ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਰੰਧਾਵਾ ਦਾ ਪਲਟਵਾਰ ਸਾਹਮਣੇ ਆਇਆ ਹੈ।
19 ਅਗਸਤ, 2026 – ਲੁਧਿਆਣਾ: ਪੰਜਾਬ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਅਤੇ ‘ਇੱਕ ਪਰਿਵਾਰ, ਇੱਕ ਟਿਕਟ’ ਦੇ ਨਿਯਮ ਨੂੰ ਲੈ ਕੇ ਸਿਆਸੀ ਘਮਸਾਨ ਇੱਕ ਵਾਰ ਫਿਰ ਭੱਖ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਬਿਆਨ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਲਟਵਾਰ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਜਨਤਕ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਸੀ ਕਿ ਪਾਰਟੀ ਵਿੱਚ ‘ਇੱਕ ਪਰਿਵਾਰ, ਇੱਕ ਟਿਕਟ’ ਦਾ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ, ਜ਼ਮੀਨੀ ਪੱਧਰ ‘ਤੇ ਮਿਹਨਤ ਕਰਨ ਵਾਲੇ ਆਮ ਵਰਕਰਾਂ ਨੂੰ ਚੋਣ ਲੜਨ ਦਾ ਮੌਕਾ ਮਿਲ ਸਕੇ। ਇਸ ‘ਤੇ ਪਲਟਵਾਰ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਜੇਕਰ ਉਮੀਦਵਾਰ ਵਿੱਚ ਜਿੱਤਣ ਦੀ ਸਮਰੱਥਾ (Winnability) ਹੋਵੇ, ਤਾਂ ਇੱਕ ਪਰਿਵਾਰ ਵਿੱਚ ਦੋ ਹੀ ਨਹੀਂ, ਬਲਕਿ ਚਾਰ ਟਿਕਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
ਪੰਜਾਬ ਦੀ ਰਾਜਨੀਤੀ ‘ਚ ਪਰਿਵਾਰਵਾਦ ਦਾ ਦਬਦਬਾ: ਪੰਜਾਬ ਦੀ ਸਿਆਸਤ ਵਿੱਚ ਪਰਿਵਾਰਵਾਦ ਦਾ ਇਤਿਹਾਸ ਕਾਫ਼ੀ ਡੂੰਘਾ ਰਿਹਾ ਹੈ ਅਤੇ ਲੱਗਭਗ ਹਰੇਕ ਮੁੱਖ ਰਾਜਨੀਤਕ ਧਿਰ ਵਿੱਚ ਇਹ ਸਮੀਕਰਨ ਦੇਖਣ ਨੂੰ ਮਿਲਦੇ ਹਨ…
- ਬਾਦਲ ਪਰਿਵਾਰ: ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੱਕ ਸੱਤਾ ਪਰਿਵਾਰ ਦੇ ਕੇਂਦਰ ‘ਚ ਰਹੀ ਹੈ। ਮਨਪ੍ਰੀਤ ਬਾਦਲ ਵੀ ਬਾਦਲ ਪਰਿਵਾਰ ਨਾਲ ਸਬੰਧਤ ਹਨ, ਉਹ ਸੁਖਬੀਰ ਦੇ ਚਚੇਰੇ ਭਰਾ ਨੇ ਅਤੇ ਮੌਜੂਦਾ ਸਮੇਂ ਵਿੱਚ ਭਾਜਪਾ ਦੇ ਆਗੂ ਹਨ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਦਾ ਵੀ ਸਿਆਸੀ ਰਸੂਖ ਰਿਹਾ ਹੈ ਅਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਹਨ, ਪੱਟੀ ਹਲਕੇ ਤੋਂ ਵਿਧਾਇਕ ਅਤੇ ਕੈਬਿਨਟ ਮੰਤਰੀ ਵੀ ਰਹਿ ਚੁੱਕੇ ਹਨ।
- ਕੈਪਟਨ ਪਰਿਵਾਰ: ਪਟਿਆਲਾ ਦਾ ਸ਼ਾਹੀ ਪਰਿਵਾਰ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਕੈਪਟਨ ਅਮਰਿੰਦਰ ਸਿੰਘ ਖੁਦ ਹੁਣ ਭਾਵੇਂ ਭਾਜਪਾ ਵਿੱਚ ਚਲੇ ਗਏ ਹਨ, ਉਹਨਾਂ ਦੀ ਪਤਨੀ ਮੈਂਬਰ ਪਾਰਲੀਮੈਂਟ ਰਹੀ ਹੈ। ਹੁਣ ਉਹਨਾਂ ਦੀ ਧੀ ਵੀ ਸਿਆਸਤ ਵਿੱਚ ਸਰਗਰਮ ਹੈ ਹਾਲਾਂਕਿ ਉਹਨਾਂ ਦਾ ਪੁੱਤਰ ਰਣਇੰਦਰ ਸਿੰਘ ਜਿਸ ਨੇ ਇੱਕ ਵਾਰੀ ਚੋਣ ਜ਼ਰੂਰ ਲੜੀ ਪਰ ਕੋਈ ਕਾਮਯਾਬੀ ਨਾ ਮਿਲਣ ਕਰਕੇ ਸਿਆਸਤ ਵਿੱਚ ਬਹੁਤੇ ਸਰਗਰਮ ਨਹੀਂ ਹੋਏ।
- ਬਾਜਵਾ ਪਰਿਵਾਰ: ਪ੍ਰਤਾਪ ਸਿੰਘ ਬਾਜਵਾ ਅਤੇ ਫਤਿਹਜੰਗ ਸਿੰਘ ਬਾਜਵਾ ਦਾ ਪਰਿਵਾਰ ਵੀ ਸਿਆਸਤ ਵਿੱਚ ਸਰਗਰਮ ਹੈ। ਪ੍ਰਤਾਪ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਸੀਨੀਅਰ ਆਗੂ ਹਨ ਅਤੇ ਮੌਜੂਦਾ ਸਮੇਂ ਵਿੱਚ ਵਿਰੋਧੀ ਧਿਰ ਦੇ ਮੁੱਖ ਆਗੂ ਵੀ ਹਨ, ਉਨ੍ਹਾਂ ਦਾ ਸਿਆਸਤ ਵਿੱਚ ਲੰਬਾ ਸਫਰ ਰਿਹਾ ਹੈ। ਉੱਥੇ ਹੀ ਉਹਨਾਂ ਦੇ ਸਕੇ ਭਰਾ ਫਤਿਹ ਜੰਗ ਸਿੰਘ ਬਾਜਵਾ ਮੌਜੂਦਾ ਸਮੇਂ ਵਿੱਚ ਭਾਜਪਾ ਆਗੂ ਹਨ। ਦੋਵੇਂ ਹੀ ਪਰਿਵਾਰ ਇਕੱਠੇ ਹਨ ਪਰ ਪਾਰਟੀਆਂ ਅਲੱਗ-ਅਲੱਗ ਹਨ, ਇੱਥੋਂ ਤੱਕ ਕੀ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਬਾਜਵਾ ਵੀ ਹੁਣ ਸਿਆਸਤ ਵਿੱਚ ਸਰਗਰਮ ਹੋਣ ਲੱਗੇ ਹਨ।
- ਹੋਰ: ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਵਿੱਚ ਹੋਰ ਕਈ ਪਰਿਵਾਰ ਸਰਗਰਮ ਹਨ ਜਿਨ੍ਹਾਂ ਵਿੱਚ ਜਾਖੜ ਪਰਿਵਾਰ, ਬਰਾੜ ਪਰਿਵਾਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਢੀਂਡਸਾ ਪਰਿਵਾਰ ਪਹਿਲਾਂ ਸੁਖਦੇਵ ਢੀਂਡਸਾ ਸਿਆਸਤ ਵਿੱਚ ਸਰਗਰਮ ਰਹੇ ਅਤੇ ਹੁਣ ਉਹਨਾਂ ਦੇ ਪੁੱਤਰ ਪਰਮਿੰਦਰ ਢੀਂਡਸਾ ਵੀ ਸਿਆਸਤ ਵਿੱਚ ਸਰਗਰਮ ਹਨ। ਇਸ ਦੇ ਨਾਲ ਹੀ ਪਿਓ ਪੁੱਤ ਗੁਰਜੀਤ ਸਿੰਘ ਰਾਣਾ ਅਤੇ ਰਾਣਾ ਇੰਦਰ ਪ੍ਰਤਾਪ ਵੀ ਵਿਧਾਇਕ ਹਨ।
ਮਿਹਨਤੀ ਵਰਕਰਾਂ ‘ਚ ਨਾਰਾਜ਼ਗੀ
ਦੋਹਾਂ ਆਗੂਆਂ ਦੇ ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਹੇਠਲੇ ਪੱਧਰ ‘ਤੇ ਪਾਰਟੀ ਵਰਕਰ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ। ਸਾਲਾਂ ਬੱਧੀ ਪਾਰਟੀ ਦਾ ਝੰਡਾ ਚੁੱਕਣ ਅਤੇ ਧਰਨੇ-ਪ੍ਰਦਰਸ਼ਨ ਕਰਨ ਵਾਲੇ ਵਰਕਰਾਂ ਦਾ ਇਲਜ਼ਮ ਹੈ ਕਿ ਚੋਣਾਂ ਸਮੇਂ ਟਿਕਟਾਂ ਸਿਰਫ਼ ਸਿਆਸੀ ਘਰਾਣਿਆਂ ਦੇ ਪੁੱਤਾਂ, ਧੀਆਂ ਜਾਂ ਪਤਨੀਆਂ ਲਈ ਰਾਖਵੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਕਾਰਨ ਜ਼ਮੀਨੀ ਵਰਕਰਾਂ ਦਾ ਮਨੋਬਲ ਡਿੱਗਦਾ ਹੈ। ਸਿਮਰਜੀਤ ਸਿੰਘ ਬਰਾੜ ਜੋ ਕਿ ਫਿਰੋਜ਼ਪੁਰ ਤੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਕਾਂਗਰਸ ਦੇ ਯੂਥ ਜ਼ਿਲ੍ਹਾ ਪ੍ਰਧਾਨ ਰਹੇ ਹਨ, ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ “ਕਾਂਗਰਸ ਦਾ ਵਰਕਰ ਸਿਰਫ ਦਰੀਆਂ ਵਿਛਾਉਣ ਜੋਗਾ ਹੀ ਹੈ। ਸਾਨੂੰ ਰਾਜਾ ਵੜਿੰਗ ਦੇ ਇਸ ਬਿਆਨ ਦਾ ਸਮਰਥਨ ਕਰਨਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਿਵਾਰ ਨੂੰ ਇੱਕ ਟਿਕਟ ਅਤੇ 70 ਫੀਸਦੀ ਨੌਜਵਾਨਾਂ ਨੂੰ ਮੌਕੇ ਦੇਣ ਦੀ ਗੱਲ ਕਹੀ ਗਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਦੇਖਿਆ ਹੈ ਕਿ ਕਹਿੰਦੇ ਕਹਾਉਂਦੇ ਦਿੱਗਜਾਂ ਨੂੰ ਲੋਕਾਂ ਨੇ ਹਰਾਇਆ ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਹੋਵੇ ਸੁਖਬੀਰ ਬਾਦਲ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਣ ਨੌਜਵਾਨਾਂ ਨੂੰ ਜਦੋਂ ਮੌਕਾ ਨਹੀਂ ਦਿੱਤਾ ਜਾਵੇਗਾ ਤਾਂ ਕਿਵੇਂ ਪਤਾ ਲੱਗੇਗਾ ਕਿ ਲੋਕ ਕੀ ਚਾਹੁੰਦੇ ਹਨ।”
ਪਰਿਵਾਰਵਾਦ ਉੱਤੇ ਸਵਾਲ
ਪਰਿਵਾਰਵਾਦ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਕੋਈ ਵੀ ਸਿਆਸਤ ਤੋਂ ਦੂਰ ਨਹੀਂ ਰਿਹਾ ਹੈ। ਰਵਨੀਤ ਸਿੰਘ ਬਿੱਟੂ ਖੁਦ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਕਾਂਗਰਸ ਪਾਰਟੀ ਵਿੱਚ ਸਰਗਰਮ ਰਹੇ ਹਨ। ਉਹਨਾਂ ਦੇ 2 ਚਚੇਰੇ ਭਰਾ ਹਾਲੇ ਵੀ ਪਾਰਟੀ ਦੇ ਵਿੱਚ ਸਰਗਰਮ ਹਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤੇ ਸਨ, ਜਿਨ੍ਹਾਂ ਦੇ ਵਿੱਚ ਲਖਬੀਰ ਸਿੰਘ ਲੱਖਾ ਅਤੇ ਗੁਰਕੀਰਤ ਸਿੰਘ ਕੋਟਲੀ ਸ਼ਾਮਲ ਹਨ। ਰਵਨੀਤ ਬਿੱਟੂ ਨੇ ਕਿਹਾ ਹੈ ਕਿ “ਰਾਜਾ ਵੜਿੰਗ ਇੱਕ ਪਰਿਵਾਰ ਇੱਕ ਟਿਕਟ ਦੀ ਗੱਲ ਕਰਦੇ ਹਨ ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਵਿਚਾਰਧਾਰਾ ਕਿੱਥੇ ਸੀ ? ਜਦੋਂ ਰਾਹੁਲ ਗਾਂਧੀ ਲੋਕ ਸਭਾ ਦੀ ਚੋਣ ਲੜਿਆ ਸੀ, ਪ੍ਰਿਅੰਕਾ ਗਾਂਧੀ ਚੋਣ ਲੜੀ ਅਤੇ ਉਹਨਾਂ ਦੀ ਮਾਤਾ ਵੀ ਰਾਜ ਸਭਾ ਵਿੱਚ ਹਨ। ਮੈਂ ਹਾਲ ਵਿੱਚ ਕਾਂਗਰਸ ਛੱਡ ਕੇ ਆਇਆ ਹਾਂ, ਮੈਨੂੰ ਪਤਾ ਹੈ ਉਹ ਕਿਹੜੀਆਂ ਗੱਲਾਂ ਕਰਦੇ ਹਨ। ਇਸ ਤੋਂ ਵੱਡਾ ਪਰਿਵਾਰਵਾਦ ਹੋਰ ਕੀ ਹੋ ਸਕਦਾ ਹੈ।”
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਬੀਤੇ ਦਿਨ ਇਹ ਬਿਆਨ ਸੋਸ਼ਲ ਮੀਡੀਆ ਉੱਤੇ ਦਿੱਤਾ ਗਿਆ ਕਿ ਕਿਸ ਤਰ੍ਹਾਂ ਪਰਿਵਾਰਵਾਦ ਵਿਰੋਧੀ ਪਾਰਟੀਆਂ ਵਿੱਚ ਭਾਰੀ ਹੈ ਅਤੇ ਭਾਈ ਭਤੀਜਾਵਾਦ ਚੱਲਦਾ ਹੈ। ਅਕਸਰ ਹੀ ਉਹ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਨੂੰ ਜੀਜਾ ਸਾਲਾ ਦੇ ਨਾਂ ਉੱਤੇ ਗੱਲ ਕਰਦੇ ਹਨ। ਉੱਥੇ ਹੀ ਕਾਂਗਰਸ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਆਪਣੇ ਪੁੱਤਰਾਂ ਨੂੰ ਕੌਂਸਲਰ ਬਣਾਇਆ ਅਤੇ ਉਨ੍ਹਾਂ ਨੂੰ ਹੀ ਹੁਣ ਅੱਗੇ ਟਿਕਟਾਂ ਦੇਣ ਦੀ ਤਿਆਰੀ ਚੱਲ ਰਹੀ ਹੈ।
ਵਰਕਰਾਂ ਦਾ ਦਰਦ
ਇਸ ਮਾਮਲੇ ਨੂੰ ਲੈ ਕੇ ਸੀਨੀਅਰ ਆਗੂ ਅਤੇ ਸਿਆਸੀ ਮਾਹਰ ਕ੍ਰਿਸ਼ਨ ਕੁਮਾਰ ਬਾਵਾ ਕਿਹਾ ਕਿ “ਪੰਜਾਬ ਦੀ ਸਿਆਸਤ ਉੱਤੇ ਪਰਿਵਾਰਵਾਦ ਦਾ ਹਮੇਸ਼ਾ ਹੀ ਅਸਰ ਰਿਹਾ ਹੈ। ਪਰਿਵਾਰਵਾਦ ਦੇ ਕਰਕੇ ਹਜ਼ਾਰਾਂ ਵਰਕਰ ਜੋ ਕਿ ਪਾਰਟੀ ਪੱਧਰ ਉੱਤੇ ਸੇਵਾ ਕਰਦੇ ਹਨ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਮੈਂ ਆਪਣੀ ਖੁਦ ਦੀ ਉਦਾਹਰਨ ਦੇ ਸਕਦਾ ਹਾਂ ਕਿ ਅੱਤਵਾਦ ਦੇ ਸਮੇਂ ਮੈਂ ਪੈਰਾ ਵਿੱਚ ਗੋਲੀਆਂ ਖਾਦੀਆਂ ਪਰ ਅੱਜ ਤੱਕ ਟਿਕਟ ਨਹੀਂ ਮਿਲੀ, ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਤਾਂ ਜਿਨ੍ਹਾਂ ਦੇ ਪਿਤਾ ਕੈਬਿਨਟ ਮੰਤਰੀ ਰਹੇ ਹਨ ਜਾਂ ਫਿਰ ਰਸੂਖਦਾਰ ਪਰਿਵਾਰ ਹਨ ਉਹਨਾਂ ਨੂੰ ਹੀ ਟਿਕਟ ਦੇਣ ਲਈ ਪਹਿਲ ਕੀਤੀ ਜਾਂਦੀ ਹੈ। ਸਾਡੇ ਵਰਗਿਆਂ ਆਗੂਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜੋ ਪਾਰਟੀ ਲਈ ਦਿਨ ਰਾਤ ਸੇਵਾ ਕਰਦੇ ਹਨ।”
“ਮੇਰੇ ਪਿਤਾ ਫੌਜੀ ਸਨ ਇਸ ਕਰਕੇ ਮੈਨੂੰ ਟਿਕਟ ਨਹੀਂ ਦਿੱਤੀ ਗਈ। ਅੱਜ ਵੀ ਮੈਂ ਟਿਕਟ ਦੀ ਮੰਗ ਕਰਦਾ ਹਾਂ ਪਰ ਪਾਰਟੀ ਨਜ਼ਰਅੰਦਾਜ਼ ਕਰਦੀ ਹੈ। ਪਰਿਵਾਰਵਾਦ ਖਤਮ ਹੋਣਾ ਚਾਹੀਦਾ ਹੈ ਨਵੇਂ ਵਰਕਰਾਂ, ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ।”– ਕ੍ਰਿਸ਼ਨ ਕੁਮਾਰ ਬਾਵਾ, ਸੀਨੀਅਰ ਆਗੂ ਅਤੇ ਸਿਆਸੀ ਮਾਹਰ
ਕੀ ਕਹਿੰਦੇ ਨੇ ਸਿਆਸੀ ਮਾਹਰ ?
ਸਿਆਸੀ ਮਾਹਰ ਪ੍ਰੋਫੈਸਰ ਅਮਨਦੀਪ ਬਰਾੜ ਨੇ ਕਿਹਾ ਕਿ “ਪੰਜਾਬ ਦੀ ਕੋਈ ਵੀ ਪਾਰਟੀ ਪਰਿਵਾਰਵਾਦ ਤੋਂ ਸੱਖਣੀ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਸਿਆਸਤ ਵਿੱਚ ਨਵੇਂ ਚਿਹਰਿਆਂ ਦੀ ਵੱਡੀ ਕਮੀ ਹੈ ਕਿਉਂਕਿ ਪਹਿਲਾਂ ਸਿਆਸਤ ਦੀ ਸ਼ੁਰੂਆਤ ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਉੱਤੇ ਸ਼ੁਰੂ ਹੋ ਜਾਂਦੀ ਸੀ ਪਰ ਅੱਜ ਹਲਾਤ ਇਹ ਹਨ ਕਿ ਪਰਿਵਾਰਵਾਦ ਇੰਨਾ ਭਾਰੀ ਹੋ ਚੁੱਕਾ ਹੈ ਕਿ ਵਰਕਰਾਂ ਨੂੰ ਮੌਕੇ ਹੀ ਨਹੀਂ ਮਿਲਦੇ ਅਤੇ ਉਹ ਸਿਰਫ ਦਰੀਆਂ ਵਿਛਾਉਣ ਤੱਕ ਹੀ ਸੀਮਤ ਹੋ ਗਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ ਕਿਉਂਕਿ ਪਰਿਵਾਰਵਾਦ ਵਿੱਚ ਹੀ ਟਿਕਟ ਦੀ ਪਰੰਪਰਾ ਚੱਲਦੀ ਆ ਰਹੀ ਹੈ ਇਸ ਕਰਕੇ ਭਾਈ –ਭਤੀਜਾਵਾਦ ਆਪਣੇ ਪੁੱਤਰ ਨੂੰ ਪਹਿਲ ਦੇਣਾ ਆਮ ਜਿਹੀ ਗੱਲ ਹੋ ਗਈ ਹੈ।”
ETV BHARAT