ਹੜਤਾਲ ਕਾਰਨ ਅੱਜ ਬਰਨਾਲਾ, ਬੁਢਲਾਡਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਰੀਦਕੋਟ, ਚੰਡੀਗੜ੍ਹ, ਕਪੂਰਥਲਾ ਅਤੇ ਬਠਿੰਡਾ ਵਿੱਚ ਪੀਆਰਟੀਸੀ ਡਿਪੂ ਪੂਰੀ ਤਰ੍ਹਾਂ ਬੰਦ ਰਹੇ।
17 ਜੁਲਾਈ, 2026 – ਬਰਨਾਲਾ,ਬਠਿੰਡਾ: PRTC ਪਨਬੱਸ 25/11 ਕੰਟਰੈਕਟ ਵਰਕਰ ਯੂਨੀਅਨ ਦੇ ਸੱਦੇ ‘ਤੇ ਅੱਜ ਪੰਜਾਬ ਭਰ ਦੇ 9 ਮੁੱਖ PRTC ਡਿਪੂਆਂ ਵਿੱਚ ਮੁਕੰਮਲ ਹੜਤਾਲ ਕਰਕੇ ਚੱਕਾ ਜਾਮ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸੂਬੇ ਦੇ ਕਰੀਬ 1200 ਕੰਟਰੈਕਟ ਮੁਲਾਜ਼ਮਾਂ ਨੇ ਹਿੱਸਾ ਲਿਆ। ਮੁਲਾਜ਼ਮਾਂ ਦੀ ਮੁੱਖ ਮੰਗ ਚੰਡੀਗੜ੍ਹ ਡਿਪੂ ਦੇ ਇੱਕ ਕੰਡਕਟਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਰੱਦ ਕਰਕੇ ਸਾਥੀ ਮੁਲਾਜ਼ਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਤਾਂ ਜੋ ਪੀੜਤ ਮੁਲਾਜ਼ਮ ਨਾਲ ਇਨਸਾਫ਼ ਹੋ ਸਕੇ।
ਬਰਖਾਸਤ ਮੁਲਾਜ਼ਮ ਵਾਪਸ ਡਿਊਟੀ ‘ਤੇ ਬੁਲਾਏ ਜਾਣ ਦੀ ਮੰਗ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ‘ਚੰਡੀਗੜ੍ਹ ਡਿਪੂ ਦੇ ਕੰਡਕਟਰ ਗੁਰਵਿੰਦਰ ਸਿੰਘ ‘ਤੇ ਅੱਡਾ ਪਰਚੀਆਂ ਵਿੱਚ ਕਥਿਤ ਗੜਬੜੀ ਕਰਨ ਅਤੇ ਫਰਜ਼ੀ ਪਰਚੀਆਂ ਕੱਟਣ ਦਾ ਇਲਜ਼ਾਮ ਲਗਾਇਆ ਗਿਆ ਹੈ। PRTC ਪ੍ਰਬੰਧਕਾਂ ਵੱਲੋਂ ਬਿਨਾਂ ਕਿਸੇ ਨਿਰਪੱਖ ਜਾਂ ਪਾਰਦਰਸ਼ੀ ਜਾਂਚ ਦੇ ਹੀ ਉਕਤ ਮੁਲਾਜ਼ਮ ਨੂੰ ਸਿੱਧਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ‘ਤੇ ਹੀ ਕੋਈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।‘ ਹੜਤਾਲ ਦੌਰਾਨ ਬਰਨਾਲਾ ਬੱਸ ਸਟੈਂਡ ‘ਤੇ ਇਕੱਠੇ ਹੋਏ ਮੁਲਾਜ਼ਮਾਂ ਨੇ PRTC ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ।
ਸਰਕਾਰ ਨੂੰ ਚਿਤਾਵਨੀ
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਅਤੇ ਅਵਤਾਰ ਸਿੰਘ ਨੇ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ‘ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਖ਼ਿਲਾਫ਼ ਹੀ ਅੱਜ ਪੂਰੇ ਸੂਬੇ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਅਤੇ PRTC ਪ੍ਰਬੰਧਕਾਂ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਬਰਖਾਸਤ ਕੀਤੇ ਮੁਲਾਜ਼ਮ ਨੂੰ ਤੁਰੰਤ ਬਹਾਲ ਨਾ ਕੀਤਾ ਗਿਆ ਅਤੇ ਮਾਮਲੇ ਦੀ ਨਿਰਪੱਖ ਜਾਂਚ ਨਾ ਸ਼ੁਰੂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਫਿਲਹਾਲ ਸਿਰਫ਼ PRTC ਦੀਆਂ ਬੱਸਾਂ ਹੜਤਾਲ ‘ਤੇ ਹਨ, ਪਰ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਰੋਡਵੇਜ਼ ਦੇ ਹੋਰ ਮੁਲਾਜ਼ਮ ਵੀ ਇਸ ਅੰਦੋਲਨ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰਨਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।‘
ਬਠਿੰਡਾ ‘ਚ ਵੀ ਹੋਇਆ ਚੱਕਾ ਜਾਮ
ਬਠਿੰਡਾ ਡੀਪੂ ਦੇ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਅਤੇ ਹਰਦਾਰ ਸ਼ਰਮਾ ਨੇ ਦੱਸਿਆ ਕਿ ‘ਉਨ੍ਹਾਂ ਵੱਲੋਂ ਅੱਜ ਪੰਜਾਬ ਦੇ 9 ਡੀਪੂਆਂ ਵਿੱਚ ਇਸ ਲਈ ਸਰਕਾਰੀ ਬੱਸ ਸੇਵਾ ਠੱਪ ਕੀਤੀ ਗਈ ਹੈ। ਪਿਛਲੇ ਦਿਨੀਂ ਚੰਡੀਗੜ੍ਹ ਡੀਪੂ ਦੇ ਕੰਡਕਟਰ ਸਾਥੀ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਜਾਂਚ ਕੀਤੇ ਉਸ ਨੂੰ ਟਰਮੀਨੇਟ ਕਰ ਦਿੱਤਾ ਹੈ। ਅੱਡਾ ਫੀਸ ਨੂੰ ਲੈ ਕੇ ਜੋ ਗੰਭੀਰ ਇਲਜ਼ਾਮ ਲਗਾ ਕੇ ਉਸ ਨੂੰ ਟਰਮੀਨੇਟ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ। ਸਰਕਾਰ ਨੇ ਜੇਕਰ ਕੋਈ ਗਲਤੀ ਤਾਂ ਕੁਤਾਹੀ ਦੇਖੀ ਸੀ ਤਾਂ ਪਹਿਲਾਂ ਉਸ ਨੂੰ ਨੋਟਿਸ ਦਿੰਦੇ ਅਤੇ ਉਸ ਦੀ ਜਾਂਚ ਕਰਵਾ ਕੇ ਐਕਸ਼ਨ ਲੈਂਦੇ ਫਿਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਹੁਣ ਉਸ ਨਾਲ ਧੱਕਾ ਕੀਤਾ ਗਿਆ ਹੈ। ਜੋ ਕਿ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਅਸੀਂ ਆਪਣੇ ਸਾਥੀ ਦੀ ਬਹਾਲੀ ਤੱਕ ਇਹ ਧਰਨਾ ਜਾਰੀ ਰੱਖਾਂਗੇ।‘
ਪਰੇਸ਼ਾਨ ਹੋ ਰਹੇ ਯਾਤਰੀ
ਹੜਤਾਲ ਦੇ ਚੱਲਦਿਆਂ ਅੱਜ ਬਰਨਾਲਾ, ਬੁਢਲਾਡਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਰੀਦਕੋਟ, ਚੰਡੀਗੜ੍ਹ, ਕਪੂਰਥਲਾ ਅਤੇ ਬਠਿੰਡਾ ਦੇ PRTC ਡਿਪੂ ਪੂਰੀ ਤਰ੍ਹਾਂ ਬੰਦ ਰਹੇ। ਬੱਸ ਸੇਵਾਵਾਂ ਠੱਪ ਹੋਣ ਕਾਰਨ ਆਮ ਲੋਕਾਂ ਅਤੇ ਖ਼ਾਸ ਕਰਕੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਬੱਸ ਅੱਡਿਆਂ ‘ਤੇ ਸਵਾਰੀਆਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ETV BHARAT