ਮਾਪਿਆਂ ਦੇ ਸੋਹਣੇ ਸੁਨੱਖੇ ਗੱਭਰੂ ਪੁੱਤ ਦੀ ਸ਼ੱਕੀ ਹਾਲਾਤ ‘ਚ ਮੌਤ, ਭੈਣਾਂ ਦੇ ਨਹੀਂ ਦੇਖ ਹੋ ਰਹੇ ਵੈਣ, ਨਸ਼ੇ ਨੂੰ ਲੈ ਕੇ ਘੇਰੀ ਪੁਲਿਸ !
ਨੌਜਵਾਨ ਦੀ ਸ਼ੱਕੀ ਮੌਤ ਮਗਰੋਂ ਭੈਣਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕੇ ਗਏ ਹਨ।
29 ਜੁਲਾਈ, 2026 – ਅੰਮ੍ਰਿਤਸਰ: ਜ਼ਿਲ੍ਹੇ ਦੇ ਰਤਨ ਸਿੰਘ ਚੌਂਕ, ਨਵੀਂ ਆਬਾਦੀ ਫੈਜ਼ਪੁਰਾ ਨਾਲ ਸਬੰਧਤ 26 ਸਾਲਾ ਨੌਜਵਾਨ ਰਵਿੰਦਰ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਮ੍ਰਿਤਕ ਦੀ ਭੈਣ ਕਾਜਲ ਨੇ ਆਪਣੇ ਭਰਾ ਦੀ ਮੌਤ ਲਈ ਨਸ਼ੇ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਣ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਪਰਿਵਾਰ ਨੇ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ
ਪਰਿਵਾਰ ਨੇ ਇਲਜ਼ਾਮ ਲਗਾਇਆ ਕਿ “ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਸ਼ਾਮ ਦੇ ਸਮੇਂ ਸ਼ਰੇਆਮ ਚਿੱਟਾ ਅਤੇ ਹੋਰ ਨਸ਼ੀਲੇ ਪਦਾਰਥ ਵਿਕਦੇ ਹਨ। ਗਲੀਆਂ ਅਤੇ ਬਜ਼ਾਰਾਂ ਵਿੱਚ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਇਸ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੁੰਦੀ। ਸਾਡਾ ਇਕਲੌਤੇ ਭਰਾ ਦੀ ਮੌਤ ਹੋ ਗਈ ਹੈ ਅਤੇ ਹੁਣ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਪਰਿਵਾਰ ਨਾਲ ਵੀ ਅਜਿਹਾ ਦੁੱਖ ਵਾਪਰੇ।”
ਮੌਤ ’ਤੇ ਪੁਲਿਸ ਦਾ ਬਿਆਨ
ਇਸ ਮਾਮਲੇ ਸਬੰਧੀ ਥਾਣਾ ਰਣਜੀਤ ਐਵਨਿਊ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਦੱਸਿਆ ਕਿ “ਰਵਿੰਦਰ ਸਿੰਘ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਇਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਅਤੇ ਉਸ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।”
ਪੁਲਿਸ ਦੀ ਅਪੀਲ
ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ “ਪਰਿਵਾਰ ਵੱਲੋਂ ਇਲਾਕੇ ਵਿੱਚ ਨਸ਼ਾ ਵਿਕਣ ਦੇ ਇਲਜ਼ਾਮ ਲਗਾਏ ਗਏ ਹਨ। ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਜੇ ਕਿਸੇ ਇਲਾਕੇ ਵਿੱਚ ਨਸ਼ਾ ਵਿਕਣ ਦੀ ਜਾਣਕਾਰੀ ਹੋਵੇ ਤਾਂ ਉਹ “ਸੇਫ ਪੰਜਾਬ” ਪਲੇਟਫਾਰਮ ਜਾਂ ਪੁਲਿਸ ਨੂੰ ਗੁਪਤ ਤਰੀਕੇ ਨਾਲ ਸੂਚਿਤ ਕਰਨ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ETV BHARAT