15 ਸਾਲਾਂ ਤੋਂ ਸਕੂਲ ਦੀ ਇਮਾਰਤ ਦਾ ਇੰਤਜ਼ਾਰ, ਗੁਰਦੁਆਰੇ ਦੇ ਲੰਗਰ ਹਾਲ ’ਚ ਪੜ੍ਹ ਰਹੇ 250 ਬੱਚੇ
29 ਅਗਸਤ, 2026 – ਮਾਨਸਾ: ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵਿਆਂ ਦਰਮਿਆਨ ਮਾਨਸਾ ਤੋਂ ਠੂਠਿਆਂਵਾਲੀ ਰੋਡ ’ਤੇ ਸਥਿਤ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਕਈ ਸਵਾਲ ਖੜ੍ਹੇ ਕਰਦੀ ਹੈ। ਮਾਨਸਾ ਦੇ ਵਾਰਡ ਨੰਬਰ-1, ਠੂਠਿਆਂਵਾਲੀ ਰੋਡ ’ਤੇ ਸਥਿਤ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਇਮਾਰਤ ਦੀ ਉਡੀਕ ਕਰ ਰਿਹਾ ਹੈ। ਇਸ ਸਕੂਲ ਵਿੱਚ ਕਰੀਬ 250 ਬੱਚੇ ਅਤੇ 9 ਅਧਿਆਪਕ ਹਨ। ਪਹਿਲਾਂ ਇਹ ਸਕੂਲ ਧਰਮਸ਼ਾਲਾ ਵਿੱਚ ਚੱਲ ਰਿਹਾ ਸੀ, ਪਰ ਬਾਰਿਸ਼ ਕਾਰਨ ਧਰਮਸ਼ਾਲਾ ਦੀ ਇਮਾਰਤ ਖਸਤਾ ਹੋਣ ਤੋਂ ਬਾਅਦ ਹੁਣ ਬੱਚਿਆਂ ਦੀਆਂ ਕਲਾਸਾਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਲਗਾਈਆਂ ਜਾ ਰਹੀਆਂ ਹਨ।
“ਪਹਿਲਾਂ ਧਰਮਸ਼ਾਲਾ ਵਿੱਚ ਪੜਾਏ ਜਾਂਦੇ ਸੀ ਬੱਚੇ“
ਇਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਆਗੂ ਅਰਵਿੰਦਰ ਕੌਰ ਨੇ ਕਿਹਾ ਕਿ “ਮਾਨਸਾ ਦੇ ਠੁੱਠਿਆਵਾਲੀ ਰੋਡ ਸਥਿਤ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਲੰਬੇ ਸਮੇਂ ਤੋਂ ਆਪਣੀ ਇਮਾਰਤ ਤੋਂ ਬਿਨਾਂ ਹੀ ਚੱਲ ਰਿਹਾ ਹੈ। ਪਹਿਲਾਂ ਧਰਮਸ਼ਾਲਾ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ, ਪਰ ਇਮਾਰਤ ਦੀ ਹਾਲਤ ਖਰਾਬ ਹੋਣ ਕਾਰਨ ਹੁਣ ਸਕੂਲ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇੱਥੇ ਇੱਕੋ ਥਾਂ ’ਤੇ ਵੱਖ–ਵੱਖ ਕਲਾਸਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।”
ਲਲੂਆਣਾ ਰੋਡ ’ਤੇ ਵੀ ਧਰਮਸ਼ਾਲਾ ’ਚ ਚੱਲ ਰਿਹਾ ਸਰਕਾਰੀ ਸਕੂਲ
ਇਸੇ ਤਰ੍ਹਾਂ ਜਾਣਕਾਰੀ ਦਿੰਦੇ ਹੋਏ ਵਿਦਿਆਰਧੀ ਆਗੂ ਨੇ ਦੱਸਿਆ ਕਿ ਮਾਨਸਾ ਦੇ ਲਲੂਆਣਾ ਰੋਡ ’ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵੀ ਸ਼੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਸਕੂਲ ਕੋਲ ਵੀ ਆਪਣੀ ਇਮਾਰਤ ਨਹੀਂ ਹੈ ਅਤੇ ਇੱਕੋ ਹਾਲ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਬੈਠ ਕੇ ਪੜ੍ਹਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਇੱਕ ਸਕੂਲ ਰਾਮਬਾਗ ਦੀ ਧਰਮਸ਼ਾਲਾ ਵਿੱਚ ਚੱਲ ਰਿਹਾ ਹੈ।
“12 ਸਾਲ ਤੋਂ ਬਣੇ ਸਕੂਲ ਦੀ ਹਾਲਤ ਬਿਲਕੁਲ ਖਸਤਾ“
ਇਸੇ ਸਬੰਧੀ ਵਾਰਡ ਵਾਸੀ ਗੋਪਾਲ ਨੇ ਕਿਹਾ ਕਿ “ਜੋ ਪੰਜਾਬ ਸਰਕਾਰ ਵਾਅਦੇ ਕਰਦੀ ਹੈ, ਉਹ ਸਿਰਫ ਦਿਖਾਵਾ ਹੀ ਹੈ। ਪਰ ਜੇਕਰ ਇਹੀ ਸਰਕਾਰ ਗਰਾਉਂਡ ਲੈਵਲ ‘ਤੇ ਆ ਕੇ ਦੇਖੇ ਕਿ ਇਹ ਸਾਡੇ 12 ਸਾਲ ਤੋਂ ਬਣੇ ਸਕੂਲ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ, ਹੁਣ ਓਹੀ ਬੱਚੇ ਗੁਰੂਦੁਆਰਾ ਸਾਹਿਬ ਵਿੱਚ ਪੜਾਈ ਕਰ ਰਹੇ ਹਨ। ਉੱਥੇ ਬੱਚਿਆਂ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੈ, ਨਾ ਉੱਥੇ ਪੱਖੇ ਨਾ ਹੀ ਪਾਣੀ ਹੈ। ਜਦੋਂ ਗੁਰਦੁਆਰਾ ਵਿੱਚ ਕੋਈ ਪ੍ਰੋਗਰਾਮ ਹੁੰਦਾ, ਉਸ ਸਮੇਂ ਬੱਚੇ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ।”
“ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੱਥੇ ਆ ਕੇ ਦੇਖੇ, ਕਿ ਇੱਥੇ ਕੀ ਹਾਲਾਤ ਬਣੇ ਪਏ ਹਨ। ਬੱਚੇ ਕਿੰਨੇ ਪ੍ਰੇਸ਼ਾਨ ਹੋ ਰਹੇ ਹਨ, ਨਾ ਬੱਚਿਆਂ ਦਾ ਕੋਈ ਖੇਡਣ ਦਾ ਪ੍ਰਬੰਧ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੱਚਿਆਂ ਬਾਰੇ ਸੋਚੇ ਅਤੇ ਇਨ੍ਹਾਂ ਨੂੰ ਚੰਗੇ ਸਕੂਲ ਬਣਾ ਕੇ ਦੇਣ ਤਾਂ ਜੋ ਇਨ੍ਹਾਂ ਬੱਚਿਆਂ ਦਾ ਚੰਗਾ ਭਵਿੱਖ ਬਣ ਸਕੇ।”- ਗੋਪਾਲ, ਵਾਰਡ ਵਾਸੀ
“ਬੁਰੀ ਤਰ੍ਹਾਂ ਫੇਲ੍ਹ ਹੈ ਸਰਕਾਰ“
ਕਿਸਾਨ ਆਗੂ ਸਿੰਦਰਪਾਲ ਕੌਰ ਨੇ ਕਿਹਾ ਕਿ “ਸਕੂਲਾਂ ਦੀ ਹਾਲਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ। ਕਿਉਂਕਿ ਇਸ ਸਰਕਾਰ ਕੋਲ ਸਿਰਫ ਦਾਅਵੇ ਹਨ, ਸਾਨੂੰ ਅਜਿਹਾ ਕੁਝ ਨਹੀਂ ਦਿਖ ਰਿਹਾ ਕਿ ਜਿਸ ਨਾਲ ਸਰਕਾਰ ਸਾਡੇ ਬੱਚਿਆਂ ਦੇ ਭਵਿੱਖ ਸੁਧਾਰ ਸਕੇ। ਸਰਕਾਰ ਸਾਡੇ ਬੱਚਿਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਇਸੇ ਕਰਕੇ ਸਾਡੀ ਕਿਸਾਨ ਯੂਨੀਅਨ ਇਨ੍ਹਾਂ ਬੱਚਿਆਂ ਦੀ ਹਿਮਾਇਤ ਕਰਨ ਆਈ ਹੈ ਕਿਉਂਕਿ ਧਰਮਸ਼ਾਲਾ ਸਿਆਣੇ ਬਜ਼ੁਰਗਾਂ ਦੇ ਬੈਠਣ ਲਈ ਹੁੰਦੀ ਹੈ, ਇਹ ਸਕੂਲਾਂ ਲਈ ਨਹੀਂ ਹੁੰਦੀਆਂ। ਇਹ ਨਵੀਂ ਹੀ ਸਰਕਾਰ ਆਈ ਹੈ, ਜਿਸਨੇ ਧਰਮਸ਼ਾਲਾ ਦੇ ਵਿੱਚ ਸਕੂਲ ਖੋਲ੍ਹ ਰੱਖੇ ਨੇ। ਇਸ ਤਰ੍ਹਾਂ ਬੱਚਿਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।”
“ਜਿੰਨਾ ਚਿਰ ਸਕੂਲਾਂ ਵਿੱਚ ਸਾਡੇ ਬੱਚਿਆਂ ਨੂੰ ਸਹੀ ਸਹੂਲਤਾਂ ਨਹੀਂ ਮਿਲਦੀਆਂ, ਸਕੂਲਾਂ ਦੀਆਂ ਚੰਗੀਆਂ ਇਮਾਰਤਾਂ ਬਣਾ ਕੇ ਛੋਟੇ ਅਤੇ ਵੱਡਿਆਂ ਬੱਚਿਆਂ ਨੂੰ ਅਲੱਗ-ਅਲੱਗ ਨਹੀਂ ਰੱਖਿਆ ਜਾਂਦਾ, ਉਦੋਂ ਤੱਕ ਅਸੀਂ ਬੱਚਿਆਂ ਨਾਲ ਸੰਘਰਸ਼ ਜਾਰੀ ਰੱਖਾਂਗੇ”–ਸਿੰਦਰਪਾਲ ਕੌਰ,ਕਿਸਾਨ ਆਗੂ
ਸਿੱਖਿਆ ਵਿਭਾਗ ਨੇ ਨਕਾਰੇ ਇਲਜ਼ਾਮ
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮਾਨਸਾ ਮੰਜੂ ਬਾਲਾ ਨੇ ਦੱਸਿਆ ਕਿ “ਲੋਕ ਝੂਠ ਬੋਲ ਰਹੇ ਹਨ ਕਿ ਲੰਬੇ ਸਮੇਂ ਤੋਂ ਬੱਚੇ ਗੁਰੂਦੁਆਰਾ ਪੜਾਏ ਜਾ ਰਹੇ ਹਨ। ਠੁੱਠਿਆਵਾਲੀ ਰੋਡ ਵਾਲਾ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਪਹਿਲਾਂ ਧਰਮਸ਼ਾਲਾ ਵਿੱਚ ਸੀ ਪਰ ਹੁਣ ਉੱਥੇ ਕੰਮ ਚੱਲ ਰਿਹਾ ਹੈ। ਇਸ ਕਰਕੇ ਹੀ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਬਿਠਾਇਆ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਸ ਕਰਕੇ ਉਨ੍ਹਾਂ ਦੀਆਂ ਉਥੇ ਹੀ ਕਲਾਸਾਂ ਲਈਆਂ ਜਾ ਰਹੀਆਂ ਹਨ। ਸਕੂਲ ਦੀ ਆਪਣੀ ਇਮਾਰਤ ਬਣਵਾਉਣ ਲਈ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਲੂਆਣਾ ਰੋਡ ’ਤੇ ਸ਼੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ, ਜਦਕਿ ਰਾਮਬਾਗ ਰੋਡ ’ਤੇ ਰਾਮਦਾਸ ਜੀ ਧਰਮਸ਼ਾਲਾ ਵਿੱਚ ਵੀ ਇੱਕ ਸਕੂਲ ਚੱਲ ਰਿਹਾ ਹੈ।”
ETV BHARAT