ਬਾਗਬਾਨੀ ਲਈ ਪੀਏਯੂ ਦਾ ਫਰੂਟ ਫਲਾਈ ਟਰੈਪ ਵਰਦਾਨ ਸਾਬਤ ਹੋ ਰਿਹਾ ਹੈ।
18 ਅਗਸਤ, 2026 – ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੁਆਰਾ ਵਿਕਸਿਤ ਕੀਤਾ ਗਿਆ ‘PAU ਫਰੂਟ ਫਲਾਈ ਟਰੈਪ’ (PAU Fruit Fly Trap) ਬਾਗਬਾਨਾਂ ਲਈ ਇੱਕ ਬੇਹੱਦ ਲਾਹੇਵੰਦ ਅਤੇ ਵਾਤਾਵਰਨ-ਪੱਖੀ ਤਕਨਾਲੋਜੀ ਸਾਬਤ ਹੋ ਰਿਹਾ ਹੈ। ਇਹ ਮੁੱਖ ਤੌਰ ‘ਤੇ ਅਮਰੂਦ, ਕਿੰਨੂ, ਅੰਬ, ਆੜੂ, ਨਾਸ਼ਪਾਤੀ ਅਤੇ ਹੋਰ ਫਲਾਂ ਨੂੰ ਫਲ ਮੱਖੀ (Fruit Fly) ਦੇ ਘਾਤਕ ਹਮਲੇ ਤੋਂ ਬਚਾਉਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਰੂਟ ਵਿਗਿਆਨ ਵਿਭਾਗ ਦੇ ਵੱਲੋਂ 2004 ਦੇ ਵਿੱਚ ਇਸ ‘ਤੇ ਰਿਸਰਚ ਸ਼ੁਰੂ ਕੀਤੀ ਗਈ ਸੀ ਲਗਭਗ 10 ਸਾਲ ਦੀ ਰਿਸਰਚ ਤੋਂ ਬਾਅਦ 2013 ਦੇ ਅੰਦਰ ਇਹ ਤਿਆਰ ਹੋਇਆ ਅਤੇ 2014 ਦੇ ਵਿੱਚ ਬਾਗਬਾਨੀ ਕਰਨ ਵਾਲੇ ਕਿਸਾਨਾਂ ਦੇ ਲਈ ਇਸ ਨੂੰ ਸਿਫਾਰਿਸ਼ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਤਕਨੀਕ ਕਾਮਯਾਬ ਰਹੀ ਹੈ ਅਤੇ 1 ਲੱਖ ਤੋਂ ਵਧੇਰੇ ਫਰੂਟ ਫਲਾਈ ਟਰੈਪ ਹੁਣ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਬਾਗਬਾਨਾਂ ਵੱਲੋਂ ਲਏ ਜਾ ਚੁੱਕੇ ਨੇ।
ਮੱਖੀਆਂ ‘ਤੇ ਕਿਵੇਂ ਲੱਗਦਾ ਹੈ ਟਰੈਪ ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ “ਇਸ ਟਰੈਪ ਵਿੱਚ ਫੇਰੋਮੋਨ (Pheromone) ਯੁਕਤ ਲੱਕੜ ਦਾ ਇੱਕ ਟੁਕੜਾ ਲਗਾਇਆ ਜਾਂਦਾ ਹੈ, ਜੋ ਮਾਦਾ ਫਲ ਮੱਖੀ ਵਰਗੀ ਗੰਧ ਛੱਡਦਾ ਹੈ। ਇਸ ਨਾਲ ਨਰ ਮੱਖੀਆਂ ਇਸ ਵੱਲ ਖਿੱਚੀਆਂ ਆਉਂਦੀਆਂ ਹਨ ਅਤੇ ਟਰੈਪ ਵਿੱਚ ਫਸ ਕੇ ਮਰ ਜਾਂਦੀਆਂ ਹਨ।”
“ਅਸੀਂ 2004 ਵਿੱਚ PAU ਫਰੂਟ ਫਲਾਈ ਟਰੈਪ ਦੀ ਖੋਜ ਸ਼ੁਰੂ ਕੀਤੀ ਸੀ। ਸਾਡਾ ਮਕਸਦ ਸੀ ਜੋ ਫਲਦਾਰ ਬੂਟੇ ਹਨ ਉਨ੍ਹਾਂ ਨੂੰ ਕੀੜੇ–ਮਕੌੜਿਆਂ ਤੋਂ ਵਾਤਾਵਰਣ ਸਹਾਈ ਤਕਨੀਕਾਂ ਰਾਹੀਂ ਬਚਾਇਆ ਜਾ ਸਕੇ। 2004 ਤੋਂ 2013 ਤੱਕ ਪੰਜਾਬ ਦੇ ਵੱਖ–ਵੱਖ ਜ਼ਿਲ੍ਹਿਆਂ ਵਿੱਚ ਅਸੀਂ 100 ਤੋਂ ਵੱਧ ਤਜਰਬੇ ਕੀਤੇ। ਫਿਰ ਸਾਡੀ ਇਸ ਖੋਜ ਨੂੰ 2013 ਵਿੱਚ ਪਾਸ ਕੀਤਾ ਗਿਆ ਜਿਸ ਤੋਂ ਬਾਅਦ ਅਸੀਂ ਇਸਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ। ਹੁਣ ਤੱਕ ਇੱਕ ਲੱਖ ਤੱਕ ਇਸਨੂੰ ਵੇਚਿਆ ਜਾ ਚੁੱਕਾ ਹੈ। ਪੰਜਾਬ ਸਮੇਤ ਨੇੜੇ–ਤੇੜੇ ਵਾਲੇ ਹੋਰ ਸੂਬੇ ਵੀ ਇਸਨੂੰ ਲੈਣ ਲਈ ਸਾਡੇ ਕੋਲ ਆਉਂਦੇ ਹਨ। ਇੱਕ ਏਕੜ ਵਿੱਚ 16 ਟਰੈਪ ਲਗਾਏ ਜਾਂਦੇ ਹਨ।”– ਡਾਕਟਰ ਸੰਦੀਪ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ, ਫਲ ਵਿਗਿਆਨ ਵਿਭਾਗ ਪੀਏਯੂ ਲੁਧਿਆਣਾ
ਪ੍ਰਜਨਨ ‘ਤੇ ਰੋਕ
ਡਾਕਟਰ ਰਾਜਵਿੰਦਰ ਕੌਰ ਸੰਧੂ ਨੇ ਦੱਸਿਆ ਕਿ “ਨਰ ਮੱਖੀਆਂ ਦੇ ਖਤਮ ਹੋਣ ਨਾਲ ਫਲ ਮੱਖੀ ਦਾ ਪ੍ਰਜਨਨ ਚੱਕਰ ਰੁਕ ਜਾਂਦਾ ਹੈ, ਜਿਸ ਨਾਲ ਬਾਗਾਂ ਵਿੱਚ 80% ਤੋਂ 90% ਤੱਕ ਫਲਾਂ ਦਾ ਬਚਾਅ ਹੁੰਦਾ ਹੈ। ਇਸ ਟਰੈਪ ਦੀ ਵਰਤੋਂ ਨਾਲ ਜ਼ਹਿਰੀਲੀਆਂ ਸਪਰੇਆਂ ਕਰਨ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਫਲ ਜ਼ਹਿਰ–ਮੁਕਤ ਰਹਿੰਦੇ ਹਨ ਅਤੇ ਕਿਸਾਨਾਂ ਦਾ ਸਪਰੇਆਂ ਦਾ ਖਰਚਾ ਵੀ ਬਚਦਾ ਹੈ। ਪਾਣੀ ਦੀ ਵੀ ਇਸ ਨਾਲ ਬੱਚਤ ਹੁੰਦੀ ਹੈ ਕਿਉਂਕਿ ਸਪਰੇਅ ਕਰਨ ਦੇ ਦੌਰਾਨ ਸੈਂਕੜੇ ਲੀਟਰ ਪਾਣੀ ਦਾ ਇਸਤੇਮਾਲ ਹੁੰਦਾ ਹੈ। ਨਾਲ ਹੀ ਸਪਰੇਅ ਦੇ ਨਾਲ ਫਲ ‘ਤੇ ਵੀ ਪ੍ਰਭਾਵ ਪੈਂਦਾ ਹੈ ਇਸ ਕਰਕੇ ਇਹ ਕਾਫੀ ਕਾਰਗਰ ਹੈ।”
“ਇਸ ਟਰੈਪ ਦੀ ਵਰਤੋਂ ਨਾਲ ਕਿਸਾਨ ਦਾ ਸਪਰੇਆਂ ਦਾ ਖਰਚਾ ਬਚਦਾ ਹੈ। ਸਮੇਂ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇੱਕ ਮਹੀਨੇ ਤੱਕ ਇਹ ਇੱਕ ਟਰੈਪ ਕੰਮ ਕਰਦਾ ਹੈ। ਇਸ ਤੋਂ ਬਾਅਦ ਇਸਨੂੰ ਬਦਲਣਾ ਪੈਂਦਾ ਹੈ। ਇਹ ਵਾਤਾਵਰਣ ਨੂੰ ਬਿਲਕੁਲ ਦੂਸ਼ਿਤ ਨਹੀਂ ਕਰਦਾ। ਇਹ ਹਰ ਇੱਕ ਤਰ੍ਹਾਂ ਦੇ ਫਲਦਾਰ ਬੂਟੇ ਲਈ ਕਾਰਗਰ ਸਾਬਿਤ ਹੋ ਰਿਹਾ ਹੈ।”–ਡਾਕਟਰ ਰਾਜਵਿੰਦਰ ਕੌਰ ਸੰਧੂ ,ਕੀਟ ਵਿਗਿਆਨੀ ਪੀ ਏ ਯੂ
ਕੀਮਤ ਅਤੇ ਖੇਤ ਵਿੱਚ ਵਰਤੋਂ
PAU ਦੁਆਰਾ ਤਿਆਰ ਕੀਤੇ ਗਏ ਇਸ ਟਰੈਪ ਦੀ ਕੀਮਤ ਬਹੁਤ ਹੀ ਵਾਜਬ ਹੈ, ਜੋ ਲਗਭਗ ₹100 ਰੁਪਏ ਦੀ ਸੀ ਪਰ ਕੇਂਦਰ ਵੱਲੋਂ ਜੀਐਸਟੀ ਲਾਉਣ ਤੋਂ ਬਾਅਦ ਇਸ ਤੇ 18 ਫੀਸਦੀ ਜੀਐਸਟੀ ਲੱਗਦਾ ਹੈ ਜਿਸ ਕਰਕੇ ਹੁਣ ਇਸ ਇੱਕ ਟਰੈਪ ਦੀ ਕੀਮਤ ₹118 ਰੁਪਏ ਪ੍ਰਤੀ ਟਰੈਪ ਪੈਂਦੀ ਹੈ।
ਕਿਹੜੇ–ਕਿਹੜੇ ਫਲਾਂ ਲਈ ਹੈ ਕਾਰਗਰ ?
ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ “ਇੱਕ ਏਕੜ ਬਾਗ ਲਈ ਲਗਭਗ 16 ਟਰੈਪ ਕਾਫ਼ੀ ਹੁੰਦੇ ਹਨ। ਫਲ ਪੱਕਣ ਤੋਂ 15-20 ਦਿਨ ਪਹਿਲਾਂ ਇਨਾਂ ਨੂੰ ਬੂਟਿਆਂ ਦੇ ਛਾਂਦਾਰ ਹਿੱਸੇ ਵਿੱਚ ਟੰਗਿਆ ਜਾਂਦਾ ਹੈ। ਲਗਭਗ ਸੱਤ ਕਿਸਮ ਦੇ ਫਲ ਜਿਨਾਂ ਦੇ ਵਿੱਚ ਅੰਬ, ਕਿਨੂੰ, ਨਿੰਬੂ, ਅਮਰੂਦ, ਆਲੂ ਪਖਾਰਾ ਤੇ ਬੇਰ ਦੇ ਵਿੱਚ ਵੀ ਇਸ ਨੂੰ ਸਿਫਾਰਿਸ਼ ਕੀਤਾ ਗਿਆ ਹੈ ਜਿਸ ਲਈ ਇਹ ਕਾਫੀ ਕਾਰਗਰ ਹੈ। ਹਰ ਫਲ ਦੇ ਮੁਤਾਬਕ ਵੱਖ-ਵੱਖ ਸੀਜ਼ਨ ਦੇ ਵਿੱਚ ਇਸ ਨੂੰ ਲਗਾਇਆ ਜਾਂਦਾ ਹੈ। ਲਗਭਗ ਇਕ ਏਕੜ ਦੇ ਵਿੱਚ 16 ਲਾਉਣੇ ਲਾਜ਼ਮੀ ਹਨ ਜੋ ਕਿ ਸਿਫਾਰਿਸ਼ ਨੇ ਇਸ ਤੋਂ ਵਧਾਏ ਜਾ ਸਕਦੇ ਨੇ ਘਟਾਏ ਨਹੀਂ। ਵੱਡੀ ਗਿਣਤੀ ਦੇ ਵਿੱਚੋਂ ਕਿਸਾਨ ਸਾਡੇ ਤੋਂ ਇਹ ਖਰੀਦਦੇ ਹਨ। ਨਾ ਸਿਰਫ ਪੰਜਾਬ ਸਗੋਂ ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਵੀ ਕਿਸਾਨ ਆ ਕੇ ਸਾਡੇ ਤੋਂ ਇਹ ਟਰੈਪ ਲੈ ਕੇ ਜਾਂਦੇ ਨੇ।
“ਫਲਾਈ ਫਰੂਟ ਟਰੈਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਾਗਾਂ ਵਿੱਚ ਨਰ ਮੱਖੀਆਂ ਨੂੰ ਟਰੈਪ ਵਿੱਚ ਖਿੱਚਦਾ ਹੈ। ਇਸ ਨਾਲ ਬਾਗ ਵਿੱਚ ਨਰ ਅਤੇ ਮਾਦਾ ਮੱਖੀਆਂ ਦਾ ਅਨੁਪਾਤ ਖਰਾਬ ਹੋ ਜਾਂਦਾ ਹੈ ਅਤੇ ਮੱਖੀਆਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਫਲਾਂ ਉੱਤੇ ਮੱਖੀਆਂ ਦਾ ਹਮਲਾ ਘਟ ਜਾਂਦਾ ਹੈ ਜਿਸ ਦਾ ਬਾਗਬਾਨਾਂ ਨੂੰ ਫਾਇਦਾ ਹੁੰਦਾ ਹੈ। ਸਾਡਾ ਫਾਰਮੂਲਾ ਇਸ ਵਿੱਚ ਮੌਜੂਦ ਪਲਾਈ ਦੇ ਪੀਸ ਵਿੱਚ ਹੈ। ਇਸ ਵਿੱਚ ਖਿੱਚ ਹੁੰਦੀ ਹੈ ਜਿਸ ਨਾਲ ਮੱਖੀਆਂ ਇਸ ਵੱਲ ਖਿੱਚੀਆਂ ਆਉਂਦੀਆਂ ਹਨ ਅਤੇ ਇਸਦੇ ਟਰੈਪ ਵਿੱਚ ਫਸ ਕੇ ਮਰ ਜਾਂਦੀਆਂ ਹਨ। ਬਾਗ ਵਿੱਚ ਇਸਨੂੰ ਜ਼ਮੀਨ ਤੋਂ ਡੇਢ ਮੀਟਰ ਉੱਚਾ ਲਗਾਇਆ ਜਾਂਦਾ ਹੈ। ਜਿੱਥੇ ਬੂਟੇ ਦੀ ਵੱਧ ਤੋਂ ਵੱਧ ਛਾਂ ਹੋਵੇ।”– ਡਾਕਟਰ ਸੰਦੀਪ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ, ਫਲ ਵਿਗਿਆਨ ਵਿਭਾਗ ਪੀਏਯੂ ਲੁਧਿਆਣਾ
ਕਿਵੇਂ ਕਰਦਾ ਕੰਮ ?
ਡਾਕਟਰ ਸੰਦੀਪ ਅਤੇ ਡਾਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ “ਇਹ ਟਰੈਪ ਪਲਾਸਟਿਕ ਦੀ ਬੋਤਲ ਦੇ ਨਾਲ ਬਣਾਇਆ ਗਿਆ ਹੈ। ਇਸ ਦੇ ਵਿੱਚ ਇੱਕ ਪਲਾਈ ਦਾ ਟੁਕੜਾ ਹੈ ਜਿਸ ‘ਤੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਦਾ ਕੈਮੀਕਲ ਦਾ ਮਿਸ਼ਰਣ ਲਗਾਇਆ ਜਾਂਦਾ ਹੈ ਜਿਸ ਨਾਲ ਨਰ ਮੱਖੀ ਇਸ ‘ਤੇ ਆਕਰਸ਼ਿਤ ਹੋ ਕੇਸ ਬੋਤਲ ਦੇ ਵਿੱਚ ਚਲੀ ਜਾਂਦੀ ਹੈ ਅਤੇ ਕੈਮੀਕਲ ਦੇ ਨਾਲ ਅੰਦਰ ਜਾਂਦੇ ਹੀ ਉਸਦੀ ਮੌਤ ਹੋ ਜਾਂਦੀ ਹੈ। ਇਸ ਨਾਲ ਨਰ ਬਰੀਡਿੰਗ ਨਹੀਂ ਕਰ ਪਾਉਂਦੇ ਅਤੇ ਇਸ ਨਾਲ ਮੱਖੀਆਂ ਦੀ ਤਾਦਾਦ ਨਹੀਂ ਵੱਧਦੀ।” ਇੱਥੋਂ ਤੱਕ ਕਿ ਕੁਝ ਖਰੀਦਣ ਪਹੁੰਚੇ ਹੋਏ ਲੋਕਾਂ ਨਾਲ ਵੀ ਸਾਡੀ ਟੀਮ ਦੇ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕਿੰਨੂਆਂ ‘ਤੇ ਇਸਤੇਮਾਲ ਕਰ ਰਹੇ ਹਾਂ। ਅਗਸਤ ਮਹੀਨੇ ਦੇ ਵਿੱਚ ਕਿੰਨੂਆਂ ‘ਤੇ ਇਹ ਲਗਾਏ ਜਾਂਦੇ ਨੇ। ਖਰੀਦਦਾਰਾਂ ਨੇ ਕਿਹਾ ਕਿ ਇਹ ਕਾਫੀ ਕਾਰਗਰ ਨੇ।
ਪ੍ਰਾਪਤ ਹੋਏ ਅਵਾਰਡ ਅਤੇ ਮਾਨਤਾ
PAU ਦੇ ਕੀਟ ਵਿਗਿਆਨ (Entomology) ਵਿਭਾਗ ਦੁਆਰਾ ਤਿਆਰ ਕੀਤੀ ਇਸ ਨਵੀਨਤਾਕਾਰੀ ਤਕਨਾਲੋਜੀ ਨੂੰ ਰਾਸ਼ਟਰੀ ਪੱਧਰ ‘ਤੇ ਵੱਡੀ ਸਫਲਤਾ ਅਤੇ ਮਾਨਤਾ ਮਿਲੀ ਹੈ। ICAR ਰਾਸ਼ਟਰੀ ਅਵਾਰਡ: ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੁਆਰਾ ਵਾਤਾਵਰਨ-ਪੱਖੀ ਤਕਨਾਲੋਜੀ ਦੇ ਵਿਕਾਸ ਅਤੇ ਪ੍ਰਸਾਰ ਲਈ PAU ਨੂੰ ਰਾਸ਼ਟਰੀ ਪੱਧਰ ਦੇ ਵੱਕਾਰੀ ਖੇਤੀ ਖੋਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਤਕਨਾਲੋਜੀ ਦੀ ਸਫਲਤਾ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀਆਂ ਨੇ PAU ਨਾਲ ‘ਤਕਨਾਲੋਜੀ ਟ੍ਰਾਂਸਫਰ’ ਦੇ ਸਮਝੌਤੇ ਸਾਈਨ ਕੀਤੇ ਹਨ, ਜੋ ਕਿ ਯੂਨੀਵਰਸਿਟੀ ਲਈ ਇੱਕ ਵੱਡੀ ਪ੍ਰਾਪਤੀ ਹੈ। ਘੱਟ ਲਾਗਤ ਵਿੱਚ ਵੱਡੇ ਪੱਧਰ ‘ਤੇ ਫਸਲ ਬਚਾਉਣ ਵਾਲੇ ਇਸ ਤਜਰਬੇ ਲਈ ਯੂਨੀਵਰਸਿਟੀ ਨੂੰ ਵੱਖ-ਵੱਖ ਰਾਸ਼ਟਰੀ ਖੇਤੀ ਲੀਡਰਸ਼ਿਪ ਸੰਮੇਲਨਾਂ ਵਿੱਚ ਉੱਤਮ ਖੋਜ (Best Agricultural Innovation) ਦੇ ਪੁਰਸਕਾਰ ਮਿਲ ਚੁੱਕੇ ਹਨ।
ETV BHARAT