ਡੇਰਾ ਬਾਬਾ ਨਾਨਕ ਤੋਂ ਭਾਜਪਾ ਆਗੂ ਅਤੇ ਪੈਟਰੋਲ ਪੰਪ ਮਾਲਕ ਵਿਜੇ ਸੋਨੀ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
05 ਜੂਨ, 2026 – ਗੁਰਦਾਸਪੁਰ: ਪੰਜਾਬ ‘ਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਉੱਘੇ ਕਾਰੋਬਾਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਕੁਮਾਰ ਸੋਨੀ ‘ਤੇ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਪੈਟਰੋਲ ਪੰਪ ‘ਤੇ ਬੈਠੇ ਸਨ। ਉਧਰ ਜਦੋਂ ਮੋਟਰਸਾਈਕਲ ਸਵਾਰਾਂ ਵਲੋ ਫਾਇਰਿੰਗ ਕੀਤੀ ਗਈ ਤਾਂ ਵਿਜੇ ਸੋਨੀ ਵਲੋਂ ਵੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਫਾਇਰਿੰਗ ਕੀਤੀ ਗਈ।
ਭਾਜਪਾ ਆਗੂ ‘ਤੇ ਚੱਲੀਆਂ ਗੋਲੀਆਂ
ਭਾਜਪਾ ਆਗੂ ਵਿਜੇ ਸੋਨੀ ਮੁਤਾਬਕ “ਮਾਮਲਾ ਬੀਤੀ ਰਾਤ ਕਰੀਬ 9:30 ਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਪੈਟਰੋਲ ਪੰਪ ‘ਤੇ ਬੈਠੇ ਸੀ ਤਾਂ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ਨੇ ਕੱਪੜੇ ਨਾਲ ਮੂੰਹ ਬੰਨ੍ਹੇਂ ਹੋਏ ਸਨ ਅਤੇ ਪੈਟਰੋਲ ਪੰਪ ‘ਤੇ ਆਉਂਦਿਆਂ ਹੀ ਤਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਜਵਾਬ ਵਿੱਚ ਮੈਂ ਵੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਮਲਾਵਰਾਂ ‘ਤੇ ਜਵਾਬੀ ਫਾਇਰ ਕੀਤੇ ਪਰ ਉਕਤ ਹਮਲਾਵਰ ਫਰਾਰ ਹੋ ਗਏ।”
ਸੀਸੀਟੀਵੀ ਕੈਮਰੇ ਵਿੱਚ ਕੈਦ ਘਟਨਾ
ਵਿਜੇ ਸੋਨੀ ਨੇ ਦੱਸਿਆ ਕਿ ਇਹ ਪੂਰੀ ਵਾਰਦਾਤ ਦੀ ਵੀਡੀਓ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆਉਦੇ ਹਨ ਅਤੇ ਮੇਰੇ ਵੱਟਸਅਪ ‘ਤੇ ਵਾਈਸ ਮੈਸੇਜ ਰਾਹੀਂ ਧਮਕੀਆਂ ਮਿਲ ਰਹੀਆਂ ਸਨ ਤੇ ਫਿਰੌਤੀ ਮੰਗੀ ਜਾ ਰਹੀ ਸੀ। ਇਸ ਦੇ ਨਾਲ ਹੀ ਫਿਰੌਤੀ ਦੇ ਪੈਸੇ ਨਾ ਦੇਣ ਦੇ ਚੱਲਦੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ।
ਪੁਲਿਸ ਕਰ ਰਹੀ ਜਾਂਚ
ਉਧਰ ਬਟਾਲਾ ਪੁਲਿਸ ਦੇ ਐੱਸਪੀ ਸੰਦੀਪ ਵਢੇਰਾ ਨੇ ਦੱਸਿਆ ਕਿ “ਬੀਤੇ ਕੱਲ੍ਹ ਹੋਈ ਵਾਰਦਾਤ ਨੂੰ ਲੈਕੇ ਉਨ੍ਹਾਂ ਦੀ ਪੁਲਿਸ ਵਲੋਂ ਥਾਣਾ ਕੋਟਲੀ ਸੂਰਤ ਮੱਲ੍ਹੀ ‘ਚ ਕੇਸ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਜਲਦ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।”
ਕੇਂਦਰੀ ਏਜੰਸੀਆਂ ਨੂੰ ਕਰਨੀ ਚਾਹੀਦੀ ਜਾਂਚ
ਡੇਰਾ ਬਾਬਾ ਨਾਨਕ ਵਿੱਚ ਭਾਜਪਾ ਆਗੂ ‘ਤੇ ਹੋਈ ਗੋਲੀਬਾਰੀ ਅਤੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ‘ਤੇ ਹੋਏ ਗ੍ਰਨੇਡ ਹਮਲੇ ‘ਤੇ ਬੋਲਦਿਆਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ “ਡੇਰਾ ਬਾਬਾ ਨਾਨਕ ਸਰਹੱਦ ਦੇ ਬਿਲਕੁਲ ਨੇੜੇ ਹੈ ਅਤੇ ਐਨਆਈਏ ਅਤੇ ਸੀਬੀਆਈ ਨੂੰ ਅਜਿਹੇ ਮਾਮਲਿਆਂ ਦੀ ਜਾਂਚ ਕਰਨੀ ਚਾਹੀਦੀ ਸੀ ਪਰ ਇਸ ਕੰਮ ਲਈ ਹਾਲੇ ਤੱਕ ਕੋਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਫੀਆ ਏਜੰਸੀ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ।”
ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ
ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਲਗਾਤਾਰ ਜਬਰੀ ਵਸੂਲੀ ਦੀਆਂ ਕਾਲਾਂ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਗਾਲੀ-ਗਲੋਚ ਵਾਲੇ ਸੁਨੇਹੇ ਮੋਬਾਇਲਾਂ ‘ਤੇ ਭੇਜੇ ਜਾ ਰਹੇ ਹਨ, ਜੋ ਪਰਿਵਾਰਾਂ ‘ਚ ਬੈਠ ਕੇ ਸੁਣੇ ਵੀ ਨਹੀਂ ਜਾ ਸਕਦੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਜਿਹੜਾ ਭੇਸ ਵਿਧਾਨ ਸਭਾ ਵਿੱਚ ਦਿਖਾਉਂਦੇ ਹਨ, ਉਸੇ ਭੇਸ ਵਿੱਚ ਉਹਨਾਂ ਨੂੰ ਪੰਜਾਬ ਪੁਲਿਸ ਨੂੰ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ।
ETV BHARAT