੱਚ ਸਥਾਨਕ ਸਰਕਾਰਾਂ ਦੇ ਭਵਿੱਖ ਦਾ ਫੈਸਲਾ ਕਰਨ ਲਈ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਸ਼ਾਸਨਿਕ ਅਤੇ ਸਿਆਸੀ ਤਿਆਰੀਆਂ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕੀਆਂ ਹਨ। ਸੂਬਾ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਮੈਦਾਨ ਵਿੱਚ 7,555 ਉਮੀਦਵਾਰ
ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਸਿਆਸੀ ਅਖਾੜੇ ਵਿੱਚ ਕੁੱਲ 7,555 ਉਮੀਦਵਾਰ ਚੋਣ ਲੜ ਰਹੇ ਹਨ। ਸਭ ਤੋਂ ਵੱਧ 1801 ਉਮੀਦਵਾਰ ਆਮ ਆਦਮੀ ਪਾਰਟੀ ਦੇ ਹਨ। ਇਸ ਤੋਂ ਬਾਅਦ ਕਾਂਗਰਸ ਦੇ 1550, ਭਾਰਤੀ ਜਨਤਾ ਪਾਰਟੀ ਦੇ 1316, ਅਤੇ ਸ਼੍ਰੋਮਣੀ ਅਕਾਲੀ ਦਲ ਦੇ 1251 ਉਮੀਦਵਾਰ ਚੋਣ ਲੜ ਰਹੇ ਹਨ। ਇਸ ਵਾਰ 1,528 ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ, ਜਦਕਿ ਬਹੁਜਨ ਸਮਾਜ ਪਾਰਟੀ ਦੇ 96 ਅਤੇ 13 ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
713 ਉਮੀਦਵਾਰਾਂ ਦੇ ਕਾਗਜ਼ ਹੋਏ ਰੱਦ
ਇਸ ਵਾਰ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਰੱਦ ਹੋਣ ਅਤੇ ਕਈ ਥਾਵਾਂ ‘ਤੇ ਬਿਨਾਂ ਮੁਕਾਬਲਾ ਚੋਣ ਜਿੱਤਣ ਦੇ ਵੀ ਦਿਲਚਸਪ ਅੰਕੜੇ ਸਾਹਮਣੇ ਆਏ ਹਨ। ਚੋਣ ਕਮਿਸ਼ਨ ਮੁਤਾਬਕ, ਦਾਖ਼ਲ ਕੀਤੇ ਗਏ ਕੁੱਲ 10,809 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ 713 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬਟਾਲਾ ਨਗਰ ਨਿਗਮ ਵਿੱਚ ਸਭ ਤੋਂ ਵੱਧ 67 ਅਤੇ ਜ਼ਿਲ੍ਹਿਆਂ ਵਿੱਚੋਂ ਮੋਹਾਲੀ ਵਿੱਚ ਸਭ ਤੋਂ ਵੱਧ 114 ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸ ਤੋਂ ਇਲਾਵਾ 2300 ਤੋਂ ਵੱਧ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਵੀ ਲੈ ਲਈਆਂ ਸਨ।
79 ਥਾਵਾਂ ‘ਤੇ ਨਿਰਵਿਰੋਧ ਜੇਤੂ
ਇਸ ਵਾਰ ਪੰਜਾਬ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਵਿਊਂਤਬੰਦੀ ਅਤੇ ਵਿਰੋਧੀ ਉਮੀਦਵਾਰ ਨਾ ਹੋਣ ਕਰਕੇ 79 ਉਮੀਦਵਾਰ ਬਿਨਾਂ ਮੁਕਾਬਲਾ ਜਾਂ ਨਿਰਵਿਰੋਧ ਜੇਤੂ ਐਲਾਨੇ ਗਏ ਹਨ। ਇਨ੍ਹਾਂ ਸੀਟਾਂ ‘ਤੇ ਸਿਰਫ਼ ਇੱਕ-ਇੱਕ ਉਮੀਦਵਾਰ ਹੀ ਮੈਦਾਨ ਵਿੱਚ ਬਚਿਆ ਸੀ, ਜਿਸ ਕਾਰਨ ਇਨ੍ਹਾਂ 79 ਸੀਟਾਂ ‘ਤੇ ਹੁਣ ਵੋਟਿੰਗ ਨਹੀਂ ਹੋਵੇਗੀ। ਇਨ੍ਹਾਂ ਵਿੱਚੋਂ 4 ਜੇਤੂ ਉਮੀਦਵਾਰ ਨਗਰ ਨਿਗਮਾਂ ਦੇ, 47 ਨਗਰ ਕੌਂਸਲਾਂ ਦੇ ਅਤੇ 28 ਨਗਰ ਪੰਚਾਇਤਾਂ ਨਾਲ ਸਬੰਧਤ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚੋਂ ਬਹੁਤੇ ਉਮੀਦਵਾਰ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨਾਲ ਸਬੰਧਤ ਹਨ।
ਖਰੜ ਅਤੇ ਅਜਨਾਲਾ ਦੀ ਚੋਣ ਮੁਲਤਵੀ
ਖਰੜ ਨਗਰ ਕੌਂਸਲ ਦੀ ਚੋਣ ਨਵੇਂ ਸ਼ਾਮਲ ਕੀਤੇ 6 ਪਿੰਡਾਂ ਦੀ ਵਾਰਡਬੰਦੀ ਨਾ ਹੋਣ ਅਤੇ ਵੋਟਿੰਗ ਅਧਿਕਾਰਾਂ ਦੇ ਵਿਵਾਦ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਰੱਦ ਕੀਤੀ ਗਈ ਹੈ। ਇਸ ਤੋਂ ਇਲਾਵਾ ਅਜਨਾਲਾ ਨਗਰ ਪੰਚਾਇਤ ਦੀ ਚੋਣ ਵੀ ਨਵੇਂ ਪਿੰਡਾਂ ਦੀ ਵਾਰਡਬੰਦੀ ਦੇ ਵਿਵਾਦ ਕਰਕੇ 20 ਮਈ ਨੂੰ ਹਾਈਕੋਰਟ ਵੱਲੋਂ ਰੋਕ ਦਿੱਤੀ ਗਈ ਸੀ। ਇਹ ਚੋਣਾਂ ਉਦੋਂ ਤੱਕ ਨਹੀਂ ਕਰਵਾਈਆਂ ਜਾਣਗੀਆਂ ਜਦੋਂ ਤੱਕ ਸਥਾਨਕ ਸਰਕਾਰ ਵਿਭਾਗ ਇਨ੍ਹਾਂ ਪਿੰਡਾਂ ਨੂੰ ਵਾਰਡਾਂ ਵਿੱਚ ਸ਼ਾਮਲ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ। ਇਸ ਤੋਂ ਬਾਅਦ ਹੁਣ 8 ਨਗਰ ਨਿਗਮਾਂ (ਮੋਹਾਲੀ, ਬਠਿੰਡਾ, ਮੋਗਾ, ਪਠਾਨਕੋਟ, ਕਪੂਰਥਲਾ,ਬਰਨਾਲਾ, ਅਬੋਹਰ, ਬਟਾਲਾ) ਦੇ ਨਾਲ-ਨਾਲ 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਉੱਤੇ ਵੋਟਿੰਗ ਹੋਵੇਗੀ।
36 ਲੱਖ ਤੋਂ ਵੱਧ ਵੋਟਰ
ਸ਼ਹਿਰੀ ਖੇਤਰਾਂ ਦੀ ਸਥਾਨਕ ਸਰਕਾਰ ਚੁਣਨ ਲਈ ਇਸ ਵਾਰ ਕੁੱਲ 36,72,000 ਤੋਂ ਵੱਧ ਰਜਿਸਟਰਡ ਵੋਟਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨਗੇ। ਕੁੱਲ ਵੋਟਰਾਂ ਵਿੱਚ ਲਗਭਗ 18.99 ਲੱਖ ਮਰਦ ਵੋਟਰ, 17.73 ਲੱਖ ਔਰਤ ਵੋਟਰ ਅਤੇ 226 ਥਰਡ ਜੈਂਡਰ ਵੋਟਰ ਸ਼ਾਮਲ ਹਨ।
3,977 ਬੂਥਾਂ ‘ਤੇ ਪੈਣਗੀਆਂ ਵੋਟਾਂ
ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੇ ਪੰਜਾਬ ਵਿੱਚ ਕੁੱਲ 3,977 ਪੋਲਿੰਗ ਬੂਥ/ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਵਾਧੂ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਚੋਣਾਂ ਬੈਲੇਟ ਪੇਪਰ ਰਾਹੀਂ ਹੀ ਕਰਵਾਈਆਂ ਜਾ ਰਹੀਆਂ ਹਨ।
36,000 ਮੁਲਾਜ਼ਮਾਂ ਦੀ ਤਾਇਨਾਤੀ
ਚੋਣਾਂ ਦੌਰਾਨ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਰੋਕਣ ਅਤੇ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਲਗਭਗ 36,000 ਚੋਣ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਵਿੱਚ ਰਿਟਰਨਿੰਗ ਅਫ਼ਸਰ, ਅਸਿਸਟੈਂਟ ਰਿਟਰਨਿੰਗ ਅਫ਼ਸਰ, ਪੋਲਿੰਗ ਸਟਾਫ਼ ਅਤੇ ਸੁਪਰਵਾਈਜ਼ਰ ਸ਼ਾਮਲ ਹਨ। ਜ਼ਿਲ੍ਹਾ ਪੱਧਰ ‘ਤੇ ਸੀਨੀਅਰ IAS ਅਤੇ PCS ਅਧਿਕਾਰੀਆਂ ਨੂੰ ਨਿਗਰਾਨ ਵਜੋਂ ਤਾਇਨਾਤ ਕੀਤਾ ਗਿਆ ਹੈ।
ਸੁਰੱਖਿਆ ਦੇ ਇੰਤਜ਼ਾਮ
ਸੁਰੱਖਿਆ ਦੇ ਲਿਹਾਜ਼ ਨਾਲ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ 35,500 ਪੁਲਿਸ ਅਤੇ ਹੋਮ ਗਾਰਡ ਜਵਾਨ ਤਾਇਨਾਤ ਕੀਤੇ ਗਏ ਹਨ। ਹਰੇਕ ਪੋਲਿੰਗ ਬੂਥ ‘ਤੇ ਲਗਭਗ 5 ਸੁਰੱਖਿਆ ਕਰਮੀ ਤਾਇਨਾਤ ਰਹਿਣਗੇ। ਚੋਣਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਹਾਈ ਕੋਰਟ ਨੇ ਵੀ ਵੱਡੇ ਪੱਧਰ ‘ਤੇ ਵੀਡੀਓਗ੍ਰਾਫੀ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਚੋਣਾਂ ਦਾ ਸ਼ਡਿਊਲ
ਵੋਟਿੰਗ ਦੀ ਪ੍ਰਕਿਰਿਆ 26 ਮਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਜਿਸ ਤੋਂ ਬਾਅਦ 29 ਮਈ 2026 ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਰਾਜ ਚੋਣ ਕਮਿਸ਼ਨਰ ਨੇ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ 26 ਮਈ ਨੂੰ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਜਾ ਕੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈਣ।
ETV BHARAT