ਵਧੇ ਖੇਤੀ ਖਰਚੇ ਅਤੇ ਝਾੜ ‘ਚ ਵੀ ਗਿਰਾਵਟ ਦਾ ਖ਼ਦਸ਼ਾ…
ਇਸ ਸਾਲ ਕਮਜ਼ੋਰ ਮਾਨਸੂਨ ਕਾਰਨ ਝੋਨੇ ਦੀ ਫਸ ਉੱਤੇ ਵੱਡੀ ਮਾਰ ਪਈ ਹੈ। ਝਾੜ ਘਟਣ ਦਾ ਵੀ ਖ਼ਦਸ਼ਾ ਹੈ।
07 ਸਤੰਬਰ, 2026 – ਲੁਧਿਆਣਾ: ਸਾਲ 2026 ਦੌਰਾਨ ਪੰਜਾਬ ਵਿੱਚ ਮਾਨਸੂਨ ਦੀ ਸੁਸਤ ਅਤੇ ਅਨਿਯਮਿਤ ਚਾਲ ਨੇ ਸੂਬੇ ਦੇ ਕਿਸਾਨਾਂ ਲਈ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ। ਸਮੇਂ ਸਿਰ ਅਤੇ ਲੋੜੀਂਦੀ ਬਾਰਿਸ਼ ਨਾ ਹੋਣ ਕਰਕੇ ਝੋਨੇ ਦੀ ਫਸਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਫਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਨਿੱਜੀ ਸਾਧਨਾਂ ‘ਤੇ ਨਿਰਭਰ ਹੋਣਾ ਪਿਆ ਹੈ, ਜਿਸ ਨਾਲ ਖੇਤੀ ਲਾਗਤ ਵਿੱਚ ਭਾਰੀ ਵਾਧਾ ਹੋਇਆ ਹੈ, ਜਦਕਿ ਦੂਜੇ ਪਾਸੇ ਝਾੜ ਘਟਣ ਦੇ ਖਦਸ਼ੇ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
‘ਖੇਤੀ ਖਰਚਿਆਂ ‘ਚ ਵਾਧਾ‘
ਕਿਸਾਨਾਂ ਨੇ ਕਿਹਾ ਹੈ ਕਿ, ‘ਮੀਂਹ ਨਾ ਪੈਣ ਕਰਕੇ ਖੇਤਾਂ ਵਿੱਚ ਨਮੀ ਬਣਾਏ ਰੱਖਣ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਟਿਊਬਵੈੱਲਾਂ ਅਤੇ ਜਨਰੇਟਰਾਂ ‘ਤੇ ਨਿਰਭਰ ਹੋਣਾ ਪਿਆ। ਬਿਜਲੀ ਦੀ ਨਿਰਵਿਘਨ ਸਪਲਾਈ ਨਾ ਹੋਣ ਕਾਰਨ ਦਿਨ–ਰਾਤ ਡੀਜ਼ਲ ਇੰਜਣ ਚਲਾਉਣੇ ਪਏ। ਇਸ ਨਾਲ ਪ੍ਰਤੀ ਏਕੜ ਸਿੰਜਾਈ ਦਾ ਖਰਚਾ 3,000 ਰੁਪਏ ਤੋਂ 5,000 ਰੁਪਏ ਤੱਕ ਵਧ ਗਿਆ ਹੈ। ਪਾਣੀ ਦੇ ਡਿੱਗਦੇ ਪੱਧਰ ਕਾਰਨ ਕਈ ਥਾਵਾਂ ‘ਤੇ ਸਮਰਸੀਬਲ ਮੋਟਰਾਂ ਨੂੰ ਹੋਰ ਡੂੰਘਾ ਕਰਨਾ ਪਿਆ, ਜਿਸ ਨਾਲ ਵਾਧੂ ਤਕਨੀਕੀ ਖਰਚੇ ਵੀ ਸਿਰ ਪਏ।‘
ਬਿਜਲੀ ਦੀ ਕਿੱਲਤ ਅਤੇ ਸਿੰਜਾਈ ਸੰਕਟ ਦੇ ਨਾਲ ਮਾਨਸੂਨ ਦੀ ਅਸਫਲਤਾ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਰਿਕਾਰਡ ਪੱਧਰ ‘ਤੇ ਪਹੁੰਚ ਗਈ। ਭਾਵੇਂ ਸਰਕਾਰ ਵੱਲੋਂ ਖੇਤੀ ਖੇਤਰ ਲਈ ਨਿਰਵਿਘਨ ਬਿਜਲੀ ਦੇ ਦਾਅਵੇ ਕੀਤੇ ਗਏ ਸਨ, ਪਰ ਗਰਮੀ ਅਤੇ ਓਵਰਲੋਡਿੰਗ ਕਾਰਨ ਪੇਂਡੂ ਇਲਾਕਿਆਂ ਵਿੱਚ ਲੰਬੇ ਅਤੇ ਅਚਾਨਕ ਬਿਜਲੀ ਕੱਟ ਲੱਗੇ। ਲਗਾਤਾਰ ਚੱਲਣ ਕਾਰਨ ਟਿਊਬਵੈੱਲ ਅਤੇ ਟ੍ਰਾਂਸਫਾਰਮਰ ਸੜਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਸਿੰਜਾਈ ਦਾ ਚੱਕਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।-ਕਿਸਾਨ
‘ਬਿਮਾਰੀਆਂ ਦਾ ਹਮਲਾ ਅਤੇ ਵਾਧੂ ਸਪਰੇਆਂ‘
ਖੇਤੀਬਾੜੀ ਮਾਹਰ ਡਾਕਟਰ ਰਜਿੰਦਰ ਪਾਲ ਸਿੰਘ ਔਲਖ ਨੇ ਕਿਹਾ ਕਿ, ‘ਖੁਸ਼ਕ ਅਤੇ ਵਧੇਰੇ ਤਾਪਮਾਨ ਵਾਲੇ ਮੌਸਮ ਨੇ ਝੋਨੇ ਦੀ ਫਸਲ ‘ਤੇ ਕੀਟਾਂ ਅਤੇ ਬਿਮਾਰੀਆਂ ਦੇ ਫੈਲਾਅ ਲਈ ਅਨੁਕੂਲ ਮਾਹੌਲ ਬਣਾਇਆ,ਜਿਸ ਕਾਰਨ ਫਸਲ ‘ਤੇ ਤਣਾ ਛੇਦਕ, ਗੋਭ ਦੀ ਸੁੰਡੀ, ਝੁਲਸ ਰੋਗ ਅਤੇ ਫੋਕ ਬਣਾਉਣ ਵਾਲੇ ਕੀੜਿਆਂ ਦਾ ਹਮਲਾ ਦੇਖਿਆ ਗਿਆ। ਆਮ ਸਾਲਾਂ ਵਿੱਚ ਜਿੱਥੇ 1 ਜਾਂ 2 ਸਪਰੇਹਾਂ ਨਾਲ ਕੰਮ ਚੱਲ ਜਾਂਦਾ ਸੀ ਪਰ ਐਤਕੀਂ ਕਿਸਾਨਾਂ ਨੂੰ 4 ਤੋਂ 5 ਵਾਰ ਮਹਿੰਗੀਆਂ ਕੀਟਨਾਸ਼ਕ ਅਤੇ ਉੱਲੀਨਾਸ਼ਕ (Fungicide) ਸਪਰੇਆਂ ਕਰਨੀਆਂ ਪਈਆਂ ਹਨ। ਇਸ ਨਾਲ ਪ੍ਰਤੀ ਏਕੜ 2,000 ਤੋਂ 3,500 ਰੁਪਏ ਦਾ ਵਾਧੂ ਬੋਝ ਪਿਆ।‘
ਝਾੜ ‘ਤੇ ਕਿੰਨਾ ਅਸਰ ਪਿਆ ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਖੇਤੀਬਾੜੀ ਮਾਹਰ ਡਾਕਟਰ ਸਰਦਾਰਾ ਸਿੰਘ ਜੋਹਲ ਮੁਤਾਬਕ, ‘ਕਿਸਾਨਾਂ ਦੇ ਸ਼ੁਰੂਆਤੀ ਮੁਲਾਂਕਣ ਮੁਤਾਬਕ ਮਾਨਸੂਨ ਦੀ ਕਮੀ ਦਾ ਝਾੜ ‘ਤੇ ਸਿੱਧਾ ਅਤੇ ਨਕਾਰਾਤਮਕ ਅਸਰ ਪੈਣਾ ਤੈਅ ਹੈ। ਮੌਸਮ ਦੀ ਮਾਰ ਕਾਰਨ ਝੋਨੇ ਦੇ ਝਾੜ ਵਿੱਚ 10% ਤੋਂ 20% (ਲਗਭਗ 3 ਤੋਂ 6 ਕੁਇੰਟਲ ਪ੍ਰਤੀ ਏਕੜ) ਦੀ ਕਮੀ ਆਉਣ ਦਾ ਅਨੁਮਾਨ ਹੈ। ਹਾਲਾਂਕਿ ਇਹ ਥੋੜ੍ਹੀ ਜਲਦੀ ਹੈ ਇਸ ਕਰਕੇ ਇਸ ਬਾਰੇ ਸਾਫ ਨਹੀਂ ਕਿਹਾ ਜਾ ਸਕਦਾ ਪਰ ਖੇਤੀ ਖਰਚੇ ਵਧਣਾ ਵੀ ਕਿਸਾਨ ਦੀ ਆਮਦਨ ਉੱਤੇ ਫਰਕ ਪਾਉਂਦੇ ਨੇ। ਫੋਕ (Empty Grains) ‘ਚ ਵਾਧਾ ਹੋ ਸਕਦਾ ਨੇ, ਪਰਾਗਣ (Pollination) ਦੇ ਸਮੇਂ ਜ਼ਿਆਦਾ ਤਾਪਮਾਨ ਅਤੇ ਪਾਣੀ ਦੀ ਘਾਟ ਕਾਰਨ ਝੋਨੇ ਦੇ ਸਿੱਟਿਆਂ ਵਿੱਚ ਫੋਕ ਦੀ ਮਾਤਰਾ ਵਧ ਗਈ ਹੈ।‘
‘ਦਾਣੇ ਦੀ ਗੁਣਵੱਤਾ ਉੱਤੇ ਮਾਰ‘
ਖੇਤੀਬਾੜੀ ਮਾਹਰ ਡਾਕਟਰ ਰਜਿੰਦਰ ਪਾਲ ਦੇ ਮੁਤਾਬਕ, ‘ਪਾਣੀ ਦੀ ਕਮੀ ਕਾਰਨ ਦਾਣਾ ਪੂਰੀ ਤਰ੍ਹਾਂ ਪੁਸ਼ਟ (ਸਿਹਤਮੰਦ) ਨਹੀਂ ਬਣ ਸਕਿਆ, ਜਿਸ ਨਾਲ ਦਾਣੇ ਦਾ ਅਕਾਰ ਛੋਟਾ ਰਹਿਣ ਅਤੇ ਮਿਲਿੰਗ ਦੌਰਾਨ ਚੌਲ ਟੁੱਟਣ ਦੀ ਸਮੱਸਿਆ ਆ ਸਕਦੀ ਹੈ। ਮਾਨਸੂਨ ਦੀ ਬੇਰੁਖ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਦੋਹਰੀ ਮਾਰ ਮਾਰੀ ਇੱਕ ਪਾਸੇ ਲਾਗਤ ਖਰਚੇ ਵਧ ਗਏ ਹਨ ਤਾਂ ਦੂਜੇ ਪਾਸੇ ਝਾੜ ਘਟਣ ਨਾਲ ਆਮਦਨ ਵਿੱਚ ਵੱਡੀ ਗਿਰਾਵਟ ਆਉਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ, ਲਗਾਤਾਰ ਟਿਊਬਵੈੱਲ ਚੱਲਣ ਕਰਕੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ ਹੈ।‘
‘ਕਿਸਾਨਾਂ ਦੀ ਸਰਕਾਰ ਤੋਂ ਖ਼ਾਸ ਮੰਗ‘
ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ। ਵਧੇ ਖੇਤੀ ਖਰਚਿਆਂ ਅਤੇ ਘਟੇ ਝਾੜ ਦੀ ਭਰਪਾਈ ਲਈ ਸਰਕਾਰ ਕੋਈ ਨਾ ਕੋਈ ਯਤਨ ਕਰੇ ਅਤੇ ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ਕਿਉਂਕਿ ਸਰਕਾਰ ਨੇ ਐਮਐਸਪੀ ਅਤੇ ਬੋਨਸ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਪਰ ਹੁਣ ਮੌਸਮ ਦੀ ਮਾਰ ਕਿਸਾਨਾਂ ਨੂੰ ਝੱਲਣੀ ਪਈ ਹੈ।
ETV BHARAT