AAP ਸਰਪੰਚ ਨੇ ਗੁਰਦੁਆਰਾ ਸਾਹਿਬ ‘ਚ ਕੀਤਾ ਬੰਦ, ਰੈਲੀ ਕਰਨ ਤੋਂ ਰੋਕਿਆ
ਸੰਗਰੂਰ ਵਿੱਚ ਈਟੀਟੀ ਟੈਟ ਪਾਸ ਅਧਿਆਪਕਾਂ ਦੀ ਰੈਲੀ ਨੂੰ ‘ਆਪ‘ ਪਾਰਟੀ ਦੇ ਸਰਪੰਚ ਨੇ ਰੋਕਿਆ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੰਦ ਕਰ ਦਿੱਤਾ।
22 ਜੂਨ, 2026 – ਸੰਗਰੂਰ: 3704 ਅਧਿਆਪਕ ਯੂਨੀਅਨ ਪੰਜਾਬ ਅਤੇ ਈਟੀਟੀ ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਦੇ 180 ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਭੰਡੀ ਪ੍ਰਚਾਰ ਤਹਿਤ ਅੱਜ ਯਾਨੀ ਸ਼ਨੀਵਾਰ ਨੂੰ ਪਰਿਵਾਰਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨਾਲ ਮਿਲ ਕੇ ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆ ਅਤੇ ਸ਼ਾਦੀਹਰੀ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ ਪੈਦਲ ਡੋਰ ਟੂ ਡੋਰ ਭੰਡੀ ਪ੍ਰਚਾਰ ਰੈਲੀ ਕਰਨ ਲਈ ਪਿੰਡ ਕੌਹਰੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ। ਇਨ੍ਹਾਂ ਅਧਿਆਪਕਾਂ ਵੱਲੋਂ ਘਰ-ਘਰ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੇ ਝੂਠੇ ਵਾਅਦਿਆਂ ਸਬੰਧੀ ਪੈਂਫਲਿਟ ਵੰਡੇ ਜਾਣੇ ਸਨ ਅਤੇ ਹਰ ਗਲੀ ਮੁਹੱਲੇ ਵਿੱਚ ਪੋਸਟਰ ਵੀ ਚਿਪਕਾਏ ਜਾਣੇ ਸਨ।
AAP ਸਰਪੰਚ ਨੇ ਗੁਰਦੁਆਰਾ ਸਾਹਿਬ ‘ਚ ਕੀਤਾ ਬੰਦ
ਰੈਲੀ ਤੋਂ ਪਹਿਲਾਂ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਅਧਿਆਪਕਾਂ ਨੂੰ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਕਰਕੇ ਅੰਦਰ ਬੰਦ ਕਰ ਦਿੱਤਾ। ਖਬਰ ਲਿਖੇ ਜਾਣੇ ਤੱਕ ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਸੀ। ਇਸ ਰੈਲੀ ਵਿੱਚ ਜੀਟੀਯੂ ਪੰਜਾਬ ਤੋਂ ਸੂਬਾ ਅਤੇ ਜ਼ਿਲ੍ਹਾ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਏ ਸਨ।
3704 ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅਤੇ 180 ਈਟੀਟੀ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ “ਇਸ ਰੈਲੀ ਦੌਰਾਨ ਹਰਪਾਲ ਚੀਮਾ ਦੁਆਰਾ 2022 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਜਿਵੇਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਬੇਹਤਰ ਪੰਜਾਬ ਸਿਰਜਣ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੇਣ, ਹੜਾਂ ਦੌਰਾਨ ਮਰੀ ਮੁਰਗੀ ਤੱਕ ਦੇ ਵੀ ਪੈਸੇ ਦੇਣ ਆਦਿ ਦੀ ਪੋਲ ਹਲਕਾ ਨਿਵਾਸੀਆਂ ਦੇ ਘਰਾਂ ਵਿੱਚ ਜਾ ਕੇ ਖੋਲ੍ਹੀ ਜਾਣੀ ਸੀ ਪਰ ਇਹ ਸਾਨੂੰ ਰੋਕ ਰਹੇ ਹਨ।”
ਸੂਬਾ ਆਗੂਆਂ ਨੇ ਦੱਸਿਆ ਕਿ “ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੰਬੇ ਸਮੇਂ ਤੋਂ 3704 ਅਤੇ 180 ਈਟੀਟੀ ਅਧਿਆਪਕਾਂ ਨਾਲ ਲਾਅਰੇਬਾਜ਼ੀ ਕਰਕੇ ਟਾਈਮ ਟਪਾਇਆ ਜਾ ਰਿਹਾ ਹੈ। ਜਦੋਂ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ।” ਸੂਬਾ ਆਗੂ ਗੌਰਵ ਕਾਂਤ ਅਤੇ ਜੀਵਨਜੋਤ ਸਿੰਘ ਨੇ ਦੱਸਿਆ ਕਿ ਮਸਲਾ ਹੱਲ ਨਾ ਹੋਣ ਤੱਕ ਇਹ ਸੰਘਰਸ਼ ਹਲਕੇ ਵਿੱਚ ਜਾਰੀ ਰਹੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਬਲਾਕ ਦਿੜ੍ਹਬਾ ਤੋਂ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਤੋਂ ਇਲਾਵਾ ਦਿੜ੍ਹਬਾ ਬਲਾਕ ਆਗੂ ਮਿਸ਼ਰਾ ਸਿੰਘ ਨਿਹਾਲਗੜ੍ਹ, ਮੇਜਰ ਸਿੰਘ ਕੌਹਰੀਆਂ, ਜੋਗਿੰਦਰ ਸਿੰਘ ਖੇੜੀ, ਇਕਾਈ ਪ੍ਰਧਾਨ ਰਘਵੀਰ ਸਿੰਘ ਕੌਹਰੀਆਂ ਅਤੇ ਸ਼ਾਦੀ ਹਰੀ ਤੋਂ ਇਕਾਈ ਪ੍ਰਧਾਨ ਗੇਬਾ ਸਿੰਘ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਹਾਜ਼ਰ ਸਨ। ਇਸ ਸਮੇਂ ਰਾਕੇਸ਼ ਗੁਰਦਾਸਪੁਰ, ਦਵਿੰਦਰ ਸਿੰਘ ਸੰਗਰੂਰ, ਜਸਵੀਰ ਸਿੰਘ ਪਟਿਆਲਾ, ਯਾਦਵਿੰਦਰ ਸਿੰਘ ਮੋਗਾ, ਗੁਰਪ੍ਰੀਤ ਸਿੱਧੂ ਪਟਿਆਲਾ, ਮਨਦੀਪ ਸਿੱਧੂ ਪਰਿਵਾਰਾਂ ਸਮੇਤ ਹਾਜ਼ਰ ਸਨ। ਆਗੂਆਂ ਵੱਲੋਂ ਇਹ ਗੱਲ ਸਪੱਸ਼ਟ ਕਹੀ ਗਈ ਕਿ ਉਹ ਆਪਣੀਆ ਹੱਕੀ ਮੰਗਾਂ ਹੱਲ ਕਰਵਾਏ ਬਿਨਾਂ ਜਾਂ ਰੈਲੀ ਕੀਤੇ ਬਿਨ੍ਹਾਂ ਇਸ ਹਲਕੇ ਵਿੱਚੋਂ ਨਹੀਂ ਜਾਣਗੇ।
ETV BHARAT