ਸੀਸੀਟੀਵੀ ‘ਚ ਕੈਦ ਮੌਤ ਦਾ ਮੰਜ਼ਰ, ਦਹਿਲੇ ਲੋਕ !
ਪੰਜਾਬ ਵਿੱਚ ਸ਼ਰੇਆਮ ਬਦਮਾਸ਼ਾਂ ਨੇ ਰਸਤੇ ਵਿੱਚ ਘੇਰ ਨੌਜਵਾਨ ਦੀ ਵੱਢ–ਟੁੱਕ ਕਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ।
04 ਜੁਲਾਈ, 2026 – ਪਠਾਨਕੋਟ: ਜ਼ਿਲ੍ਹੇ ਦੇ ‘ਕੱਚੇ ਕੁਆਰਟਰ’ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਕਾਰਨ ਦੋ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਤੋਂ ਪਹਿਲਾਂ ਮ੍ਰਿਤਕ ਵੱਲੋਂ ਆਪਣਾ ਬਿਆਨ ਵੀ ਦਿੱਤਾ ਗਿਆ ਜਿਸ ਵਿੱਚ ਉਸ ਵੱਲੋਂ ਹਮਲਾ ਕਰਨ ਵਾਲੇ ਮੁਲਜ਼ਮਾਂ ਦੇ ਨਾਮ ਲਏ ਗਏ ਹਨ।
ਸੀਸੀਟੀਵੀ ‘ਚ ਕੈਦ ਕਤਲ ਦੀ ਵਾਰਦਾਤ
ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰਾਂ ਨੌਜਵਾਨ ਨੂੰ ਘੇਰ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਦਿਖਾਈ ਦਿੱਤੇ ਹਨ। ਨੌਜਵਾਨ ਦੀ ਵੱਢ-ਟੁੱਕ ਇੰਨੇ ਬੁਰੇ ਤਰੀਕੇ ਨਾਲ ਕੀਤੀ ਗਈ ਸੀ ਉਸ ਦਾ ਇੱਕ ਹੱਥ ਬਾਂਹ ਤੋਂ ਵੱਖ ਪਿਆ ਦਿਖਾਈ ਦਿੱਤਾ ਅਤੇ ਦੂਜੀ ਬਾਂਹ ਬੁਰੇ ਤਰੀਕੇ ਨਾਲ ਵੱਢੀ ਹੋਈ ਸੀ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਰਾਣੀ ਰੰਜਿਸ਼ ਬਣੀ ਕਤਲ ਦਾ ਕਾਰਨ ?
ਪੁਰਾਣੀ ਰੰਜ਼ਿਸ਼ ਕਤਲ ਦਾ ਕਾਰਨ ਦੱਸੀ ਜਾ ਰਹੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਚੁੱਕਿਆ ਹੈ। ਰੋਂਦੇ, ਵਿਲਕਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ। ਪੀੜਤ ਪਰਿਵਾਰ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਕਾਤਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਮ੍ਰਿਤਕ ਦੇ ਸਾਥੀ ਦਾ ਖੁਲਾਸਾ
ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਸਾਥੀ ਨੇ ਦੱਸਿਆ ਕਿ “ਸਾਨੂੰ ਰਸਤੇ ਵਿੱਚ ਮੁਲਜ਼ਮਾਂ ਵੱਲੋਂ ਘੇਰਿਆ ਗਿਆ ਸੀ। ਮੁਲਜ਼ਮਾਂ ਨੇ ਸਾਨੂੰ ਘੇਰ ਗੱਡੀ ਵਿੱਚੋਂ ਦਾਤਰ ਕੱਢੇ ਲਏ, ਮੇਰੇ ਵੀ ਮੁਲਜ਼ਮਾਂ ਨੇ ਦਾਤਰ ਮਾਰੇ ਜਿਸ ਤੋਂ ਬਾਅਦ ਮੈਂ ਮੌਕੇ ਤੋਂ ਭੱਜ ਨਿੱਕਲਿਆ ਜਦਕਿ ਮੇਰੇ ਸਾਥੀ ਉੱਤੇ ਮੁਲਜ਼ਮਾਂ ਨੇ ਬੁਰੇ ਤਰੀਕੇ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਉਸਦੀ ਮੌਤ ਹੋ ਗਈ।”
ਪੁਲਿਸ ਨੇ ਕਾਤਲਾਂ ਦੀ ਭਾਲ ਕੀਤੀ ਸ਼ੁਰੂ
ਇਸ ਮਾਮਲੇ ਵਿੱਚ ਪੁਲਿਸ ਇੰਸਪੈਕਟਰ ਜਗਦੀਸ ਰਾਜ ਨੇ ਦੱਸਿਆ ਕਿ “ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਕਰਦੇ ਹੋਏ 8 ਮੁਲਜ਼ਮਾਂ ਖ਼ਿਲਾਫ਼ ਬਾਏ ਨੇਮ ਪਰਚਾ ਦਰਜ ਕੀਤਾ ਗਿਆ ਹੈ ਜਦਕਿ 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਕਤਲ ਪੁਰਾਣੀ ਰੰਜਿਸ਼ ਦੀ ਵਜ੍ਹਾ ਨਾਲ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।”
ETV BHARAT