ਹੱਕ ਮੰਗਦੀਆਂ ਔਰਤਾਂ ਦੇ ਫਾੜੇ ਸਿਰ, ਪੀੜਤਾਂ ਨੇ ਦੱਸੀ ਹੱਡਬੀਤੀ; ਇਸ ਦਿਨ ਪੰਜਾਬ ਬੰਦ ਦਾ ਐਲਾਨ
ਆਪਣੀਆਂ ਹੱਕੀ ਮੰਗਾਂ ਅਤੇ ਤਨਖਾਹਾਂ ਵਧਾਉਣ ਲਈ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਜਬਰ ਦੀਆਂ ਹੱਡ–ਬੀਤੀਆਂ ਆਈਆਂ ਸਾਹਮਣੇ।
24 ਜੁਲਾਈ, 2026 – ਬਰਨਾਲਾ: ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਅਤੇ ਤਨਖਾਹਾਂ ਵਧਾਉਣ ਲਈ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਜਬਰ ਦੀਆਂ ਖ਼ੌਫ਼ਨਾਕ ਤਸਵੀਰਾਂ ਅਤੇ ਹੱਡ-ਬੀਤੀਆਂ ਸਾਹਮਣੇ ਆਈਆਂ ਹਨ। ਪੀੜਤਾਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਔਰਤਾਂ ਅਤੇ ਕੁੜੀਆਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾਇਆ, ਜਦਕਿ ਸਮਾਜਿਕ ਆਗੂਆਂ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਪੀੜਤ ਕਰਮਚਾਰੀਆਂ ਨੇ ਕਿਹਾ ਕਿ ਚਾਰ ਪੰਜ ਪੁਲਿਸ ਵਾਲਿਆਂ ਦੇ ਵੱਲੋਂ ਮੇਰੇ ਸਿਰ ਦੇ ਵਿੱਚ ਡਾਂਗਾਂ ਮਾਰੀਆਂ ਗਈਆਂ ਹਨ।
ਪੰਜਾਬ ‘ਚ ਚੱਲ ਰਿਹਾ ਹੈ ਤਾਲਿਬਾਨੀ ਰਾਜ‘ – ਸ਼ੀਤਲ ਆਰਿਆ ਵੰਸ਼ੀ
ਘਟਨਾ ਦੀ ਆਪਬੀਤੀ ਦੱਸਦਿਆਂ ਪੀੜਤ ਔਰਤਾਂ ਅਤੇ ਠੇਕਾ ਮੁਲਾਜ਼ਮਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਅੰਨ੍ਹੇਵਾਹ ਲਾਠੀਚਾਰਜ ਕੀਤਾ। ਸਾਡੀਆਂ ਭੈਣਾਂ ਅਤੇ ਧੀਆਂ ਦੇ ਸਿਰ ਫਾੜ ਦਿੱਤੇ ਗਏ। ਚਾਰ-ਚਾਰ, ਪੰਜ-ਪੰਜ ਪੁਲਿਸ ਵਾਲੇ ਇੱਕ-ਇੱਕ ਜਣੇ ਨੂੰ ਘੇਰ ਕੇ ਕੁੱਟ ਰਹੇ ਸਨ। ਜੋ ਹੇਠਾਂ ਡਿੱਗ ਪੈਂਦਾ ਸੀ, ਉਸ ‘ਤੇ ਵੀ ਲੱਤਾਂ ਅਤੇ ਡਾਂਗਾਂ ਵਰ੍ਹਾਈਆਂ ਗਈਆਂ। ਇੱਥੋਂ ਤੱਕ ਕਿ ਜਦੋਂ ਲੋਕ ਜਾਨ ਬਚਾਉਣ ਲਈ ਧਰਮਸ਼ਾਲਾ ਅੰਦਰ ਵੜੇ, ਤਾਂ ਪੁਲਿਸ ਨੇ ਅੰਦਰ ਵੜ ਕੇ ਵੀ ਬੰਦਿਆਂ ਨੂੰ ਬੇਰਹਿਮੀ ਨਾਲ ਕੁੱਟਿਆ।
ਹਸਪਤਾਲ ‘ਚ ਦਾਖ਼ਲ ਇੱਕ ਜ਼ਖ਼ਮੀ ਮੁਲਾਜ਼ਮ ਨੇ ਦੱਸਿਆ ਕਿ “ਉਸ ਦੇ ਸਿਰ ‘ਤੇ ਗੰਭੀਰ ਸੱਟ ਵੱਜੀ ਸੀ ਅਤੇ ਉਹ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਚੁੱਕ ਕੇ ਹਸਪਤਾਲ ਲਿਆਂਦਾ ਗਿਆ।” ਪੀੜਤਾਂ ਨੇ ਰੋਸ ਪ੍ਰਗਟਾਇਆ ਕਿ ਅਸੀਂ ਕੋਈ ਜੁਰਮ ਨਹੀਂ, ਸਗੋਂ ਆਪਣੀ ਮਿਹਨਤ ਦੀ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਵੀ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕੀਤੀ ਜਾ ਰਹੀ।
ਸ਼ੀਤਲ ਆਰਿਆ ਵੰਸ਼ੀ ਨੇ ਘਟਨਾ ਦਾ ਵਿਰੋਧ ਕੀਤਾ
ਘਟਨਾ ‘ਤੇ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਸ੍ਰਿਸ਼ਟੀ ਕਰਤਾ ਵਾਲਮੀਕ ਐਜੂਕੇਸ਼ਨ ਫਾਊਂਡੇਸ਼ਨ ਦੇ ਮੁੱਖ ਸੰਚਾਲਕ ਸ਼ੀਤਲ ਆਰਿਆ ਵੰਸ਼ੀ ਨੇ ਇਸ ਨੂੰ ਬਹੁਤ ਹੀ ਦੁਰਭਾਗਪੂਰਨ ਘਟਨਾਜ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਨਿਕੰਮੀ ਸਰਕਾਰ ਦਾ ‘ਤਾਲਿਬਾਨੀ ਰਾਜ’ ਚੱਲ ਰਿਹਾ ਹੈ, ਜਿੱਥੇ ਆਪਣੇ ਹੱਕ ਮੰਗਣ ਵਾਲੇ ਨਿਹਤੇ ਮੁਲਾਜ਼ਮਾਂ ‘ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ।
“ਮੁਲਜ਼ਮ ਪੁਲਿਸ ਵਾਲੇ ਹੋਣ ਡਿਸਮਿਸ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ. ਅਤੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਨਹੀਂ, ਸਗੋਂ ਤੁਰੰਤ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ। ਇਹ ਉਹੀ ਸਫ਼ਾਈ ਕਰਮਚਾਰੀ ਹਨ ਜਿਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਦੌਰਾਨ ਆਪਣੀ ਜਾਨ ਜੋਖਮ ‘ਚ ਪਾ ਕੇ ਦੇਸ਼ ਨੂੰ ਬਚਾਇਆ ਸੀ।” –ਸ਼ੀਤਲ ਆਰਿਆ ਵੰਸ਼ੀ
ਪੰਜਾਬ ਸਰਕਾਰ ਨੂੰ ਚਿਤਾਵਨੀ
ਸ਼ੀਤਲ ਆਰਿਆ ਵੰਸ਼ੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਪੂਰੇ ਪੰਜਾਬ ਦੇ ਦਰਜਾ ਚਾਰ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਤੁਰੰਤ ਪੱਕਾ (ਰੈਗੂਲਰ) ਕੀਤਾ ਜਾਵੇ। ਉਹਨਾਂ ਆਖਿਆ ਕਿ ਜੇਕਰ ਸਰਕਾਰ ਪੰਜਾਬ ਵਿੱਚ ਅਮਨ-ਸ਼ਾਂਤੀ ਚਾਹੁੰਦੀ ਹੈ ਤਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ, ਨਹੀਂ ਤਾਂ ਇਹੋ ਕੱਚੇ ਮੁਲਾਜ਼ਮ ਆਉਣ ਵਾਲੇ ਸਮੇਂ ਵਿੱਚ ਸਰਕਾਰ ਦਾ ਤਖ਼ਤਾ ਪਲਟ ਕਰਨਗੇ।
ਇਕੱਠੀਆਂ ਹੋਈਆਂ ਜਥੇਬੰਦੀਆਂ
ਇੱਕ ਪਾਸੇ ਜ਼ਖਮੀ ਸਫਾਈ ਕਰਮਚਾਰੀ ਸਰਕਾਰੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ, ਉੱਥੇ ਹੀ ਇਸ ਘਟਨਾ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ, ਵਾਲਮੀਕਿ ਸਮਾਜ ਅਤੇ ਤਮਾਮ ਸੰਘਰਸ਼ਸ਼ੀਲ ਜਥੇਬੰਦੀਆਂ ਇੱਕ ਮੰਚ ‘ਤੇ ਇਕੱਠੀਆਂ ਹੋ ਗਈਆਂ ਹਨ। ਅੱਜ ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਪੂਰੇ ਪੰਜਾਬ ਤੋਂ ਪਹੁੰਚੇ ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਅਤੇ ਕਿਸਾਨ ਆਗੂਆਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜ਼ੋਰਦਾਰ ਰੋਸ਼ ਮਾਰਚ ਕੱਢਦਿਆਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੰਗਾਂ ਨਾ ਮੰਨਣ ‘ਤੇ ਸੋਮਵਾਰ ਨੂੰ ਪੰਜਾਬ ਬੰਦ ਦੀ ਚਿਤਾਵਨੀ ਦਿੱਤੀ ਹੈ।
ਇਸ ਦਿਨ ‘ਪੰਜਾਬ ਬੰਦ‘ ਦਾ ਸੱਦਾਰੋਸ ਮਾਰਚ ਦੌਰਾਨ ਇਕੱਤਰ ਹੋਏ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ, ਖਾਸ ਕਰਕੇ ਮਹਿਲਾ ਕਰਮਚਾਰੀਆਂ ‘ਤੇ ਕੀਤਾ ਗਿਆ ਲਾਠੀਚਾਰਜ ਨਿਰੀ ਤਾਨਾਸ਼ਾਹੀ ਅਤੇ ਗੁੰਡਾਗਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮੌਕੇ ‘ਤੇ ਮੌਜੂਦ ਜਿਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਹ ਬਰਬਰਤਾ ਕੀਤੀ ਹੈ, ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਪ੍ਰਦਰਸ਼ਨਕਾਰੀ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਸੋਮਵਾਰ ਤੱਕ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਸੋਮਵਾਰ (27 ਜੁਲਾਈ) ਨੂੰ ਪੂਰੇ ਪੰਜਾਬ ਵਿੱਚ ‘ਚੱਕਾ ਜਾਮ’ ਕਰਕੇ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਜਾਵੇਗਾ।
ਬਰਨਾਲਾ ਵਿੱਚ ਸਥਿਤੀ ਤਣਾਅਪੂਰਨ
ਇਸ ਮੌਕੇ ਕਿਸਾਨ ਆਗੂ ਭੋਲਾ ਸਿੰਘ, ਵਾਲਮੀਕਿ ਸਮਾਜ ਦੇ ਰਾਸ਼ਟਰੀ ਸੰਚਾਲਕ ਨਰੇਸ਼ ਕੁਮਾਰ, ਆਗੂ ਪਵਨ ਦ੍ਰਾਵਿੜ, ਅਨੀਤਾ ਦੇਵੀ, ਸ਼ਾਮ ਲਾਲ ਬਿੱਟੂ ਅਤੇ ਬਠਿੰਡਾ ਦੇ ਸਾਬਕਾ ਮੇਅਰ ਬਲਵੰਤ ਰਾਏ ਸਮੇਤ ਪ੍ਰਮੁੱਖ ਆਗੂਆਂ ਨੇ ਸੰਬੋਧਨ ਕੀਤਾ। ਫਿਲਹਾਲ ਘਟਨਾ ਤੋਂ ਬਾਅਦ ਬਰਨਾਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਦੀ ਅਗਲੀ ਕਾਰਵਾਈ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ETV BHARAT