ਕਿਸਾਨ ਝੋਨੇ ਤੋਂ ਪਾਸਾ ਵੱਟਣ ਲੲੀ ਤਿਆਰ ਪਰ ਪੰਜਾਬ ਸਰਕਾਰ ਮੱਕੀ, ਮੂੰਗੀ ਅਤੇ ਬਾਸਮਤੀ ਕਿਸਮਾਂ ’ਤੇ ਐੱਮ ਐੱਸ ਪੀ ਦੇਵੇ: ਭੈਣੀਬਾਘਾ
28 ਮਈ, 2026 – ਮਾਨਸਾ : ਭਾਵੇਂ ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਆਰੰਭ ਹੋ ਗਈ ਹੈ ਪਰ ਮਾਲਵਾ ਖੇਤਰ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਝੋਨੇ ਨੂੰ ਸਿੱਧੇ ਤੌਰ ’ਤੇ ਨਹੀਂ ਬੀਜਿਆ ਹੈ। ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਨੂੰ ਲਗਾਤਾਰ ਦੋ ਹਫ਼ਤਿਆਂ ਤੋਂ ਆਪਣੇ ਖੇਤਾਂ ਵਿੱਚ ਲਾਇਆ ਹੋਇਆ ਹੈ ਅਤੇ ਕਿਸਾਨ ਇਸ ਵਾਰ ਝੋਨੇ ਦੀ ਬਿਜਾਈ ਪਨੀਰੀ ਰਾਹੀਂ ਕਰਨ ਨੂੰ ਤਰਜੀਹ ਦੇਣਗੇ।
ਮਾਨਸਾ ਸਮੇਤ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਮਾਲਵਾ ਖੇਤਰ ’ਚ ਖੇਤੀ ਅਧਿਕਾਰੀ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿੱਚ ਰੁੱਝੇ ਹੋਏ ਹਨ, ਜਿਸ ਕਾਰਨ ਝੋਨੇ ਦੀ ਸਿੱਧੀ ਬਿਜਾਈ ਲਈ ਵਿਸ਼ੇਸ ਕੈਂਪ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਨਹੀਂ ਲੱਗੇ।
ਮਾਲਵਾ ਵਿੱਚ ਆਉਂਦੇ ਜ਼ਿਲ੍ਹੇ ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਫਰੀਦਕੋਟ, ਮੋਗਾ, ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ ਭਾਵੇਂ ਨਰਮੇ ਪੱਟੀ ਵਜੋਂ ਜਾਣੇ ਜਾਂਦੇ ਹਨ ਪਰ ਨਰਮੇ ਉਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਕਿਸਾਨ ਅੱਕ ਕੇ ਨਰਮੇ ਤੋਂ ਹੱਥ ਖੜ੍ਹੇ ਕਰਨ ਲੱਗੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਨੂੰ ਜਿਸ ਰੂਪ ਵਿੱਚ ਲਾਇਆ ਹੋਇਆ ਹੈ, ਉਸ ਤੋਂ ਜਾਪਦਾ ਹੈ ਕਿ ਇਸ ਵਾਰ ਕਿਸਾਨ ਪਨੀਰੀ ਰਾਹੀਂ ਹੀ ਝੋਨਾ ਲਾਉਣ ਨੂੰ ਤਰਜੀਹ ਦੇਣਗੇ।
ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਮਾਲਵਾ ਖੇਤਰ ਵਿੱਚ ਕਿਸਾਨਾਂ ਨੇ ਝੋਨੇ ਦੀ ਅਗੇਤੀ ਪਨੀਰੀ ਪਿਛਲੇ 15 ਦਿਨਾਂ ਤੋਂ ਲਾਈ ਹੋਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਮੌਜੂਦਾ ਸਮੇਂ ਝੋਨੇ ਦੀ ਪਨੀਰੀ ਲਾਉਣ ਵਾਲੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਤੋਂ ਪਾਸਾ ਵੱਟਣਾ ਚਾਹੁੰਦੇ ਹਨ, ਪਰ ਕਿਸਾਨਾਂ ਕੋਲ ਹੋਰ ਕੋਈ ਰਸਤਾ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੱਕੀ, ਮੂੰਗੀ ਅਤੇ ਬਾਸਮਤੀ ਕਿਸਮਾਂ ’ਤੇ ਐੱਮ ਐੱਸ ਪੀ ਦੇਣ ਦੀ ਗਾਰੰਟੀ ਕਰੇ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਝੋਨੇ ਦੀਆਂ ਉਨ੍ਹਾਂ ਝਾੜ ਪੂਰਾ ਨਹੀਂ ਨਿਕਲਦਾ, ਜਿੰਨਾ ਪਨੀਰੀ ਰਾਹੀਂ ਲਾਏ ਝੋਨੇ ਦਾ ਨਿਕਲਦਾ ਹੈ।
ਪੰਜਾਬੀ ਟ੍ਰਿਬਯੂਨ