‘ਵੰਦੇ ਮਾਤਰਮ‘ ਨੂੰ ਲਾਜ਼ਮੀ ਕਰਨ ਦੀ ਤਜਵੀਜ਼ ਅਤੇ ਸਿੱਖਾਂ ਦਾ ਇਤਰਾਜ਼? ਪੜ੍ਹੋ ਪੱਤਰਕਾਰ ਕਵਲਜੀਤ ਕੌਰ ਦੀ ਖਾਸ ਰਿਪੋਰਟ।
29 ਅਗਸਤ, 2026 – ਚੰਡੀਗੜ੍ਹ: ‘ਵੰਦੇ ਮਾਤਰਮ’ ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਜੁੜਿਆ ਇੱਕ ਮਹੱਤਵਪੂਰਨ ਗੀਤ ਹੈ। ਆਜ਼ਾਦੀ ਦੀ ਲਹਿਰ ਦੌਰਾਨ ਇਸ ਨੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਪਰ, ਹੁਣ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਇਸ ਨਾਲ ਜੁੜੀਆਂ ਨਵੀਆਂ ਤਜਵੀਜ਼ਾਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਕੁਝ ਸਿੱਖ ਜਥੇਬੰਦੀਆਂ ਅਤੇ ਚਿੰਤਕਾਂ ਨੇ ਇਸ ’ਤੇ ਇਤਰਾਜ਼ ਜਤਾਇਆ ਹੈ। ਸਵਾਲ ਇਹ ਹੈ ਕਿ ਇਤਰਾਜ਼ ਦੀ ਅਸਲ ਵਜ੍ਹਾ ਕੀ ਹੈ? ਵੰਦੇ ਮਾਤਰਮ ਦਾ ਇਤਿਹਾਸ ਕੀ ਹੈ?
‘ਵੰਦੇ ਮਾਤਰਮ’ ਬਾਰੇ
ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਸੈਣੀ ਮੁਤਾਬਕ, ‘ਵੰਦੇ ਮਾਤਰਮ’ ਦੀ ਰਚਨਾ ਬੰਕਿਮ ਚੰਦਰ ਚੱਟੋਪਾਧਿਆਏ ਨੇ ਕੀਤੀ ਸੀ। ਇਹ ਰਚਨਾ ਪਹਿਲੀ ਵਾਰ 1875 ਵਿੱਚ ਸਾਹਿਤਕ ਪੱਤਰ ‘ਬੰਗਦਰਸ਼ਨ’ ਵਿੱਚ ਪ੍ਰਕਾਸ਼ਿਤ ਹੋਈ ਅਤੇ ਬਾਅਦ ਵਿੱਚ 1882 ਵਿੱਚ ਉਨ੍ਹਾਂ ਦੇ ਨਾਵਲ ‘ਆਨੰਦਮਠ’ ਵਿੱਚ ਸ਼ਾਮਲ ਕੀਤੀ ਗਈ।1896 ਵਿੱਚ ਰਬਿੰਦਰਨਾਥ ਟੈਗੋਰ ਨੇ ਕਲਕੱਤਾ ਵਿੱਚ ਕਾਂਗਰਸ ਦੇ ਅਧਿਵੇਸ਼ਨ ਦੌਰਾਨ ਇਸ ਨੂੰ ਗਾਇਆ। 1905 ਵਿੱਚ ਬੰਗਾਲ ਵੰਡ ਦੇ ਵਿਰੋਧ ਦੌਰਾਨ ‘ਵੰਦੇ ਮਾਤਰਮ’ ਆਜ਼ਾਦੀ ਅੰਦੋਲਨ ਦਾ ਇੱਕ ਮਹੱਤਵਪੂਰਨ ਗੀਤ ਅਤੇ ਨਾਅਰਾ ਬਣ ਗਿਆ। ਇਸ ਤਰ੍ਹਾਂ ਇਸ ਦੀ ਪਛਾਣ ਸਿਰਫ਼ ਇੱਕ ਸਾਹਿਤਕ ਰਚਨਾ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਬ੍ਰਿਟਿਸ਼ ਹਕੂਮਤ ਵਿਰੁੱਧ ਸੰਘਰਸ਼ ਅਤੇ ਦੇਸ਼ ਲਈ ਕੁਰਬਾਨੀ ਦੀ ਭਾਵਨਾ ਨਾਲ ਵੀ ਜੁੜ ਗਿਆ।
ਮਹਿੰਦਰ ਸਿੰਘ ਸੈਣੀ ਦੱਸਦੇ ਹਨ ਕਿ, ਕੇਂਦਰ ਸਰਕਾਰ ਵੀ ਇਸੇ ਇਤਿਹਾਸਕ ਭੂਮਿਕਾ ਨੂੰ ‘ਵੰਦੇ ਮਾਤਰਮ’ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਦਲੀਲ ਵਜੋਂ ਪੇਸ਼ ਕਰਦੀ ਹੈ। ਸਰਕਾਰੀ ਰਿਕਾਰਡ ਮੁਤਾਬਕ, 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਨੇ ਕਿਹਾ ਸੀ ਕਿ ਆਜ਼ਾਦੀ ਦੀ ਲੜਾਈ ਵਿੱਚ ਭੂਮਿਕਾ ਨਿਭਾਉਣ ਵਾਲੇ ‘ਵੰਦੇ ਮਾਤਰਮ’ ਨੂੰ ‘ਜਨ ਗਣ ਮਨ’ ਦੇ ਬਰਾਬਰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।
ਕੇਂਦਰ ਦੀ ਤਜਵੀਜ਼ ਕੀ ਹੈ?
ਕੇਂਦਰ ਸਰਕਾਰ ਵੱਲੋਂ ‘Prevention of Insults to National Honour (Amendment) Bill, 2026’ ਰਾਹੀਂ ‘ਵੰਦੇ ਮਾਤਰਮ’ ਨੂੰ ਕਾਨੂੰਨੀ ਸੁਰੱਖਿਆ ਦੇਣ ਦੀ ਤਜਵੀਜ਼ ਰੱਖੀ ਗਈ ਹੈ। ਤਜਵੀਜ਼ ਮੁਤਾਬਕ ਜੇ ਕੋਈ ਵਿਅਕਤੀ ਜਾਣਬੁੱਝ ਕੇ ‘ਵੰਦੇ ਮਾਤਰਮ’ ਦੇ ਗਾਇਨ ਵਿੱਚ ਰੁਕਾਵਟ ਪਾਉਂਦਾ ਹੈ ਜਾਂ ਇਸ ਨੂੰ ਗਾਉਣ ਵਾਲੇ ਲੋਕਾਂ ਦੇ ਸਮਾਗਮ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਇੱਥੇ ਇੱਕ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਇਸ ਤਜਵੀਜ਼ ਦਾ ਸਿੱਧਾ ਮਤਲਬ ਇਹ ਨਹੀਂ ਕਿ ਹਰ ਵਿਅਕਤੀ ਨੂੰ ਹਰ ਮੌਕੇ ’ਤੇ ‘ਵੰਦੇ ਮਾਤਰਮ’ ਗਾਉਣਾ ਹੀ ਪਵੇਗਾ। ਮੁੱਖ ਗੱਲ ਗਾਇਨ ਦੌਰਾਨ ਜਾਣਬੁੱਝ ਕੇ ਰੁਕਾਵਟ ਪਾਉਣ ਵਾਲੀ ਕਾਰਵਾਈ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਹੈ। ਇਸ ਅਧੀਨ ਅਜਿਹਾ ‘ਜਾਣਬੁੱਝ ਕੇ ਕਰਨ ਵਾਲੇ’ ਨੂੰ 3 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਾਉਣ ਦੀ ਤਜਵੀਜ਼ ਹੈ।
ਇਸ ਤੋਂ ਇਲਾਵਾ, ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਕੇਂਦਰ ਵੱਲੋਂ ਸਰਕਾਰੀ ਸਮਾਗਮਾਂ ਲਈ ਨਵਾਂ ਪ੍ਰੋਟੋਕੋਲ ਵੀ ਜਾਰੀ ਕੀਤਾ ਗਿਆ ਹੈ। ਜਿੱਥੇ ‘ਵੰਦੇ ਮਾਤਰਮ’ ਅਤੇ ‘ਜਨ ਗਣ ਮਨ’ ਦੋਵੇਂ ਪੇਸ਼ ਕੀਤੇ ਜਾਣੇ ਹਨ, ਉੱਥੇ ਪਹਿਲਾਂ ‘ਵੰਦੇ ਮਾਤਰਮ’ ਅਤੇ ਬਾਅਦ ਵਿੱਚ ਰਾਸ਼ਟਰੀ ਗੀਤ ਪੇਸ਼ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਸੁਪਰੀਮ ਕੋਰਟ ਨੇ ਕੀ ਕਿਹਾ?
2026 ਵਿੱਚ ‘ਵੰਦੇ ਮਾਤਰਮ’ ਨਾਲ ਸਬੰਧਤ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਪਹੁੰਚਿਆ। ਮਾਰਚ ਵਿੱਚ ਮੁਹੰਮਦ ਸਈਦ ਨੂਰੀ ਨੇ ਕੇਂਦਰ ਦੇ ਜਨਵਰੀ ਸਰਕੁਲਰ ਨੂੰ ਚੁਣੌਤੀ ਦਿੱਤੀ ਸੀ। ਦਲੀਲ ਦਿੱਤੀ ਗਈ ਕਿ ਪੂਰੇ 6 ਅੰਤਰੇ ਗਾਉਣ ਨਾਲ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਵਿਦਿਆਰਥੀਆਂ ’ਤੇ ਦਬਾਅ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ, ਪਰ ਇਸ ਆਧਾਰ ’ਤੇ ਕਿ ਗ੍ਰਹਿ ਮੰਤਰਾਲੇ ਦਾ ਸਰਕੁਲਰ ‘Advisory Nature’ ਦਾ ਸੀ। ਇਸ ਵਿੱਚ ‘ਵੰਦੇ ਮਾਤਰਮ’ ਨਾ ਗਾਉਣ ’ਤੇ ਕੋਈ ਸਜ਼ਾ ਜਾਂ ਕਾਨੂੰਨੀ ਨਤੀਜਾ ਤੈਅ ਨਹੀਂ ਕੀਤਾ ਗਿਆ ਸੀ। ਅਦਾਲਤ ਨੇ ਮਾਮਲੇ ਨੂੰ ਉਸ ਪੜਾਅ ’ਤੇ ‘Premature’ ਵੀ ਮੰਨਿਆ। ਅਪ੍ਰੈਲ 2026 ਵਿੱਚ ਕਰਨਾਟਕ ਹਾਈ ਕੋਰਟ ਨੇ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਵਿੱਚ ਵਰਤਿਆ ਗਿਆ ‘May’ ਸ਼ਬਦ ਇਸ ਨੂੰ ਲਾਜ਼ਮੀ ਨਹੀਂ ਬਣਾਉਂਦਾ ਅਤੇ ਨਾ ਗਾਉਣ ਲਈ ਕੋਈ ਸਜ਼ਾ ਤੈਅ ਨਹੀਂ ਕੀਤੀ ਗਈ।
ਸੰਵਿਧਾਨ ਵਿੱਚ ਕੀ ਹੈ?
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਪੂਨਮ ਆਰਿਆ ਮੁਤਾਬਕ, ‘ਇਸ ਵਿਵਾਦ ਨੂੰ ਸਮਝਣ ਲਈ ਸੰਵਿਧਾਨ ਦੀਆਂ ਤਿੰਨ ਧਾਰਾਵਾਂ ਖ਼ਾਸ ਤੌਰ ’ਤੇ ਮਹੱਤਵਪੂਰਨ ਹਨ।’
- Article 19(1)(a):ਇਹ ਨਾਗਰਿਕਾਂ ਨੂੰ ਬੋਲਣ ਅਤੇ ਅਭਿਵਿਅਕਤੀ ਦੀ ਆਜ਼ਾਦੀ ਦਿੰਦਾ ਹੈ। ਇਸ ਸੰਦਰਭ ਵਿੱਚ ਸਵਾਲ ਉੱਠਦਾ ਹੈ ਕਿ ਕੀ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਗੀਤ ਜਾਂ ਨਾਅਰੇ ਨੂੰ ਗਾਉਣ ਜਾਂ ਬੋਲਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਅਧਿਕਾਰ ਪੂਰਨ ਨਹੀਂ ਹੈ ਅਤੇ ਸੰਵਿਧਾਨ ਵਿੱਚ ਦਰਜ ਵਾਜਬ ਪਾਬੰਦੀਆਂ ਦੇ ਅਧੀਨ ਹੈ।
- Article 25:ਇਹ ਹਰ ਵਿਅਕਤੀ ਨੂੰ ਅੰਤਰਆਤਮਾ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਮੰਨਣ, ਅਮਲ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਲਈ ਜੇ ਕਿਸੇ ਵਿਅਕਤੀ ਦਾ ਧਾਰਮਿਕ ਵਿਸ਼ਵਾਸ ਉਸ ਨੂੰ ਕਿਸੇ ਖ਼ਾਸ ਗੀਤ ਜਾਂ ਸ਼ਬਦ ਦੇ ਉਚਾਰਨ ਤੋਂ ਰੋਕਦਾ ਹੈ, ਤਾਂ ਧਾਰਮਿਕ ਆਜ਼ਾਦੀ ਅਤੇ ਰਾਜ ਵੱਲੋਂ ਲਗਾਈ ਗਈ ਕਿਸੇ ਲਾਜ਼ਮੀ ਸ਼ਰਤ ਵਿਚਕਾਰ ਸੰਤੁਲਨ ਦਾ ਸਵਾਲ ਪੈਦਾ ਹੁੰਦਾ ਹੈ।
- Article 51A(a):ਇਸ ਤਹਿਤ ਹਰ ਨਾਗਰਿਕ ਦਾ ਮੌਲਿਕ ਫ਼ਰਜ਼ ਹੈ ਕਿ, ਉਹ ਸੰਵਿਧਾਨ, ਇਸ ਦੇ ਆਦਰਸ਼ਾਂ ਅਤੇ ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਧਾਰਾ ਵਿੱਚ ਖ਼ਾਸ ਤੌਰ ’ਤੇ ‘National Flag’ ਅਤੇ ‘National Anthem’ ਦਾ ਜ਼ਿਕਰ ਹੈ, ‘ਵੰਦੇ ਮਾਤਰਮ’ ਦਾ ਨਾਮ ਨਹੀਂ ਹੈ।
ਸਿੱਖ ਭਾਈਚਾਰੇ ਨੂੰ ਇਤਰਾਜ਼ ਕਿਉਂ ਹੈ?
ਸਿੱਖ ਭਾਈਚਾਰੇ ਦੇ ਸ਼ੁਭ ਚਿੰਤਕ ਗੁਰਪ੍ਰੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ, ‘ਸਿੱਖ ਧਰਮ ਵਿੱਚ ਅਕਾਲ ਪੁਰਖ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਇਤਰਾਜ਼ ‘ਵੰਦੇ ਮਾਤਰਮ’ ਦੇ ਉਨ੍ਹਾਂ ਹਿੱਸਿਆਂ ਨੂੰ ਲੈ ਕੇ ਹੈ, ਜਿਨ੍ਹਾਂ ਵਿੱਚ ਦੇਵੀ–ਦੇਵਤਿਆਂ, ਜਿਵੇਂ ਲਕਸ਼ਮੀ, ਸਰਸਵਤੀ ਅਤੇ ਦੁਰਗਾ ਦੀ ਉਸਤਤਿ ਦਾ ਜ਼ਿਕਰ ਆਉਂਦਾ ਹੈ। ਸਿੱਖ ਦੂਜੇ ਧਰਮਾਂ ਦੇ ਵਿਸ਼ਵਾਸਾਂ ਦਾ ਸਤਿਕਾਰ ਕਰਦੇ ਹਨ, ਪਰ ਕਿਸੇ ਸਿੱਖ ਨੂੰ ਉਸ ਦੀ ਧਾਰਮਿਕ ਆਸਥਾ ਦੇ ਉਲਟ ਕਿਸੇ ਗੀਤ ਦਾ ਉਚਾਰਨ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।‘
ਗੁਰਪ੍ਰੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ, ਇਸ ਮੁੱਦੇ ’ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਈਮਾਨ ਸਿੰਘ ਮਾਨ ਵੱਲੋਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੁਤਾਬਕ, ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਗਿਆਨੀ ਕੁਲਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਇਹ ਖਦਸ਼ਾ ਵੀ ਜ਼ਾਹਰ ਕੀਤਾ ਕਿ ਸਿਆਸੀ ਕਾਰਨਾਂ ਕਰਕੇ ਪੰਥਕ ਸੰਸਥਾਵਾਂ ਇਸ ਮਾਮਲੇ ’ਤੇ ਚੁੱਪ ਹਨ। ਹਾਲਾਂਕਿ, ਇਹ ਉਨ੍ਹਾਂ ਦਾ ਦਾਅਵਾ ਅਤੇ ਖਦਸ਼ਾ ਹੈ, ਜਿਸ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।
ਅਸੀਂ ਐਸਜੀਪੀਸੀ ਨੂੰ, ਸਗੋਂ ਹਰਜਿੰਦਰ ਧਾਮੀ ਨੂੰ ਵੀ ਕਿਹਾ ਕਿ ਸਾਨੂੰ ਸੱਪਸ਼ਟੀਕਰਨ ਕਰੋ ਕਿ ਸਿੱਖ ਕੀ ਕਰਨ? ਪਰ ਉਨ੍ਹਾਂ ਵਲੋਂ ਕੋਈ ਵੀ ਜਵਾਬ ਨਹੀਂ ਆਇਆ। ਸਾਡਾ (ਸਿੱਖ ਸਿਧਾਂਤ) ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਹੈ। ਅਸੀਂ ਕਿਸੇ ਨੂੰ ਨਹੀਂ ਰੋਕਦੇ, ਜਿਸ ਨੇ ਆਪਣੇ ਦੇਵੀ-ਦੇਵਤੇ ਪੂਜਣੇ, ਉਹ ਪੂਜਾ ਕਰਨ। ਵੰਦੇ ਮਾਤਰਮ ਵਿੱਚ ਸਰਸਵਤੀ-ਲਕਸ਼ਮੀ ਦੇਵੀ ਦੀ ਪੂਜਾ ਦਾ ਜ਼ਿਕਰ ਹੈ। ਸਾਡੇ ਬੰਦੇ ਬੋਲ ਨਹੀਂ ਰਹੇ, ਅਸਲ ਵਿੱਚ ਅਕਾਲ ਤਖ਼ਤ ਸਾਹਿਬ ਖੁਦ ਮੁਖਤਿਆਰ ਨਹੀਂ ਹੈ। ਇਹ ਧਿਰ ਦੇ ਹੇਠ ਕੰਮ ਕਰ ਰਹੇ ਹਨ। ਹੁਣ ਸੁਖਬੀਰ ਬਾਦਲ ਨੇ ਭਾਜਪਾ ਨਾਲ ਗੱਠਜੋੜ ਕਰਨਾ ਚਾਹਿਆ ਹੋਵੇਗਾ, ਤਾਂ ਉਨ੍ਹਾਂ ਕਿਹਾ ਹੋਣਾ ਕਿ ਅਜੇ ਇਸ ਸਬੰਧੀ ਕੋਈ ਗੱਲ ਨਾ ਕਰਨਾ, ਪਰ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।
– ਗੁਰਪ੍ਰੀਤ ਸਿੰਘ, ਸਿੱਖ ਚਿੰਤਕ
ਗੁਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ, ‘ਜੇ ਕਿਸੇ ਵਿਅਕਤੀ ਦੀ ਧਾਰਮਿਕ ਆਸਥਾ ਕਿਸੇ ਗੀਤ ਦੇ ਕੁਝ ਹਿੱਸੇ ਗਾਉਣ ਦੀ ਇਜਾਜ਼ਤ ਨਹੀਂ ਦਿੰਦੀ, ਤਾਂ ਉਸ ਦੀ ਆਸਥਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਦੇਸ਼ ਦੀ ਏਕਤਾ ਦਾ ਮਤਲਬ ਇਹ ਨਹੀਂ ਕਿ ਕਿਸੇ ਇੱਕ ਧਾਰਮਿਕ ਵਿਸ਼ਵਾਸ ਨੂੰ ਦੂਜਿਆਂ ’ਤੇ ਥੋਪਿਆ ਜਾਵੇ। ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਹੋਰ ਪੰਥਕ ਸੰਸਥਾਵਾਂ ਨੂੰ ਇਸ ਮਾਮਲੇ ’ਤੇ ਆਪਣਾ ਪੱਖ ਸਪੱਸ਼ਟ ਕਰਨ ਦੀ ਅਪੀਲ ਕੀਤੀ।‘
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਵਿਰੋਧ
ਇਹ ਅਫ਼ਸੋਸ ਵਾਲੀ ਗੱਲ ਹੈ ਕਿ ਦੇਸ਼ (ਸਰਕਾਰ) ਨੇ ਰਾਜ ਸਭਾ ਵਿੱਚ ਅਜਿਹਾ ਬਿੱਲ ਪਾਸ ਕਰ ਦਿੱਤਾ ਹੈ ਕਿ ਇਸ ਅਧੀਨ ਸਾਡੇ ਬੱਚਿਆਂ ਨੂੰ ਸਤਿਕਾਰਯੋਗ ਹਿੰਦੂ ਧਰਮ ਦੇ ਸਰਸਵਤੀ ਮਾਤਾ, ਲਕਸ਼ਮੀ ਮਾਤਾ ਦੇ ਪੂਜਨ ਕਰਨਾ ਪੈਣਾ ਹੈ ਕਹਿਣਾ ਪਵੇਗਾ ਕਿ ਦੇਸ਼ ਦੇ ਮੰਦਰ-ਮੰਦਰ ਵਿੱਚ ਅਸੀਂ ਬੁੱਤ ਧਰਾਂਗੇ ਅਤੇ ਜੇਕਰ ਇਸ ਨੂੰ ਗਾਇਨ ਕਰਨ ਤੋਂ ਮਨਾ ਕੀਤਾ ਗਿਆ ਜਾਂ ਨਿੰਦਿਆ ਗਿਆ ਤਾਂ, ਉਸ ਨੂੰ 3 ਸਾਲ ਦੀ ਸਜ਼ਾ ਅਤੇ 50 ਹਜ਼ਾਰ ਦਾ ਜ਼ੁਰਮਾਨਾ ਲਾਇਆ ਜਾਵੇਗਾ। ਪਰ, ਜੇਕਰ ਸਾਡੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਇਸ ਖਿਲਾਫ ਨਹੀਂ ਬੋਲ ਸਕਦੀ, ਤਾਂ ਸਾਡੇ ਵਰਗੇ ਦਲ ਇਸ ਦਾ ਵਿਰੋਧ ਕਰਨਗੇ। ਸਰਕਾਰ ਕਿਸ ਸਾਜਿਸ਼ ਅਧੀਨ ਸਾਡੇ ਪੰਥ ਨੂੰ ਪਿੱਛ ਕਰ ਰਹੀ ਹੈ, ਇਹ ਸਿੱਖ ਨੂੰ ਸੋਚਣਾ ਪਵੇਗਾ। ਐਸਜੀਪੀਸੀ ਅੱਜ (ਸੁਖਬੀਰ ਬਾਦਲ ਦੇ) ਕਾਬਜ ਹੈ, ਜੋ ਮੋਦੀ ਨਾਲ ਮੀਟਿੰਗ ਕਰ ਰਹੇ ਹਨ।
– ਈਮਾਨ ਸਿੰਘ ਮਾਨ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ
ਅਸਲ ਵਿਵਾਦ ਕਿੱਥੇ ਅਤੇ ਕੀ ਹੈ?
ਇਸ ਮਾਮਲੇ ਵਿੱਚ ਵਿਵਾਦ ‘ਵੰਦੇ ਮਾਤਰਮ’ ਦੀ ਮਹੱਤਤਾ ਨੂੰ ਲੈ ਕੇ ਨਹੀਂ ਹੈ। ਵਿਵਾਦ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਹਰ ਵਿਅਕਤੀ ਨੂੰ ਇਹ ਗੀਤ ਗਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇੱਕ ਪਾਸੇ, ਸਰਕਾਰ ਅਤੇ ਇਸ ਦੇ ਸਮਰਥਕ ਮੰਨਦੇ ਹਨ ਕਿ ‘ਵੰਦੇ ਮਾਤਰਮ’ ਆਜ਼ਾਦੀ ਦੀ ਲੜਾਈ ਨਾਲ ਜੁੜਿਆ ਹੋਇਆ ਹੈ ਅਤੇ ਇਹ ਦੇਸ਼ ਪ੍ਰਤੀ ਪਿਆਰ ਤੇ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਦੂਜੇ ਪਾਸੇ, ਕੁਝ ਧਾਰਮਿਕ ਭਾਈਚਾਰਿਆਂ ਦਾ ਕਹਿਣਾ ਹੈ ਕਿ, ਦੇਸ਼ ਨਾਲ ਪਿਆਰ ਕਰਨਾ ਜ਼ਰੂਰੀ ਹੈ, ਪਰ ਕਿਸੇ ਨੂੰ ਉਸ ਦੀ ਧਾਰਮਿਕ ਸੋਚ ਜਾਂ ਜ਼ਮੀਰ ਦੇ ਖ਼ਿਲਾਫ਼ ਕੋਈ ਗੀਤ ਗਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਅਸਲ ਸਵਾਲ ਇਹ ਹੈ ਕਿ ਦੇਸ਼ ਦਾ ਸਨਮਾਨ ਵੀ ਬਣਿਆ ਰਹੇ ਅਤੇ ਹਰ ਵਿਅਕਤੀ ਨੂੰ ਆਪਣੀ ਧਾਰਮਿਕ ਆਸਥਾ ਤੇ ਆਪਣੀ ਅੰਤਰਆਤਮਾ ਮੁਤਾਬਕ ਫ਼ੈਸਲਾ ਕਰਨ ਦੀ ਆਜ਼ਾਦੀ ਵੀ ਮਿਲੇ- ਇਨ੍ਹਾਂ ਦੋਵਾਂ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ।
ETV BHARAT