ਪੰਜਾਬ ਵਿੱਚ ਹੁਣ ਤੱਕ ਕਿੰਨੀਆਂ ਕੁੜੀਆਂ ਹੋਈਆਂ ਲਾਪਤਾ, ਕਿੰਨੀਆਂ ਲੱਭੀਆਂ
08 ਜੂਨ, 2026 – ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚੋਂ ਬੀਤੇ ਇੱਕ ਮਹੀਨੇ ਦੇ ਦੌਰਾਨ 13 ਕੁੜੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਦਰੇਸੀ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਲਾਪਤਾ ਹੋਈ ਕੁੜੀ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀ ਧੀ ਲਈ ਇਨਸਾਫ ਦੀ ਮੰਗ ਕੀਤੀ ਗਈ। ਰੋਂਦੀ ਹੋਈ ਮਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਸ ਦੀ ਧੀ ਵਾਪਿਸ ਲਿਆਂਦੀ ਜਾਵੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ 17 ਸਾਲ ਦੀ ਕੁੜੀ 13 ਮਈ ਤੋਂ ਲਾਪਤਾ ਹੈ, ਜਿਸ ਨੂੰ ਲੱਭਣ ਵਿੱਚ ਪੁਲਿਸ ਹਾਲੇ ਤੱਕ ਅਸਮਰੱਥ ਹੈ। ਇਹ ਕੁੜੀ ਘਰ ਤੋਂ ਮਹਿੰਗਾ ਮੋਬਾਇਲ ਅਤੇ 10 ਤੋਂ 15,000 ਕੈਸ਼ ਲੈ ਕੇ ਚਲੀ ਗਈ, ਜਿਸ ਦੀਆਂ ਕੁਝ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁੜੀ ਕੁਝ ਲੋਕਾਂ ਨਾਲ ਜਾਂਦੀ ਵਿਖਾਈ ਦੇ ਰਹੀ ਹੈ। ਇਸ ਕੁੜੀ ਨੇ ਦਸਵੀਂ ਜਮਾਤ ਤੋਂ ਪੜ੍ਹਾਈ ਛੱਡ ਦਿੱਤੀ ਸੀ। ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਪਿਛਲੇ 38 ਦਿਨਾਂ ਵਿੱਚ 14 ਕੁੜੀਆਂ ਲਾਪਤਾ ਹੋ ਗਈਆਂ ਹਨ। ਜਿਸ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਵੀ ਸਖ਼ਤ ਨੋਟਿਸ ਲੈਂਦਿਆ ਪੁਲਿਸ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ। ਈਟੀਵੀ ਭਾਰਤ ਦੀ ਖਾਸ ਰਿਪੋਰਟ ‘ਤੇ ਮਾਰੋ ਨਜ਼ਰ…
“ਜੇਕਰ ਪੁਲਿਸ ਕੋਈ ਜਾਂਚ ਪੜਤਾਲ ਕਰਦੀ ਤਾਂ ਸ਼ਾਇਦ ਹੁਣ ਤੱਕ ਉਹ ਕੁੜੀ ਘਰੇ ਆ ਚੁੱਕੀ ਹੁੰਦੀ“
ਪਰਿਵਾਰਿਕ ਮੈਂਬਰਾਂ ਦੇ ਸਾਥੀ ਇੱਕ ਆਟੋ ਚਾਲਕ ਨੇ ਕਿਹਾ ਕਿ “ਚਾਰ ਦਿਨਾਂ ਤੋਂ ਇਸ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਚਾਰ ਦਿਨ ਤੋਂ ਇਹ ਪਰਿਵਾਰ ਪੁਲਿਸ ਕੋਲ ਜਾ–ਜਾ ਕੇ ਤਰਲੇ ਕਰ ਰਿਹਾ ਹੈ ਪਰ ਪੁਲਿਸ ਕਹਿ ਰਹੀ ਹੈ ਕੀ ਸੀਸੀਟੀਵੀ ਲੈ ਕੇ ਆਓ। ਲਾਪਤਾ ਕੁੜੀ ਦਾ ਪਿਤਾ ਵੀ ਸਾਡੇ ਵਾਂਗੂ ਈ–ਰਿਕਸ਼ਾ ਚਲਾਉਂਦਾ ਹੈ, ਉਸ ਨੂੰ ਕਿਵੇਂ ਪਤਾ ਹੋਵੇਗਾ ਕੀ ਸੀਸੀਟੀਵੀ ਕਿਸ ਤਰ੍ਹਾਂ ਨਿਕਲੇਗੀ। ਫਿਰ ਇਹ ਪਰਿਵਾਰ ਲੋਕਾਂ ਦੇ ਤਰਲੇ ਕਰ ਕੇ ਸੀਸੀਟੀਵੀ ਲੈ ਕੇ ਆਇਆ ਹੈ। ਜੇਕਰ ਪੁਲਿਸ ਕੋਈ ਜਾਂਚ ਪੜਤਾਲ ਕਰਦੀ ਤਾਂ ਸ਼ਾਇਦ ਹੁਣ ਤੱਕ ਉਹ ਕੁੜੀ ਘਰੇ ਆ ਚੁੱਕੀ ਹੁੰਦੀ ਪਰ ਪੁਲਿਸ ਕਹਿ ਰਹੀ ਹੈ ਕਿ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ।”
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ
ਲੁਧਿਆਣਾ ਦੇ ਵਿੱਚ ਦਰੇਸੀ ਥਾਣੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਲਾਪਤਾ ਹੋਈਆਂ ਕੁੜੀਆਂ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ। ਜਾਣੋ ਕਦੋਂ-ਕਦੋਂ ਲਾਪਤਾ ਹੋਈਆਂ ਕੁੜੀਆਂ…
“ਇਨ੍ਹਾਂ ਮਾਮਲਿਆਂ ਨੂੰ ਕਿਸੇ ਟ੍ਰੈਫਿਕਿੰਗ ਜਾਂ ਫਿਰ ਅਪਰਾਧਿਕ ਗਤੀਵਿਧੀਆਂ ਦੇ ਨਾਲ ਨਹੀਂ ਜੋੜਿਆ ਜਾ ਸਕਦਾ“
ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਰੇ ਹੀ ਕੇਸ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਲੁਧਿਆਣਾ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ “ਲਾਪਤਾ ਹੋਣ ਦੇ ਇਨ੍ਹਾਂ ਮਾਮਲਿਆਂ ਨੂੰ ਕਿਸੇ ਟ੍ਰੈਫਿਕਿੰਗ ਜਾਂ ਫਿਰ ਅਪਰਾਧਿਕ ਗਤੀਵਿਧੀਆਂ ਦੇ ਨਾਲ ਨਹੀਂ ਜੋੜਿਆ ਜਾ ਸਕਦਾ, ਅਸੀਂ ਲਗਾਤਾਰ ਤਫਤੀਸ਼ ਕਰ ਰਹੇ ਹਾਂ। 27 ਮਈ ਵਾਲੇ ਮਾਮਲੇ ਦੇ ਵਿੱਚ 3 ਨਾਬਾਲਿਗ ਕੁੜੀਆਂ ਨੂੰ ਉਹਨਾਂ ਦੇ ਜੱਦੀ ਪਿੰਡ ਤੋਂ ਬਰਾਮਦ ਕੀਤਾ ਗਿਆ ਹੈ।”
“ਸਾਰੀਆਂ ਕੁੜੀਆਂ ਦੇ ਲਾਪਤਾ ਹੋਣ ਦੇ ਵੱਖ–ਵੱਖ ਕਾਰਨ“
ਏਡੀਸੀਪੀ ਨੇ ਕਿਹਾ ਕਿ ਸਾਰੀਆਂ ਕੁੜੀਆਂ ਦੇ ਲਾਪਤਾ ਹੋਣ ਦਾ ਕੋਈ ਇੱਕ ਕਾਰਨ ਨਹੀਂ ਹੈ ਸਗੋਂ ਵੱਖ-ਵੱਖ ਕਾਰਨ ਹਨ, ਜੋ ਕਿ ਨਿੱਜੀ ਵੀ ਹਨ। ਕੁਝ ਪਰਿਵਾਰਕ ਕਾਰਨਾਂ ਕਰਕੇ, ਜਾਂ ਕਿਸੇ ਮਾਮਲੇ ਵਿੱਚ ਮੁੰਡੇ-ਕੁੜੀ ਦੇ ਸਬੰਧ ਹੋਣ ਕਾਰਨ ਉਹ ਘਰ ਛੱਡ ਕੇ ਗਈਆਂ ਨੇ। 13 ਵਿੱਚੋਂ 4 ਕੁੜੀਆਂ ਨੂੰ ਬਰਮਾਦ ਕੀਤਾ ਜਾ ਚੁੱਕਾ ਹੈ। ਜਿਆਦਾਤਰ ਲਾਪਤਾ ਹੋਈਆਂ ਕੁੜੀਆਂ ਨਾਬਾਲਿਗ ਹਨ ਅਤੇ ਜ਼ਿਆਦਤਰ ਕੁੜੀਆਂ ਪ੍ਰਵਾਸੀਆਂ ਨਾਲ ਸਬੰਧਿਤ ਹੈ। ਅਸੀਂ ਸਾਰੇ ਮਾਮਲੇ ਰਜਿਸਟਰ ਕੀਤੇ ਨੇ।
“ਇਹ ਸਾਰੇ ਹੀ ਮਾਮਲੇ ਪ੍ਰਵਾਸੀ ਪਰਿਵਾਰਾਂ ਦੇ ਹਨ, ਅਤੇ ਇਹ ਜਿੰਨੀਆਂ ਵੀ ਕੁੜੀਆਂ ਲਾਪਤਾ ਹੋਈਆਂ ਨੇ, ਇਨ੍ਹਾਂ ਵਿੱਚ ਹੁਣ ਤੱਕ ਅਗਵਾ ਕਰਨ ਦਾ ਜਾਂ ਕੋਈ ਜਬਰਨ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਹ ਸਾਰੀਆਂ ਕੁੜੀਆਂ ਆਪਣੀ ਮਰਜ਼ੀ ਨਾਲ ਹੀ ਘਰੋਂ ਗਈਆਂ ਹਨ।” – ਰਮਨਦੀਪ ਸਿੰਘ ਭੁੱਲਰ, ਏਡੀਸੀਪੀ
“ਇਨਾਂ ਵਿੱਚ ਜਿਆਦਾਤਰ ਮਜ਼ਦੂਰੀ ਜਾਂ ਫੈਕਟਰੀ ਵਿੱਚ ਕੰਮ ਕਰਨ ਵਾਲਿਆਂ ਦੇ ਬੱਚੇ ਸ਼ਾਮਲ“
ਲਗਾਤਾਰ ਲਾਪਤਾ ਹੋ ਰਹੀਆਂ ਲੜਕੀਆਂ ਦੇ ਮਾਮਲੇ ਦੇ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਚਾਇਲਡ ਵੈਲਫੇਅਰ ਕਮੇਟੀ ਦੀ ਮੈਂਬਰ ਸੰਗੀਤਾ ਦੇ ਨਾਲ ਵੀ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ “ਇਸ ਮਾਮਲੇ ਵਿੱਚ ਅਸੀਂ ਲਗਾਤਾਰ ਪੁਲਿਸ ਨਾਲ ਰਾਬਤਾ ਕਾਇਮ ਕਰ ਰਹੇ ਹਾਂ। 30 ਤੋਂ 40 ਫੀਸਦੀ ਕੇਸ ਇਹਨਾਂ ਵਿੱਚੋਂ ਅਜਿਹੇ ਹਨ, ਜਿੰਨਾਂ ਦੇ ਵਿੱਚ ਮਾਤਾ ਅਤੇ ਪਿਤਾ ਦੋਵੇਂ ਹੀ ਮਜ਼ਦੂਰੀ ਕਰਦੇ ਹਨ ਜਾਂ ਫੈਕਟਰੀ ਵਿੱਚ ਕੰਮ ਕਰਦੇ ਹਨ, ਜਿਸ ਕਰਕੇ ਘਰ ਵਿੱਚ ਕੁੜੀਆਂ ਇਕੱਲੀ ਰਹਿ ਜਾਂਦੀਆਂ ਹਨ ਅਤੇ ਉੱਥੇ ਹੀ ਇਸ ਤਰ੍ਹਾਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਕਿਉਂਕਿ ਜਦੋਂ ਬੱਚਾ ਇਕੱਲਾ ਰਹਿ ਜਾਂਦਾ ਹੈ ਤਾਂ ਉਹ ਪਿੱਛੋਂ ਕੁਝ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਈ ਮਾਮਲੇ ਭੀਖ ਮੰਗਵਾਉਣ ਦੇ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿੱਚ ਕਈ ਵਾਰ ਖੁਦ ਮਾਪੇ ਵੀ ਸ਼ਾਮਿਲ ਹੁੰਦੇ ਨੇ। ਇਸ ਵਿੱਚ 18 ਸਾਲ ਤੋਂ ਹੇਠਾਂ ਉਮਰ ਵਾਲੀਆਂ ਜ਼ਿਆਦਾਤਰ ਕੁੜੀਆਂ ਸ਼ਾਮਿਲ ਹਨ। ਜਿੰਨ੍ਹਾਂ ਨੂੰ ਲੱਭਣ ਦੇ ਲਈ ਅਸੀਂ ਪੁਲਿਸ ਦੀ ਮਦਦ ਕਰਦੇ ਹਾਂ। ਇਸ ਤੋਂ ਇਲਾਵਾ ਜਦੋਂ ਉਹ ਮਿਲ ਜਾਂਦੀਆਂ ਹਨ ਤਾਂ ਉਨਾਂ ਦੀ ਕੌਂਸਲਿੰਗ ਕਰਵਾਈ ਜਾਂਦੀ ਹੈ।”
“ਵੱਡੀ ਤਾਦਾਦ ਅਜਿਹੀ ਵਸੋ ਦੀ ਹੈ, ਜਿਸ ਬਾਰੇ ਪੁਲਿਸ ਕੋਲ ਅੰਕੜੇ ਨਹੀਂ“
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਬੱਚੀਆਂ ਦੀ ਦੇਖ-ਰੇਖ ਕਰਨਾ ਉਹਨਾਂ ਦੇ ਮਾਪਿਆਂ ਦਾ ਵੀ ਇੱਕ ਵੱਡਾ ਫਰਜ਼ ਬਣਦਾ ਹੈ ਕਿਉਂਕਿ ਸਾਨੂੰ ਇਹ ਸਿਸਟਮ ਬਣਾਉਣਾ ਹੋਵੇਗਾ ਕਿ ਜਿਹੜੇ ਬੱਚੇ ਘਰ ਦੇ ਵਿੱਚ ਰਹਿ ਰਹੇ ਹਨ, ਘੱਟੋ-ਘੱਟ ਉਹ ਸਕੂਲ ਜ਼ਰੂਰ ਜਾਣ ਤਾਂ ਜੋ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ, ਉਹਨਾਂ ਦਾ ਡਾਟਾ ਪੁਲਿਸ ਕੋਲ ਹੋਵੇ। ਵੱਡੀ ਤਾਦਾਦ ਅਜਿਹੀ ਵਸੋ ਦੀ ਹੈ, ਜਿਸ ਬਾਰੇ ਪੁਲਿਸ ਕੋਲ ਅੰਕੜੇ ਨਹੀਂ ਹਨ। ਇਥੋਂ ਤੱਕ ਕਿ ਉਹਨਾਂ ਵੱਲੋਂ ਆਪਣੇ ਆਪ ਨੂੰ ਰਜਿਸਟਰ ਵੀ ਨਹੀਂ ਕਰਵਾਇਆ ਗਿਆ ਹੈ, ਜਿਸ ਕਰਕੇ ਪੁਲਿਸ ਨੂੰ ਅਜਿਹੇ ਕੇਸਾਂ ਵਿੱਚ ਲੱਭਣ ਵਿੱਚ ਕਾਫੀ ਸਮੱਸਿਆ ਆਉਂਦੀ ਹੈ। ਇਸ ਲਈ ਚਾਇਲਡ ਵੈਲਫੇਅਰ ਕਮੇਟੀ ਅਤੇ ਬਾਲ ਭਲਾਈ ਵਿਭਾਗ ਕੋਸ਼ਿਸ਼ ਕਰਦਾ ਹੈ ਕਿ ਪੁਲਿਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।
ਲਾਪਤਾ ਕੁੜੀਆਂ ਦੇ ਅੰਕੜੇ
ਐਨਸੀਆਰਬੀ ਦੀ ਰਿਪੋਰਟ ਦੇ ਅੰਕੜਿਆਂ ਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚੋਂ ਸਾਲ 2013 ਤੋਂ ਲੈ ਕੇ ਸਾਲ 2022 ਤੱਕ 8432 ਨਾਬਾਲਿਗ ਬੱਚੇ ਲਾਪਤਾ ਹੋਏ ਹਨ। ਇਹਨਾਂ ਦੇ ਵਿੱਚ 70 ਫੀਸਦੀ ਕੁੜੀਆਂ ਸ਼ਾਮਿਲ ਨੇ। ਸਾਲ 2024 ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚੋਂ 3131 ਬੱਚੇ ਲਾਪਤਾ ਹੋ ਗਏ। ਲਾਪਤਾ ਹੋਏ ਬੱਚਿਆਂ ਦੇ ਵਿੱਚ 2094 ਕੁੜੀਆਂ ਦੀ ਗਿਣਤੀ ਹੈ ਜਦੋਕਿ 1037 ਮੁੰਡੇ ਲਾਪਤਾ ਹੋਏ ਹਨ।
ਰਿਕਵਰ ਕੀਤੇ ਬੱਚੇ
ਜੇਕਰ ਇਹਨਾਂ ਦੀ ਰਿਕਵਰੀ ਦੀ ਗੱਲ ਕੀਤੀ ਜਾਵੇ ਤਾਂ ਐਨਸੀਆਰਬੀ ਦੇ ਅੰਕੜਿਆਂ ਦੇ ਮੁਤਾਬਿਕ ਸਾਲ 2024 ਦੇ ਵਿੱਚ ਪੰਜਾਬ ‘ਚ ਕੁੱਲ ਲਾਪਤਾ ਹੋਏ ਬੱਚਿਆਂ 118 ਮੁੰਡੇ ਰਿਕਵਰ ਕੀਤੇ ਗਏ ਜਦੋਕਿ 817 ਕੁੜੀਆਂ ਨੂੰ ਰਿਕਵਰ ਕੀਤਾ ਗਿਆ ਹੈ। ਇਸ ਲਈ ਬੱਚਿਆਂ ਦੇ ਲਈ ਸਪੈਸ਼ਲ ਹੈਲਪਲਾਈਨ ਨੰਬਰ 1098 ਵੀ ਜਾਰੀ ਕੀਤਾ ਗਿਆ ਹੈ।
ਭਾਰਤ ਵਿੱਚ ਲਾਪਤਾ ਬੱਚਿਆਂ ਦੇ ਅੰਕੜੇ
ਭਾਰਤ ਵਿੱਚ 2020 ‘ਚ ਕੁੱਲ 108234 ਬੱਚੇ ਲਾਪਤਾ ਹੋਏ, ਜਿੰਨ੍ਹਾ ਵਿੱਚ 79233 ਕੁੜੀਆਂ ਸਨ ਅਤੇ 28976 ਮੁੰਡੇ ਸਨ। ਇਸੇ ਤਰ੍ਹਾਂ 2021 ਵਿੱਚ ਦੇਸ਼ ਭਰ ਵਿੱਚੋਂ ਕੁੱਲ 1,21,351 ਬੱਚੇ ਲਾਪਤਾ ਹੋਏ ਜਿੰਨ੍ਹਾਂ ਵਿੱਚ 90,113 ਕੁੜੀਆਂ ਸਨ ਅਤੇ 31,224 ਮੁੰਡੇ ਲਾਪਤਾ ਹੋਏ। ਇਸੇ ਤਰ੍ਹਾਂ ਸਾਲ 2022 ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਕੁੱਲ 127874 ਬੱਚੇ ਲਾਪਤਾ ਹੋਏ, ਜਿੰਨ੍ਹਾਂ ਵਿੱਚੋਂ 94079 ਕੁੜੀਆਂ ਅਤੇ 33759 ਮੁੰਡੇ ਸਨ।
ਪੱਛਮੀ ਬੰਗਾਲ ਵਿੱਚ ਸਭ ਤੋਂ ਜਿਆਦਾ ਮਾਮਲੇ ਦਰਜ
ਪੱਛਮੀ ਬੰਗਾਲ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੇ ਸਭ ਤੋਂ ਜਿਆਦਾ ਮਾਮਲੇ ਦਰਜ ਹੋਏ ਹਨ। ਜਿੱਥੇ ਰਿਪੋਰਟ ਦੇ ਮੁਤਾਬਿਕ ਪਿਛਲੇ ਸਾਲ 22742 ਬੱਚੇ ਲਾਪਤਾ ਹੋਏ। ਇਸੇ ਤਰ੍ਹਾਂ ਦੂਜੇ ਨੰਬਰ ਤੇ ਮੱਧ ਪ੍ਰਦੇਸ਼ ਹੈ, ਹਰਿਆਣਾ ਦੇ ਵਿੱਚ ਵੀ ਪੰਜਾਬ ਨਾਲੋਂ ਜ਼ਿਆਦਾ ਬੱਚੇ 4926 ਲਾਪਤਾ ਹੋਏ ਹਨ।
ਦੇਸ਼ ਭਰ ਵਿੱਚ ਲਾਪਤਾ ਹੋਏ ਬੱਚਿਆਂ ਦੇ ਅੰਕੜੇ
ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਿਕ ਸਾਲ 2024 ਦੇ ਵਿੱਚ ਦੇਸ਼ ਭਰ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਕੁੱਲ 1,47,175 ਬੱਚੇ ਲਾਪਤਾ ਹੋਏ ਹਨ, ਜਿਨਾਂ ਵਿੱਚ ਕੁੜੀਆਂ ਦੀ ਤਾਦਾਦ 1,11,271 ਹੈ। ਇਸ ਵਿੱਚ ਮੁੰਡਿਆਂ ਦੀ ਤਾਦਾਦ 35,895 ਹੈ। ਇਹਨਾਂ ਵਿੱਚ 9 ਟਰਾਂਸਜੈਂਡਰ ਵੀ ਸ਼ਾਮਿਲ ਹਨ। ਇਸ ਤੋਂ ਜ਼ਾਹਿਰ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਲਾਪਤਾ ਹੋਣ ਦੀ ਗਿਣਤੀ ਕਿਤੇ ਜਿਆਦਾ ਹੈ।
ਮਨੁੱਖੀ ਤਸਕਰੀ ਦੇ ਮਾਮਲੇ
ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਿਕ ਸਾਲ 2024 ਦੇ ਵਿੱਚ ਹਿਊਮਨ ਟਰੈਫਿਕਿੰਗ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ ਜਿੱਥੇ ਪੰਜਾਬ ਦੇ ਅੰਦਰ 21 ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਆਏ, ਉੱਥੇ ਹੀ 2023 ਦੇ ਵਿੱਚ 48 ਅਤੇ 2024 ਦੇ ਵਿੱਚ 19 ਹਿਊਮਨ ਟਰੈਫਿਕਿੰਗ ਦੇ ਮਾਮਲੇ ਸਾਹਮਣੇ ਆਏ ਹਨ। ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ 2250 ਹਿਊਮਨ ਟਰੈਫਿਕਿੰਗ ਦੇ ਮਾਮਲੇ ਆਏ ਸਨ। ਇਸੇ ਤਰ੍ਹਾਂ 2023 ਦੇ ਵਿੱਚ 2183 ਅਤੇ 2024 ਦੇ ਵਿੱਚ 2135 ਮਾਮਲੇ ਦਰਜ ਹੋਏ। ਹਿਊਮਨ ਟਰੈਫਿਕਿੰਗ ਦੇ ਵਿੱਚ ਸਭ ਤੋਂ ਜਿਆਦਾ ਕੇਸ ਤੇਲੰਗਾਨਾ ਦੇ ਵਿੱਚ ਰਜਿਸਟਰ ਹੋਏ। ਜਿਸ ਵਿੱਚ ਲੜੀਵਾਰ ਸਾਲ 2022 ਦੇ ਵਿੱਚ 39123 ਦੇ ਵਿੱਚ 336 ਅਤੇ 2024 ਦੇ ਵਿੱਚ 423 ਮਾਮਲੇ ਸਾਹਮਣੇ ਆਏ।
ETV BHARAT