ਲਾਪਰਵਾਹੀ ਕਾਰਨ ਪਾਵਨ ਸਰੂਪਾਂ ਦਾ ਨੁਕਸਾਨ ?
ਬਠਿੰਡਾ ਤੋਂ ਬਾਅਦ ਅੰਮ੍ਰਿਤਸਰ ਵਿਖੇ ਗੁਰੂ ਘਰ ਵਿੱਚ ਅੱਗ ਲੱਗਣ ਦੀ ਮੰਦਭਾਗੀ ਘਟਨਾ ਵਾਪਰੀ। ਪ੍ਰਬੰਧਕਾਂ ਦੀ ਲਾਪਰਵਾਹੀ ਦੀ ਗੱਲ ਆ ਰਹੀ ਸਾਹਮਣੇ।
06 ਜੂਨ, 2026 – ਅੰਮ੍ਰਿਤਸਰ: ਜ਼ਿਲ੍ਹੇ ਦੇ ਵਡਾਲੀ ਇਲਾਕੇ ਨੇੜੇ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ (ਬਾਬਾ ਸੰਗਤ ਸਿੰਘ ਜੀ) ਵਿਖੇ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਸੁਖਆਸਨ ਅਸਥਾਨ ‘ਤੇ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਦੀਆਂ ਜਿਲਦਾਂ ਨੁਕਸਾਨੀਆਂ ਗਈਆਂ। ਹਾਲਾਂਕਿ ਜਾਣਕਾਰੀ ਮੁਤਾਬਕ ਪਾਵਨ ਅੰਗ ਸੁਰੱਖਿਅਤ ਹਨ ਅਤੇ ਕਿਸੇ ਤਰ੍ਹਾਂ ਦੀ ਹੋਰ ਵੱਡੀ ਹਾਨੀ ਨਹੀਂ ਹੋਈ।
SGPC ਦੀ ਧਰਮ ਪ੍ਰਚਾਰ ਕਮੇਟੀ ਮੌਕੇ ‘ਤੇ ਪਹੁੰਚੀ
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੀ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜਾਂਚ ਕੀਤੀ ਗਈ। ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ “ਘਟਨਾ ਸਮੇਂ ਗੁਰਦੁਆਰੇ ਦੇ ਅੰਦਰ ਸੇਵਾ ਨਿਭਾ ਰਹੇ ਗ੍ਰੰਥੀ ਸਿੰਘਾਂ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਵਿਸਥਾਰਪੂਰਵਕ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਅਧਾਰ ‘ਤੇ ਧਾਰਮਿਕ ਮਰਿਆਦਾ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਨੁਕਸਾਨੇ ਗਏ ਪਾਵਨ ਸਰੂਪਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਇਆ ਗਿਆ ਹੈ, ਜਿੱਥੇ ਮਰਿਆਦਾ ਮੁਤਾਬਕ ਅਗਲੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ।”
“ਘਟਨਾ ਨੂੰ ਲੈਕੇ ਗੁਰੂ ਘਰ ਪ੍ਰਬੰਧਕਾਂ ਦੀ ਅਣਗਹਿਲੀ ਪਾਈ ਗਈ ਹੈ, ਕਿਉਂਕਿ ਘਟਨਾ ਪਿਛਲੇ ਦਿਨ ਸ਼ਾਮ ਦੀ ਵਾਪਰੀ ਹੈ ਜਦਕਿ ਅੱਜ ਕਰੀਬ 11 ਵਜੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ,ਇਸ ਬਾਰੇ ਪਤਾ ਲੱਗਦੇ ਹੀ ਤੁਰੰਤ ਅਸੀਂ ਇੱਥੇ ਪਹੁੰਚੇ ਹਾਂ, ਬਣਦੀ ਸਜ਼ਾ ਦਿੱਤੀ ਜਾਵੇਗੀ।” – ਧਰਮ ਪ੍ਰਚਾਰ ਕਮੇਟੀ ਆਗੂ, SGPC
ਪੁਲਿਸ ਅਧਿਕਾਰੀ ਨੇ ਘਟਨਾ ਸਬੰਧੀ ਦਿੱਤੀ ਜਾਣਕਾਰੀ
ਮੌਕੇ ‘ਤੇ ਪਹੁੰਚੇ ਏਸੀਪੀ ਕੰਵਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ “ਗੁਰਦੁਆਰਾ ਸਾਹਿਬ ਦੇ ਸੁਖਆਸਨ ਵਾਲੇ ਅਸਥਾਨ ‘ਤੇ ਅੱਗ ਲੱਗ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਤ ਸਮੇਂ ਚੱਲ ਰਹੇ ਪੱਖੇ ਦੇ ਜ਼ਿਆਦਾ ਗਰਮ ਹੋਣ ਕਾਰਨ ਉਸ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਉਪਰੰਤ ਪੱਖਾ ਹੇਠਾਂ ਡਿੱਗ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਜਿਲਦਾਂ ਨੂੰ ਨੁਕਸਾਨ ਪਹੁੰਚਿਆ।”
ਏਸੀਪੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ, ਜਿਸ ਕਾਰਨ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਅਤੇ ਸ਼ਿਕਾਇਤ ਦੇ ਆਧਾਰ ‘ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ETV BHARAT