ਲਗਾਤਾਰ ਪੈਂਦੇ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ। ਮੱਕੀ ਅਤੇ ਮਿਰਚ ਦੀ ਫ਼ਸਲ ਪੂਰੀ ਤਰ੍ਹਾਂ ਭਿੱਜੀ।
17 ਜੁਲਾਈ, 2026 – ਫਿਰੋਜ਼ਪੁਰ: ਜਿੱਥੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਮਾਨਸੂਨ ਦੇ ਦੌਰਾਨ ਵੀ ਖੁਸ਼ਕ ਅਤੇ ਹੁੰਮਸ ਭਰੀ ਗਰਮੀ ਨਾਲ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ਼ੁਰੂ ਹੋਏ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਅਚਾਨਕ ਪਏ ਤੇਜ਼ ਮੀਂਹ ਕਾਰਨ ਅਨਾਜ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਈ ਮੱਕੀ ਅਤੇ ਮਿਰਚ ਦੀ ਫ਼ਸਲ ਪੂਰੀ ਤਰ੍ਹਾਂ ਭਿੱਜ ਗਈ। ਕਈ ਥਾਵਾਂ ‘ਤੇ ਮੀਂਹ ਦਾ ਪਾਣੀ ਮੰਡੀਆਂ ਵਿੱਚ ਭਰ ਗਿਆ, ਜਿਸ ਕਾਰਨ ਫ਼ਸਲ ਪਾਣੀ ਵਿੱਚ ਰੁੜਦੀ ਹੋਈ ਵੀ ਨਜ਼ਰ ਆਈ।
ਪਾਣੀ ਵਿੱਚ ਰੁੜੀਆਂ ਫ਼ਸਲਾਂ
ਪੀੜਤ ਕਿਸਾਨਾਂ ਮਿਥੁਨ ਅਤੇ ਸੋਨੂੰ ਨੇ ਦੱਸਿਆ ਕਿ, “ਉਹ ਕਈ ਦਿਨਾਂ ਤੋਂ ਆਪਣੀ ਫ਼ਸਲ ਦੀ ਵਿਕਰੀ ਦੀ ਉਡੀਕ ਕਰ ਰਹੇ ਸਨ, ਪਰ ਅਚਾਨਕ ਹੋਈ ਬਾਰਿਸ਼ ਨੇ ਉਨ੍ਹਾਂ ਦੀ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ। ਬਾਰਿਸ਼ ਵਿੱਚ ਸਾਰੀ ਫ਼ਸਲ ਰੁੜ ਗਈ ਹੈ। ਇੱਥੇ ਹੋਰ ਸ਼ੈੱਡ ਪੈਣੇ ਚਾਹੀਦੇ ਹਨ।”
ਫ਼ਸਲਾਂ ਦੀ ਗੁਣਵੱਤਾ ਖ਼ਰਾਬ ਹੋ ਜਾਵੇਗੀ
ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਅਤੇ ਮਿਰਚ ਵਰਗੀਆਂ ਫਸਲਾਂ ਪਾਣੀ ਵਿੱਚ ਭਿੱਜਣ ਕਾਰਨ ਉਨ੍ਹਾਂ ਦੀ ਗੁਣਵੱਤਾ ਖ਼ਰਾਬ ਹੋ ਜਾਵੇਗੀ, ਜਿਸ ਨਾਲ ਮੰਡੀ ਵਿੱਚ ਉਨ੍ਹਾਂ ਨੂੰ ਘੱਟ ਭਾਅ ਮਿਲਣ ਦਾ ਡਰ ਹੈ। ਉਨ੍ਹਾਂ ਨੇ ਕਿਹਾ, “ਕੁਦਰਤ ਦੇ ਰੰਗਾਂ ਨੇ ਸਾਡੀ ਮਿਹਨਤ ਨੂੰ ਨੁਕਸਾਨ ਪਹੁੰਚਾਇਆ ਹੈ। ਹੁਣ ਫ਼ਸਲ ਦੇ ਖ਼ਰਾਬ ਹੋਣ ਨਾਲ ਸਾਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ।”
ਹੋਰ ਸ਼ੈੱਡ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋਵੇ
ਕਿਸਾਨਾਂ ਨੇ ਸਰਕਾਰ ਅਤੇ ਮੰਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਫ਼ਸਲ ਨੂੰ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਬਾਰਿਸ਼ ਨਾਲ ਹੋਏ ਨੁਕਸਾਨ ਦਾ ਜਲਦ ਸਰਵੇ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੰਡੀਆਂ ਵਿੱਚ ਸ਼ੈੱਡ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੁੰਦਾ ਤਾਂ ਫਸਲ ਨੂੰ ਇਸ ਤਰ੍ਹਾਂ ਦਾ ਨੁਕਸਾਨ ਨਾ ਹੁੰਦਾ। ਫਿਲਹਾਲ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਮੰਡੀਆਂ ਵਿੱਚ ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ ਅਤੇ ਕਿਸਾਨ ਆਪਣੀ ਫ਼ਸਲ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਬਾਰਿਸ਼ ਕਾਰਨ ਖੇਤੀਬਾੜੀ ਨਾਲ ਜੁੜੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ETV BHARAT