ਅੰਕੜਿਆਂ ਪਿੱਛੇ ਦੀ ਅਸਲੀ ਕਹਾਣੀ
AISHE ਵੱਲੋਂ ਉੱਚ ਸਿੱਖਿਆ ਵਿੱਚ ਪੰਜਾਬ ਦੇ ਨੌਜਵਾਨੀ ਦੀ ਘਟ ਰਹੀ ਭਾਗਦਾਰੀ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ। ਪੱਤਰਕਾਰ ਕਵਲਜੀਤ ਕੌਰ ਦੀ ਰਿਪੋਰਟ
29 ਜੁਲਾਈ, 2026 – ਚੰਡੀਗੜ੍ਹ: ਪੰਜਾਬ ਦੇ ਨੌਜਵਾਨ ਉੱਚ ਸਿੱਖਿਆ ਵਿੱਚ ਦਿਲਚਸਪੀ ਨਹੀਂ ਵਿਖਾ ਰਹੇ। ਅਜਿਹਾ ਕਹਿਣਾ ਸਾਡਾ ਨਹੀਂ ਹੈ ਬਲਕਿ ਕੇਂਦਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ AISHE (All India Survey On Higher Education) ਵਿੱਚ ਕਿਹਾ ਗਿਆ ਹੈ। ਇਸ ਰਿਪੋਰਟ ਦੇ ਮੁਤਾਬਕ ਉੱਚ ਸਿੱਖਿਆ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਦਾਖ਼ਲੇ ਦੀ ਦਰ ਰਾਸ਼ਟਰੀ ਦਰ ਦੇ ਮੁਕਾਬਲੇ ਘੱਟ ਹੈ। ਇਹ ਰਿਪੋਰਟ ਜੁਲਾਈ 2026 ਵਿੱਚ ਜਾਰੀ ਕੀਤੀ ਗਈ ਹੈ।
ਹੁਣ ਸਵਾਲ ਇਹ ਹੈ ਕਿ ਪੰਜਾਬ ਵਿਚ ਅਜਿਹੀ ਸਥਿਤੀ ਪੈਦਾ ਕਿਉਂ ਹੋਈ ? ਪੰਜਾਬ ਕੌਮੀ ਔਸਤ ਤੋਂ ਪਿੱਛੇ ਕਿਉਂ ਹੈ ? ਕੀ ਵਿਦੇਸ਼ੀ ਮਾਈਗ੍ਰੇਸ਼ਨ, ਵਧਦੀ ਪ੍ਰਾਈਵੇਟ ਸਿੱਖਿਆ ਦੀ ਲਾਗਤ, ਰੁਜ਼ਗਾਰ ਦੀ ਘਾਟ ਜਾਂ ਡਿਗਰੀ ਦੀ ਘਟਦੀ ਉਪਯੋਗਤਾ ਇਸ ਦੇ ਮੁੱਖ ਕਾਰਨ ਹਨ ? ਉੱਚ ਸਿੱਖਿਆ ਵਿੱਚ ਵਿਦਿਆਰਥੀਆਂ ਦੀ ਘੱਟ ਰਹੀ Enrollment ਦੇ ਕੀ ਪ੍ਰਭਾਵ ਪੈ ਸਕਦੇ ਹਨ ? ਇਸ ਵਿਸ਼ੇਸ਼ ਰਿਪੋਰਟ ਵਿਚ ਅਸੀਂ ਤੱਥਾਂ ’ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ….
ਕੀ ਕਹਿੰਦੀ ਹੈ AISHE ਦੀ ਰਿਪੋਰਟ ?
ਰਿਪੋਰਟ ਦੇ ਅੰਕੜਿਆਂ ਮੁਤਾਬਕ ਪੰਜਾਬ ਦਾ ਕੁੱਲ ਦਾਖਲਾ ਅਨੁਪਾਤ (Gross Enrolment Ratio – GER) ਮਹਿਜ਼ 27.9% ਰਹਿ ਗਿਆ ਹੈ, ਜੋ ਕਿ ਦੇਸ਼ ਦੀ ਔਸਤ 30.2% ਤੋਂ ਕਾਫ਼ੀ ਪਿੱਛੇ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਪੰਜਾਬ ਵਿੱਚ 18 ਤੋਂ 23 ਸਾਲ ਦੇ ਹਰ 100 ਨੌਜਵਾਨਾਂ ਵਿੱਚੋਂ ਸਿਰਫ਼ 28 ਨੌਜਵਾਨ ਹੀ ਕਾਲਜਾਂ ਜਾਂ ਯੂਨੀਵਰਸਿਟੀਆਂ ਦਾ ਰੁਖ ਕਰ ਰਹੇ ਹਨ, ਜਦਕਿ 72 ਨੌਜਵਾਨ ਉੱਚ ਸਿੱਖਿਆ ਦੇ ਘੇਰੇ ਤੋਂ ਪੂਰੀ ਤਰ੍ਹਾਂ ਬਾਹਰ ਹਨ।
ਕੌਮੀ ਪੱਧਰ ‘ਤੇ ਕੀ ਸਥਿਤੀ ਹੈ ?
AISHE 2023-24 ਮੁਤਾਬਕ ਦੇਸ਼ ਦਾ Gross Enrolment Ratio (GER) 30 ਫੀਸਦੀ ਦਰਜ ਕੀਤਾ ਗਿਆ ਹੈ, ਜੋ 2014-15 ਵਿੱਚ 23.7 ਫੀਸਦੀ ਸੀ। ਉੱਚ ਸਿੱਖਿਆ ਸੰਸਥਾਵਾਂ ਵਿੱਚ ਕੁੱਲ ਦਾਖ਼ਲਿਆਂ ਦੀ ਗਿਣਤੀ ਵੀ ਵੱਧ ਕੇ ਕਰੀਬ 4.5 ਕਰੋੜ ਤੱਕ ਪਹੁੰਚ ਗਈ ਹੈ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਰਿਪੋਰਟ ਮੁਤਾਬਕ ਔਰਤਾਂ ਦਾ GER 31.2 ਫੀਸਦੀ ਹੈ, ਜਦਕਿ ਮਰਦਾਂ ਦਾ GER 28.9 ਫੀਸਦੀ ਦਰਜ ਕੀਤਾ ਗਿਆ ਹੈ।
ਪੰਜਾਬ ਵਿੱਚ ਉੱਚ ਸਿੱਖਿਆ ਦਾ ਮੌਜੂਦਾ ਢਾਂਚਾ
AISHE 2023-24 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਇਸ ਸਮੇਂ ਕੁੱਲ 1,027 ਉੱਚ ਸਿੱਖਿਆ ਸੰਸਥਾਵਾਂ ਹਨ। ਇਨ੍ਹਾਂ ਵਿੱਚ 34 ਯੂਨੀਵਰਸਿਟੀਆਂ, 883 ਕਾਲਜ ਅਤੇ 110 ਹੋਰ ਇੰਸਟਚਿਊਟ ਵਰਗੀਆਂ ਸੰਸਥਾਵਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਸੰਸਥਾਵਾਂ ਵਿੱਚ ਕੁੱਲ ਮਿਲਾ ਕੇ 9,28,487 ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿੱਚ 4,58,785 ਮੁੰਡੇ ਅਤੇ 4,69,702 ਕੁੜੀਆਂ ਹਨ। ਇਹ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਉੱਚ ਸਿੱਖਿਆ ਲਈ ਸੰਸਥਾਵਾਂ ਦੀ ਕੋਈ ਕਮੀ ਨਹੀਂ, ਪਰ ਅਜੇ ਵੀ ਕਈ ਨੌਜਵਾਨ ਉੱਚ ਸਿੱਖਿਆ ਤੱਕ ਨਹੀਂ ਪਹੁੰਚ ਰਹੇ।
ਪੰਜਾਬ ਦਾ ਨੌਜਵਾਨ ਉੱਚ ਸਿੱਖਿਆ ਤੋਂ ਦੂਰ ਕਿਉਂ ?
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਅਤੇ ਸਿੱਖਿਆ ਸ਼ਾਸਤਰੀ ਡਾ. ਵਿਨੋਦ ਚੌਧਰੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ “ਪੰਜਾਬ ਅਤੇ ਦੇਸ਼ ਭਰ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ। ਬਹੁਤ ਸਾਰੇ ਸਕੂਲ ਬੰਦ ਹੋ ਚੁੱਕੇ ਹਨ ਅਤੇ ਜਿਹੜੇ ਚੱਲ ਰਹੇ ਹਨ, ਉਨ੍ਹਾਂ ਵਿੱਚ ਬੁਨਿਆਦੀ ਸਹੂਲਤਾਂ (ਬਿਜਲੀ, ਪਾਣੀ, ਟਾਇਲਟ) ਅਤੇ ਅਧਿਆਪਕਾਂ ਦੀ ਭਾਰੀ ਘਾਟ ਹੈ। ਜਦੋਂ ਸਕੂਲੀ ਨੀਂਹ ਹੀ ਕਮਜ਼ੋਰ ਹੈ, ਤਾਂ ਬੱਚੇ ਉੱਚ ਸਿੱਖਿਆ ਦੇ ਸੁਪਨੇ ਕਿਵੇਂ ਦੇਖ ਸਕਦੇ ਹਨ।”
ਡਾ. ਵਿਨੋਦ ਚੌਧਰੀ ,ਸਿੱਖਿਆ ਸ਼ਾਸਤਰੀ
“ਸਿੱਖਿਆ ਢਾਂਚੇ ਵਿਚ ਕਈ ਊਣਤਾਈਆਂ ਹਨ। ਅਧਿਆਪਕਾਂ ਨੂੰ ਬਹੁਤ ਘੱਟ ਦਿਹਾੜੀ ‘ਤੇ ਰੱਖਿਆ ਜਾ ਰਿਹਾ ਹੈ। ਡਰਿਆ ਹੋਇਆ ਅਧਿਆਪਕ ਇੱਕ ਡਰਿਆ ਹੋਇਆ ਸਮਾਜ ਪੈਦਾ ਕਰਦਾ ਹੈ। ਨੌਕਰੀ ਖੁੱਸਣ ਦੇ ਡਰ ਕਾਰਨ ਸਿੱਖਿਆ ਦਾ ਅਸਲ ਮਨੋਰਥ ਖ਼ਤਮ ਹੋ ਰਿਹਾ ਹੈ। ਮਾਸਟਰਜ਼ ਅਤੇ ਪੀਐੱਚਡੀ (PhD) ਕਰਨ ਵਾਲੇ ਨੌਜਵਾਨ ਵੀ ਬੇਰੁਜ਼ਗਾਰ ਘੁੰਮ ਰਹੇ ਹਨ। ਨੌਕਰੀਆਂ ਦੀ ਘਾਟ ਕਾਰਨ ਪੰਜਾਬ ਦਾ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ।”-ਡਾ. ਵਿਨੋਦ ਚੌਧਰੀ,ਸਿੱਖਿਆ ਸ਼ਾਸਤਰੀ
ਸਿੱਖਿਆ ਸੰਸਥਾਨਾਂ ‘ਚ ਗੁਆਂਢੀ ਸੂਬਿਆਂ ਦੇ ਵਧ ਰਹੇ ਵਿਦਿਆਰਥੀ
ਉਨ੍ਹਾਂ ਦੱਸਿਆ ਕਿ “ਪੰਜਾਬ ਯੂਨੀਵਰਸਿਟੀ ਵਰਗੇ ਅਦਾਰਿਆਂ ਵਿੱਚ ਪੰਜਾਬ ਦੇ ਅੰਦਰੂਨੀ ਇਲਾਕਿਆਂ ਤੋਂ ਬੱਚਿਆਂ ਦਾ ਆਉਣਾ ਲਗਭਗ ਬੰਦ ਹੋ ਗਿਆ ਹੈ। ਕਲਾਸਾਂ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਨਾ–ਮਾਤਰ ਰਹਿ ਗਈ ਹੈ, ਜਦਕਿ ਗੁਆਂਢੀ ਸੂਬਿਆਂ ਦੇ ਬੱਚੇ ਵੱਧ ਰਹੇ ਹਨ। ਮੌਜੂਦਾ ਸਮੇਂ ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਆਨ ਵਿਭਾਗ ਦੀ ਹੀ ਗੱਲ ਕਰੀਏ ਤਾਂ ਪੰਜਾਬ ਨਾਲ ਸਬੰਧਤ ਵਿਿਦਆਰਥੀਆਂ ਦੀ ਗਿਣਤੀ 10 ਫ਼ੀਸਦ ਤੋਂ ਵੀ ਘੱਟ ਹੋਵੇਗੀ।”
“ਸਰਕਾਰੀ ਅਦਾਰਿਆਂ ਦੇ ਫੇਲ੍ਹ ਹੋਣ ਕਾਰਨ ਪ੍ਰਾਈਵੇਟ ਯੂਨੀਵਰਸਿਟੀਆਂ ਮਨਮਰਜ਼ੀ ਦੀਆਂ ਭਾਰੀ ਫੀਸਾਂ ਵਸੂਲ ਰਹੀਆਂ ਹਨ, ਜੋ ਆਮ ਬੱਚੇ ਦੀ ਪਹੁੰਚ ਤੋਂ ਬਾਹਰ ਹਨ। ਨਵੀਂ ਸਿੱਖਿਆ ਨੀਤੀ (NEP 2020) ਵੀ ਸਿੱਖਿਆ ਦੇ ਨਿੱਜੀਕਰਨ ਨੂੰ ਬੜ੍ਹਾਵਾ ਦੇ ਰਹੀ ਹੈ।”–ਡਾ. ਵਿਨੋਦ ਚੌਧਰੀ,ਸਿੱਖਿਆ ਸ਼ਾਸਤਰੀ
ਪੰਜਾਬ ਦੇ ਹਲਾਤ ਅਤੇ ਨੌਜਵਾਨਾਂ ਦਾ ਪਿਛੋਕੜ
ਸੋਸ਼ਲ ਐਕਟੀਵਿਸਟ ਡਾ. ਰਣਬੀਰ ਸਿੰਘ ਕਹਿੰਦੇ ਹਨ “ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਜੋ ਸਾਡਾ ਸੂਬਾ ਹੈ, ਇੰਡੀਆ ਵਿੱਚ ਸਭ ਤੋਂ ਵਧੀਆ ਸੂਬਾ ਮੰਨਿਆ ਜਾਂਦਾ ਸੀ। ਪਰ ਕਾਫ਼ੀ ਸਮੇਂ ਤੋਂ ਇਸ ਵਿੱਚ ਬਹੁਤ ਵੱਡੇ ਪੱਧਰ ‘ਤੇ ਤਬਦੀਲੀਆਂ ਆਈਆਂ ਹਨ, ਜਿਵੇਂ ਕਿ ਡੈਮੋਗ੍ਰਾਫ਼ੀ ਦੇ ਪੱਧਰ ‘ਤੇ ਕਾਫ਼ੀ ਬਦਲਾਅ ਆਏ ਹਨ। ਪਿਛਲੇ 6-7 ਦਹਾਕਿਆਂ ਤੋਂ ਪੰਜਾਬ ਦੇ ਹਾਲਾਤ ਮਾੜੇ ਰਹੇ ਹਨ। ਪਹਿਲਾਂ ਅੱਤਵਾਦ ਰਿਹਾ, ਫਿਰ ਨਸ਼ਾ ਆ ਗਿਆ ਅਤੇ ਫਿਰ ਗੈਂਗਸਟਰਵਾਦ ਆ ਗਿਆ। ਇਸ ਕਰਕੇ ਪੰਜਾਬ ਦੇ ਮਾਪਿਆਂ ਨੇ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੀ ਜੋ ਉੱਚ ਸਿੱਖਿਆ ਦੀ ਰੇਸ਼ੋ ਹੈ, ਉਹ ਅਨੇਕਾਂ ਸਾਲਾਂ ਬਾਅਦ ਕਾਫ਼ੀ ਹੇਠਾਂ ਚਲੀ ਗਈ ਹੈ।”
ਸਿੱਖਿਆ ਦੇ ਮਿਆਰ ਵਿੱਚ ਗਿਰਾਵਟ
ਡਾ.ਰਣਬੀਰ ਸਿੰਘ ਨੇ ਦੱਸਿਆ ਕਿ “ਜੇਕਰ ਅਸੀਂ ਗਣਨਾ ਕਰਕੇ ਚੱਲੀਏ ਤਾਂ ਪੰਜਾਬ ਵਿੱਚ ਕਾਫ਼ੀ ਬਦਲਾਅ ਆਏ ਹਨ। ਸਾਡੇ ਪੰਜਾਬ ਵਿੱਚ ਪੜ੍ਹਾਈ ਦਾ ਮਿਆਰ ਦਿਨੋ–ਦਿਨ ਡਿੱਗਦਾ ਜਾ ਰਿਹਾ ਹੈ। ਸਕੂਲਾਂ–ਕਾਲਜਾਂ ਦੀਆਂ ਫੀਸਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈਆਂ ਹਨ। ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਉੱਚ ਸਿੱਖਿਆ ਵਿੱਚ ਸਭ ਤੋਂ ਅੱਗੇ ਹੁੰਦਾ ਸੀ ਅਤੇ ਇੱਥੋਂ ਦੇ ਵਿਦਿਆਰਥੀ IAS, IPS ਅਤੇ ਹਰ ਖੇਤਰ ਵਿੱਚ ਅੱਗੇ ਜਾਂਦੇ ਸਨ। ਪਰ ਹੁਣ ਕਈ ਕਾਰਨਾਂ ਕਰਕੇ ਪੰਜਾਬ ਦੀ ਪੜ੍ਹਾਈ ਦਾ ਪੱਧਰ ਡਿੱਗ ਰਿਹਾ ਹੈ, ਬੱਚੇ ਬਾਹਰ ਜਾ ਰਹੇ ਹਨ ਅਤੇ ਸਕੂਲਾਂ–ਕਾਲਜਾਂ ਤੋਂ ਮਨ ਉੱਠ ਗਿਆ ਹੈ। ਨਾ ਤਾਂ ਟੀਚਰ ਉਸ ਪੱਧਰ ਦੀ ਸਿੱਖਿਆ ਦੇ ਪਾ ਰਹੇ ਹਨ ਅਤੇ ਨਾ ਹੀ ਸਰਕਾਰ ਉਸ ਤਰ੍ਹਾਂ ਦਾ ਮਿਆਰ ਦੇ ਸਕ ਰਹੀ ਹੈ।”
ਉਚੇਰੀ ਸਿੱਖਿਆ ਦੇ ਬਦਲ ਰਹੇ ਰੁਝਾਨ
ਸੀਨੀਅਰ ਪੱਤਰਕਾਰ ਅਤੇ ਸੋਸ਼ਲ ਐਕਟੀਵਿਸਟ ਨਿਰਮਲ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ “ਪੰਜਾਬ ਵਿੱਚ ਪਹਿਲਾਂ ਸਰਕਾਰੀ ਕਾਲਜਾਂ (ਜਿਵੇਂ ਕਿ ਬਰਜਿੰਦਰਾ ਕਾਲਜ ਫਰੀਦਕੋਟ, ਮਹਿੰਦਰਾ ਕਾਲਜ ਪਟਿਆਲਾ, ਖਾਲਸਾ ਕਾਲਜ) ਅਤੇ ਸਰਕਾਰੀ ਯੂਨੀਵਰਸਿਟੀਆਂ (ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, GNDU) ਦਾ ਬਹੁਤ ਵੱਡਾ ਬੋਲਬਾਲਾ ਸੀ। ਇਨ੍ਹਾਂ ਅਦਾਰਿਆਂ ਵਿੱਚ ਮੁੱਖ ਤੌਰ ‘ਤੇ ਮੱਧਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਸਨ, ਜਿਨ੍ਹਾਂ ਵਿੱਚੋਂ ਹੀ ਵੱਡੇ–ਵੱਡੇ ਪ੍ਰਸ਼ਾਸਨਿਕ ਅਧਿਕਾਰੀ (IAS, PCS) ਅਤੇ ਅਫ਼ਸਰ ਨਿੱਕਲਦੇ ਸਨ। ਹੌਲੀ–ਹੌਲੀ ਜਦੋਂ ਸਿੱਖਿਆ ਦਾ ਨਿੱਜੀਕਰਨ ਹੋਇਆ ਅਤੇ ਪ੍ਰਾਈਵੇਟ ਸਕੂਲ–ਯੂਨੀਵਰਸਿਟੀਆਂ ਖੁੱਲ੍ਹੀਆਂ, ਤਾਂ ਚੰਗੇ ਘਰਾਣਿਆਂ ਅਤੇ ਮੱਧਵਰਗੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਅਦਾਰਿਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਸ ਬਦਲਾਅ ਕਾਰਨ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਜ਼ਿਆਦਾਤਰ ਆਰਥਿਕ ਤੌਰ ‘ਤੇ ਪੱਛੜੇ ਅਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀ ਹੀ ਰਹਿ ਗਏ।”
“ਨਿੱਜੀਕਰਨ ਤੋਂ ਬਾਅਦ ਸਿੱਖਿਆ ਖੇਤਰ ਵਿੱਚ ਵੱਡਾ ਬਦਲਾਅ ਵਿਦੇਸ਼ ਪ੍ਰਵਾਸ ਦੀ ਦੌੜ ਨਾਲ ਆਇਆ। ਪਹਿਲਾਂ ਆਸਟ੍ਰੇਲੀਆ ਅਤੇ ਫਿਰ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਲਈ ਰਾਹ ਖੁੱਲ੍ਹਣ ਨਾਲ 12ਵੀਂ (ਪਲੱਸ-ਟੂ) ਤੋਂ ਬਾਅਦ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸਥਾਨਕ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਸੀਟਾਂ ਖਾਲੀ ਹੋ ਗਈਆਂ। ਆਪਣੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਅਦਾਰਿਆਂ ਨੇ ਦੱਖਣੀ ਭਾਰਤ (ਜਿਵੇਂ ਕੇਰਲ) ਅਤੇ ਹੋਰ ਰਾਜਾਂ ਤੋਂ ਵਿਦਿਆਰਥੀਆਂ ਨੂੰ ਦਾਖਲ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਕੁਝ ਅਦਾਰਿਆਂ ਦੁਆਰਾ ਬਜਟ ਸੰਭਾਲਣ ਲਈ ਗੈਰ-ਹਾਜ਼ਰ ਵਿਦਿਆਰਥੀਆਂ ਨੂੰ ਡਿਗਰੀਆਂ ਮੁਹੱਈਆ ਕਰਵਾਉਣ ਵਰਗੇ ਰੁਝਾਨ ਵੀ ਦੇਖਣ ਨੂੰ ਮਿਲੇ।”-ਨਿਰਮਲ ਸਿੰਘ,ਸੀਨੀਅਰ ਪੱਤਰਕਾਰ ਅਤੇ ਸੋਸ਼ਲ ਐਕਟੀਵਿਸਟ
ਮੌਜੂਦਾ ਸਥਿਤੀ ਅਤੇ ਭਵਿੱਖ ਵਿੱਚ ਸੁਧਾਰ ਦੀ ਆਸ
ਨਿਰਮਲ ਸਿੰਘ ਮੁਤਾਬਕ “ਮੌਜੂਦਾ ਸਮੇਂ ਵਿੱਚ ਹਾਇਰ ਐਜੂਕੇਸ਼ਨ ਵੱਲ ਜਾ ਰਹੇ ਵਿਦਿਆਰਥੀ ਸਰਕਾਰੀ ਨਾਲੋਂ ਪ੍ਰਾਈਵੇਟ ਅਦਾਰਿਆਂ ਜਾਂ ਤਕਨੀਕੀ ਕੋਰਸਾਂ (IIT/NEET) ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਹਾਲਾਂਕਿ ਹੁਣ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਹੈ। ਸਿੱਖਿਆ ਪ੍ਰਣਾਲੀ ਇੱਕ ਚੱਕਰੀ ਪ੍ਰਕਿਰਿਆ ਵਾਂਗ ਕੰਮ ਕਰਦੀ ਹੈ। ਜੇਕਰ ਸਰਕਾਰੀ ਅਦਾਰਿਆਂ ਦਾ ਸੁਧਾਰ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇੱਕ ਵਾਰ ਫਿਰ ਤੋਂ ਪੁਰਾਣਾ ਅਕਾਦਮਿਕ ਮਾਹੌਲ ਅਤੇ ਰੌਣਕ ਬਹਾਲ ਹੋ ਸਕਦੀ ਹੈ।”
ETV BHARAT