ਪੰਜਾਬ ਸਰਕਾਰ ’ਤੇ ਮਾਣ ਭੱਤਾ ਦੁੱਗਣਾ ਕਰਨ ਦੇ ਕੀਤੇ ਵਾਅਦੇ ਤੋਂ ਮੁੱਕਰਨ ਦਾ ਦੋਸ਼
06 ਅਗਸਤ, 2026 – ਸੰਗਰੂਰ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਸੂਬੇ ਵਿਚੋਂ ਕਾਲੀਆਂ ਚੁੰਨੀਆਂ ਅਤੇ ਕਾਲੀਆਂ ਝੰਡੀਆਂ ਲੈ ਕੇ ਪੁੱਜੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਮੁੱਖ ਮੰਤਰੀ ਦੀ ਕੋਠੀ ਨੇੜੇ ਵਿਸ਼ਾਲ ਧਰਨਾ ਦਿੱਤਾ। ਧਰਨਾਕਾਰੀਆਂ ਨੇ ਸਰਕਾਰ ’ਤੇ ਮਾਣ ਭੱਤਾ ਦੁੱਗਣਾ ਕਰਨ ਦੇ ਕੀਤੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਅਰੇਬਾਜ਼ੀ ਕੀਤੀ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੁੱਖ ਮੰਤਰੀ ਦੀ ਕੋਠੀ ਤੋਂ ਥੋੜ੍ਹੀ ਦੂਰੀ ’ਤੇ ਕੌਮੀ ਹਾਈਵੇ-7 ਦੇ ਪਟਿਆਲਾ-ਸੰਗਰੂਰ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੀਆਂ ਹੋਈਆਂ ਅਤੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਵਾਅਦਾ ਤਾਂ ਪੂਰਾ ਕੀ ਕਰਨਾ ਸੀ, ਸਗੋਂ ਪਹਿਲਾਂ ਤੋਂ ਮਿਲਦਾ ਮਾਣ ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਆਂਗਣਵਾੜੀ ਵਰਕਰਾਂ ਦੀ ਲੰਮੇ ਸਮੇਂ ਤੋਂ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਵਿਚੋਂ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ ਬੱਚੇ ਵਾਪਸ ਕੇਂਦਰਾਂ ਵਿਚ ਭੇਜੇ ਜਾਣ, ਆਂਗਣਵਾੜੀ ਵਰਕਰ ਨੂੰ ਪ੍ਰੀ-ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ ਅਤੇ ਹੋਰ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਊਟੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਨੂੰ ਗੁਰਮੀਤ ਕੌਰ, ਅੰਗੂਰੀ ਦੇਵੀ ਬਰਨਾਲਾ, ਜਸਪਾਲ ਕੌਰ, ਪਰਮਜੀਤ ਕੌਰ, ਅੰਮ੍ਰਿਤਪਾਲ ਕੌਰ ਬੱਲੂਆਣਾ, ਲੀਲਾਵਤੀ ਬਠਿੰਡਾ, ਪਰਮਰਾਜ ਕੌਰ ਬਠਿੰਡਾ, ਬਲਵਿੰਦਰ ਕੌਰ ਮਾਨਸਾ, ਸੁਰਿੰਦਰ ਕੌਰ ਝੁਨੀਰ, ਰੇਖਾ ਰਾਣੀ ਗੋਨਿਆਣਾ ਮੰਡੀ, ਕਿਰਪਾਲ ਕੌਰ ਰਾਮਪੁਰਾ, ਮਨਮੀਤ ਕੌਰ ਨਥਾਣਾ, ਸੁਰਿੰਦਰਪਾਲ ਕੌਰ ਮਾਲੇਰਕੋਟਲਾ, ਹਰਪ੍ਰੀਤ ਕੌਰ ਤੇ ਪਰਮਜੀਤ ਕੌਰ ਰੁਲਦੂ ਸਿੰਘ ਵਾਲਾ ਨੇ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ