ਬੇਸ਼ੱਕ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ਭਰ ’ਚੋਂ ਮੋਹਰੀ ਬਣਾਉਣ ਦੇ ਦਮਗਜ਼ੇ ਮਾਰ ਰਹੀ ਹੈ, ਪਰ ਇਸ ਖੇਤਰ ਦੇ ਬਾਰ੍ਹਵੀਂ ਜਮਾਤ ਦੇ ਪਾਸ ਹੋਣ ਵਾਲੇ ਲਗਭਗ 12 ਹਜ਼ਾਰ ਵਿਦਿਆਰਥੀਆਂ ਨੂੰ ਹੁਣ ਆਪਣੀ ਕਾਲਜ ਸਿੱਖਿਆ ਦੀ ਚਿੰਤਾ ਸਤਾਉਣ…
20 ਜੂਨ, 2026 – ਮਾਨਸਾ : ਬੇਸ਼ੱਕ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ਭਰ ’ਚੋਂ ਮੋਹਰੀ ਬਣਾਉਣ ਦੇ ਦਮਗਜ਼ੇ ਮਾਰ ਰਹੀ ਹੈ, ਪਰ ਇਸ ਖੇਤਰ ਦੇ ਬਾਰ੍ਹਵੀਂ ਜਮਾਤ ਦੇ ਪਾਸ ਹੋਣ ਵਾਲੇ ਲਗਭਗ 12 ਹਜ਼ਾਰ ਵਿਦਿਆਰਥੀਆਂ ਨੂੰ ਹੁਣ ਆਪਣੀ ਕਾਲਜ ਸਿੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ, ਕਿਉਂਕਿ ਜ਼ਿਲ੍ਹੇ ਦੇ ਇੱਕ ਦਰਜਨ ਵੱਡੇ ਪਿੰਡਾਂ ਅਤੇ ਕਸਬਿਆਂ ਵਿੱਚ ਕੋਈ ਕਾਲਜ ਨਹੀਂ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਸਿਰਫ਼ ਇਕ ਸਰਕਾਰੀ ਕਾਲਜ, ਪੰਜ ਯੂਨੀਵਰਸਿਟੀ ਕਾਲਜ, ਦੋ ਸ਼੍ਰੋਮਣੀ ਕਮੇਟੀ ਦੇ ਕਾਲਜ ਅਤੇ ਚਾਰ ਪ੍ਰਾਈਵੇਟ ਕਾਲਜ ਮੌਜੂਦ ਹਨ, ਜਿੱਥੇ ਬਾਰ੍ਹਵੀਂ ਮਗਰੋਂ ਬੀ ਏ ਭਾਗ ਪਹਿਲਾ ਦੀਆਂ ਜਮਾਤਾਂ ਵਿੱਚ ਲਗਭਗ 5000 ਵਿਦਿਆਰਥੀਆਂ ਦੇ ਦਾਖ਼ਲੇ ਦੇ ਪ੍ਰਬੰਧ ਹੀ ਹਨ, ਜਦੋਂ ਕਿ ਬਾਕੀ 7000 ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਜ਼ਿਲ੍ਹੇ ਵਿੱਚ ਕਾਲਜ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ।
ਕਾਲਜਾਂ ਦੀ ਇਸ ਅਣਹੋਂਦ ਕਾਰਨ ਸਿਰਫ਼ 30 ਫ਼ੀਸਦ ਬੱਚੇ ਹੀ ਬੀ ਏ ਭਾਗ ਪਹਿਲਾ ਵਿੱਚ ਦਾਖ਼ਲਾ ਲੈਂਦੇ ਹਨ, ਜਦੋਂ ਕਿ ਬਾਕੀ 70 ਫੀਸਦੀ ਬੱਚੇ ਆਪਣੀ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ ਹਨ। ਦਿਲਚਸਪ ਗੱਲ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਬਣੇ ਜ਼ਿਲ੍ਹੇ ਦੇ ਇੱਕੋ-ਇੱਕ ਸਰਕਾਰੀ ਕਾਲਜ ਵਿੱਚ ਰੈਗੂਲਰ ਪ੍ਰਿੰਸੀਪਲ ਦੀ ਅਸਾਮੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਹੈ।
ਉਚੇਰੀ ਸਿੱਖਿਆ ਵਿਭਾਗ ਤੋਂ ਮਿਲੇ ਵੇਰਵਿਆਂ ਮੁਤਾਬਕ ਮਾਨਸਾ ਜ਼ਿਲ੍ਹੇ ਵਿੱਚ ਇਕੋ-ਇਕ ਸਰਕਾਰੀ ਕਾਲਜ ਨਹਿਰੂ ਮੈਮੋਰੀਅਲ ਮਾਨਸਾ ਹੈ, ਜਦੋਂ ਕਿ ਮਾਨਸਾ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ, ਬਲਰਾਜ ਸਿੰਘ ਭੂੰਦੜ ਯਾਦਗਾਰੀ ਕਾਲਜ ਸਰਦੂਲਗੜ੍ਹ, ਯੂਨੀਵਰਸਿਟੀ ਕੈਂਪਸ ਰੱਲਾ, ਝੁਨੀਰ, ਬਹਾਦਰਪੁਰ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕਾਲਜ ਹਨ। ਇਸੇ ਤਰ੍ਹਾਂ ਫਫੜੇ ਭਾਈਕੇ ਅਤੇ ਬੁਢਲਾਡਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਹਨ, ਜਦੋਂ ਕਿ ਭੀਖੀ ਵਿੱਚ ਨੈਸ਼ਨਲ ਕਾਲਜ, ਰੱਲਾ ਵਿੱਚ ਮਾਈ ਭਾਗੋ ਗਰਲਜ਼ ਕਾਲਜ, ਮਾਨਸਾ ਵਿੱਚ ਐੱਸ ਡੀ ਗਰਲਜ਼ ਕਾਲਜ ਅਤੇ ਇਕ ਕਾਲਜ ਰੱਲੀ ਵਿੱਚ ਪ੍ਰਾਈਵੇਟ ਤੌਰ ’ਤੇ ਚੱਲਣ ਵਾਲੇ ਕਾਲਜ ਹਨ।
ਉਚੇਰੀ ਸਿੱਖਿਆ ਦੇ ਵਿਸ਼ੇਸ਼ ਬੰਦੋਬਸਤ ਹੋਣਗੇ: ਸਿੰਗਲਾ
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਤੋਂ ਬਾਅਦ ਕਾਲਜਾਂ ਦੇ ਵਿਦਿਆਰਥੀਆਂ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਦਿਹਾਤੀ ਖੇਤਰ ਵਿੱਚ ਪੰਚਾਇਤਾਂ ਦੀ ਮੰਗ ਅਨੁਸਾਰ ਮੁੰਡੇ-ਕੁੜੀਆਂ ਲਈ ਉਚੇਰੀ ਸਿੱਖਿਆ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬੀ ਟ੍ਰਿਬਯੂਨ