ਬਰਨਾਲਾ ਡੀਸੀ ਦਫਤਰ ਦੇ ਕਲੈਰੀਕਲ ਸਟਾਫ ਵੱਲੋਂ 27 ਅਗਸਤ ਨੂੰ “ਪੰਜਾਬ ਬੰਦ” ਦਾ ਐਲਾਨ ਕੀਤਾ ਹੈ। ਸੀਐਮ ਪੰਜਾਬ ਅਤੇ ਖਜ਼ਾਨਾ ਮੰਤਰੀ ਦੀ ਅਰਥੀ ਫੂਕੀ ਗਈ।
19 ਅਗਸਤ, 2026 – ਬਰਨਾਲਾ : ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ, ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਅਤੇ ਹੋਰ ਲੰਬਿਤ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਦੇ ਸਮੁੱਚੇ ਕਲੈਰੀਕਲ ਸਟਾਫ ਵੱਲੋਂ ਆਉਣ ਵਾਲੀ 27 ਅਗਸਤ ਨੂੰ ਸੈਕਟਰੀਏਟ ਬੰਦ ਕਰਨ ਦੇ ਸੱਦੇ ‘ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰੀ ਮੁਲਾਜ਼ਮ ਅਹਿਮ ਭੂਮਿਕਾ ਨਿਭਾਉਣਗੇ। ਡਿਪਟੀ ਕਮਿਸ਼ਨਰ ਦਫਤਰ ਦੇ ਸਾਰੇ ਕਲੈਰੀਕਲ ਸਟਾਫ ਵੱਲੋਂ 27 ਅਗਸਤ ਨੂੰ “ਪੰਜਾਬ ਬੰਦ” ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪੰਜਾਬ ਅਤੇ ਖਜ਼ਾਨਾ ਮੰਤਰੀ ਦੀ ਅਰਥੀ ਫੂਕੀ ਗਈ ਹੈ।
ਸਰਕਾਰ ਹਾਈ ਕੋਰਟ ਦੇ ਡੀ ਏ ਸਬੰਧੀ ਫ਼ੈਸਲੇ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀਂ
ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮਨਵਾਉਣ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੰਚ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਮਾਤਾ ਰਾਣੀ ਚੌਕ ਵਿੱਚ ਸਰਕਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਡੀ ਏ ਦੇਣ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਤੋਂ ਮੁਕਰ ਗਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਹਾਈ ਕੋਰਟ ਦੇ ਡੀ ਏ ਸਬੰਧੀ ਫ਼ੈਸਲੇ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਕੇ ਸਿਰਫ਼ ਆਪਣਾ ਡੰਗ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਮੁਲਾਜ਼ਮ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਇਹ ਹਨ ਮੰਗਾਂ ?
ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ “ਸਾਲ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ’ਤੇ 2.59 ਗੁਣਾਂਕ ਲਾਗੂ ਕੀਤਾ ਜਾਵੇ ਅਤੇ 17 ਜੁਲਾਈ 2020 ਦੇ ਕੇਂਦਰੀ ਸਕੇਲ ਵਾਲੇ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਦੀ ਆਵਾਜ਼ ਬੁਲੰਦ ਕਰਦਿਆਂ ਮੰਗ ਕੀਤੀ ਕਿ ਸਰਕਾਰ ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਕੱਟੇ ਹੋਏ ਭੱਤੇ ਤੁਰੰਤ ਬਹਾਲ ਕਰੇ ਅਤੇ 200 ਰੁਪਏ ਦਾ ਵਿਕਾਸ ਟੈਕਸ ਵਾਪਸ ਲਵੇ।”
ਹੁਣ 27 ਅਗਸਤ ਨੂੰ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ
ਤਰਸੇਮ ਭੱਠਲ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ “ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਜਲਦ ਨਾ ਮੰਨੀਆਂ, ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਉਲੀਕੇ ਜਾਣਗੇ ਅਤੇ 2027 ਦੀਆਂ ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਚੱਲਦਾ ਕਰ ਦਿੱਤਾ ਜਾਵੇਗਾ। 27 ਅਗਸਤ ਨੂੰ ਸੈਕਟਰੀਏਟ ਬੰਦ ਕਰਨ ਦੇ ਸੱਦੇ ਦਾ ਇਹ ਐਲਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਸਮੁੱਚੇ ਕਲੈਰੀਕਲ ਸਟਾਫ ਅਤੇ ਸਮੁੱਚੇ ਪੈਨਸ਼ਨ ਧਾਰਕਾਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਦੀ ਸਾਂਝੀ ਅਰਥੀ ਫੂਕ ਮੁਜ਼ਾਹਰੇ ਦੌਰਾਨ ਕੀਤਾ ਗਿਆ। ਜਿਵੇਂ ਪਿਛਲੇ 7 ਜੁਲਾਈ ਨੂੰ ਚੰਡੀਗੜ੍ਹ ਹਿਲਾ ਦਿੱਤਾ ਗਿਆ ਸੀ, ਉਸੇ ਤਰ੍ਹਾਂ ਹੁਣ 27 ਅਗਸਤ ਨੂੰ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ।”
ਇਸ ਦਿਨ ਕੋਈ ਵੀ ਮੁਲਾਜ਼ਮ ਕੰਮ ਨਹੀਂ ਕਰੇਗਾ
ਮੁਜ਼ਾਹਰੇ ਵਿੱਚ ਹੋਰ ਆਗੂਆਂ ਨੇ ਕਿਹਾ ਕਿ 27 ਅਗਸਤ ਵਾਲੇ ਦਿਨ ਕਿਸੇ ਵੀ ਜ਼ਿਲ੍ਹਾ ਪੱਧਰੀ ਗਜ਼ਟਿਡ ਅਫ਼ਸਰ ਦੇ ਆਖੇ ਨਹੀਂ ਲੱਗਿਆ ਜਾਵੇਗਾ। ਦਰਜਾ ਚਾਰ ਮੁਲਾਜ਼ਮ ਵੀ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ, ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਅਤੇ ਹੋਰ ਲੰਬਿਤ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਦਕਿ ਸਰਕਾਰ ਸਮਾਂ ਦੇਣ ਦੇ ਬਾਵਜੂਦ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ। ਇਸ ਅੜੀਅਲ ਰਵੱਈਏ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ, ਜਿਸ ਦੇ ਚਲਦਿਆਂ ਉਨ੍ਹਾਂ 27 ਤਰੀਕ ਨੂੰ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ETV BHARAT