ਭੜਕਿਆ ਪਿਤਾ, ਘੇਰੀ ਸਰਕਾਰ !
ਪੰਜਾਬ ‘ਚ ਇੱਕ 20 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋਣ ਦੇ ਖਦਸ਼ੇ ਜਤਾਏ ਜਾ ਰਹੇ ਹਨ।
17 ਜੁਲਾਈ, 2026 – ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਇੱਕ 20 ਸਾਲਾ ਮੁੰਡੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖਾਲੀ ਕਿਸੇ ਥਾਂ ਤੋਂ ਨੌਜਵਾਨ ਦੀ ਲਾਸ਼ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਇਲਜ਼ਾਮ ਲੱਗ ਰਹੇ ਹਨ ਕਿ ਇਸ ਸੋਹਣੇ ਸੁਨੱਖੇ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮ੍ਰਿਤਕ ਨੌਜਵਾਨ ਸ਼ਹਿਰ ਦੇ ਸੰਤ ਨਗਰ ਇਲਾਕੇ ਦਾ ਰਹਿਣ ਵਾਲਾ ਸੀ ਮ੍ਰਿਤਕ ਦਾ ਪਿਤਾ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਵੀ ਹੈ। ਉਸ ਵੱਲੋਂ ਨੌਜਵਾਨੀ ਵਿੱਚ ਪੁੱਤ ਦੀ ਹੋਈ ਬੇਵਕਤੀ ਮੌਤ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਵੀ ਪੀੜਤ ਪਿਤਾ ਵੱਲੋਂ ਸਵਾਲ ਚੁੱਕੇ ਗਏ ਹਨ।
ਨਸ਼ੇ ਨੇ ਖਾ ਲਿਆ ਗੱਭਰੂ ਨੌਜਵਾਨ ?
ਪੁੱਤ ਦੀ ਮੌਤ ਤੋਂ ਬਾਅਦ ਪਿਤਾ ਜਗਜੀਤ ਸਿੰਘ ਨੇ ਭਾਵੁਕ ਹੁੰਦੇ ਕਿਹਾ ਕਿ “ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਗਰਾਊਂਡ ਜ਼ੀਰੋ ’ਤੇ ਕੁਝ ਨਹੀਂ ਹੋ ਰਿਹਾ। ਨਸ਼ਾ ਪਹਿਲਾਂ ਤੋਂ ਵੀ ਵੱਧ ਵਿਕ ਰਿਹਾ ਹੈ। ਨਸ਼ਾ ਕਾਰਨ ਮੌਤਾਂ ਵੀ ਉਸੇ ਤਰੀਕੇ ਨਾਲ ਹੋ ਰਹੀਆਂ ਹਨ ਜਿਸ ਤਰੀਕੇ ਨਾਲ ਪਹਿਲਾਂ ਹੋ ਰਹੀਆਂ ਸੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਆਪਣੀਆਂ ਅੱਖਾਂ ਖੋਲ੍ਹੋ। ਜੋ ਨਸ਼ੇ ਵਿਰੁੱਧ ਜੰਗ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਭ ਹਵਾ–ਹਵਾਈ ਗੱਲਾਂ ਹਨ। ਗਰਾਊਂਡ ਦੇ ਉੱਤੇ ਤੁਹਾਡੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ।”
“ਪਹਿਲਾਂ ਨਾਲੋਂ ਨਸ਼ਾ ਵੀ ਵਧਿਆ ਹੈ ਅਤੇ ਮੌਤਾਂ ਦਾ ਸਿਲਸਿਲਾ ਵੀ ਤੇਜ਼ ਹੋਇਆ ਹੈ। ਉਨ੍ਹਾਂ ਦੇ ਜਵਾਨ ਪੁੱਤ ਦੀ ਵੀ ਮੌਤ ਹੋ ਚੁੱਕੀ ਹੈ। ਜੇਕਰ ਇਲਾਕੇ ਦੇ ਆਮ ਲੋਕਾਂ ਨੂੰ ਪਤਾ ਹੈ ਕਿ ਇੱਥੇ ਸ਼ਰੇਆਮ ਨਸ਼ਾ ਵਿਕਦਾ ਹੈ, ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਹੈ ? ਸਰਕਾਰ ਦਾ ਖੂਫੀਆ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਅਤੇ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਹੈ।”–ਜਗਜੀਤ ਸਿੰਘ, ਮ੍ਰਿਤਕ ਦਾ ਪਿਤਾ
ਆਮ ਆਦਮੀ ਪਾਰਟੀ ਦਾ ਵਰਕਰ ਹੈ ਮ੍ਰਿਤਕ ਦਾ ਪਿਤਾ
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਤਾਂ ਖ਼ੁਦ ‘ਆਪ’ ਪਾਰਟੀ ਨਾਲ ਜੁੜੇ ਹੋਏ ਹੋ, ਤਾਂ ਪੀੜਤ ਪਿਤਾ ਨੇ ਕਿਹਾ, “ਅਸੀਂ ਅੱਜ ਵੀ ਪਾਰਟੀ ਦੇ ਨਾਲ ਹਾਂ, ਪਰ ਸੱਚਾਈ ਇਹ ਹੈ ਕਿ ਸਰਕਾਰ ਨਸ਼ੇ ਤੇ ਨੱਥ ਪਾਉਣ ਵਿੱਚ ਕਾਮਯਾਬ ਸਾਬਤ ਨਹੀਂ ਹੋ ਸਕੀ। ਜ਼ਮੀਨੀ ਪੱਧਰ ‘ਤੇ ਸਰਕਾਰ ਦੀ ‘ਨਸ਼ੇ ਵਿਰੁੱਧ ਜੰਗ‘ ਬਿਲਕੁਲ ਫੈਲ ਸਾਬਤ ਹੋਈ ਹੈ।”
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ–ਰੋ ਬੁਰਾ ਹਾਲ
ਮ੍ਰਿਤਕ ਦੇ ਚਾਚੇ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਿਨ-ਬ-ਦਿਨ ਉੱਜੜਦੀ ਜਾ ਰਹੀ ਹੈ। ਉਨ੍ਹਾਂ ਕਿਹਾ, “ਸਰਕਾਰ ਨੇ ਚੋਣਾਂ ਵੇਲੇ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਹਲਾਤ ਬਦਤਰ ਹਨ। ਜਦੋਂ ਜਵਾਨ ਪੁੱਤ ਸਿਵਿਆਂ ਦੇ ਰਾਹ ਤੁਰ ਪੈਂਦਾ ਹੈ, ਉਦੋਂ ਮਾਪਿਆਂ ‘ਤੇ ਕੀ ਬੀਤਦੀ ਹੈ, ਇਹ ਦਰਦ ਉਹੀ ਸਮਝ ਸਕਦਾ ਹੈ ਜਿਸ ਦੇ ਸਿਰ ‘ਤੇ ਪੈਂਦੀ ਹੈ।”
ETV BHARAT