ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਚੱਲਦੇ ਪੰਜਾਬ ਦੇ ਇਕਲੌਤੇ ਅਧਿਆਪਕ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
07 ਸਤੰਬਰ, 2026 – ਚੰਡੀਗੜ੍ਹ: ਅਧਿਆਪਕ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ 82 ਅਧਿਆਪਕਾਂ ਨੂੰ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਅਧਿਆਪਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਆਪਣੀ ਸਖ਼ਤ ਮਿਹਨਤ ਅਤੇ ਨਵੇਂ ਤਰੀਕਿਆਂ ਨਾਲ ਵਿਦਿਆਰਥੀਆਂ ਦੇ ਜੀਵਨ ਨੂੰ ਬਦਲਣ ਵਿੱਚ ਵਢਮੁੱਲਾ ਯੋਗਦਾਨ ਪਾਇਆ ਗਿਆ ਹੈ। ਇਨਾਂ ਅਧਿਆਪਕਾਂ ਵਿੱਚ ਪੰਜਾਬ ਦਾ ਇਕਲੌਤਾ ਅਧਿਆਪਕ ਦਿਨੇਸ਼ ਕੁਮਾਰ ਵੀ ਸ਼ਾਮਲ ਹੈ ਜੋ ਪਟਿਆਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਅਵਾਰਡ ਦਿੱਤਾ ਗਿਆ ਹੈ। ਇਸਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਅਧਿਆਪਕ ਰਵੀ ਕੁਮਾਰ ਜੈਸਵਾਲ ਨੂੰ ਵੀ ਰਾਸ਼ਟਰੀ ਅਧਿਆਪਕ ਪੁਰਸਕਾਰ ਮਿਲਿਆ ਹੈ।
ਪਟਿਆਲਾ ਦੇ ਰਹਿਣ ਵਾਲੇ ਨੇ ਅਧਿਆਪਕ ਦਿਨੇਸ਼ ਕੁਮਾਰ
ਪਟਿਆਲਾ ਦੇ ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਅਧਿਆਪਕ ਦਿਨੇਸ਼ ਕੁਮਾਰ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਸੀ। ਖਾਸ ਗੱਲ ਇਹ ਹੈ ਕਿ ਦਿਨੇਸ਼ ਕੁਮਾਰ ਇਸ ਪੁਰਸਕਾਰ ਲਈ ਚੁਣੇ ਜਾਣ ਵਾਲੇ ਪੰਜਾਬ ਦੇ ਇਕਲੌਤੇ ਅਧਿਆਪਕ ਸਨ। ਜਿਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਮਿਸਾਲੀ ਯੋਗਦਾਨ ਲਈ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ, 2026 ਹਾਸਲ ਕੀਤਾ ਹੈੈ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
120 ਸਾਲ ਪੁਰਾਣੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ ਡਾ. ਦਿਨੇਸ਼ ਕੁਮਾਰ
ਡਾ. ਦਿਨੇਸ਼ ਕੁਮਾਰ ਪਿਛਲੇ 25 ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪਟਿਆਲਾ ਦੇ 120 ਸਾਲ ਪੁਰਾਣੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਨੇ ਭੌਤਿਕ ਵਿਗਿਆਨ ਨੂੰ ਵਿਦਿਆਰਥੀਆਂ ਲਈ ਸੌਖਾ ਬਣਾਉਣ ਵਾਸਤੇ ਕੰਪਿਊਟਰ ਪ੍ਰੋਗਰਾਮਿੰਗ ਦੀ ਮਦਦ ਨਾਲ ਵਰਚੁਅਲ ਫਿਜ਼ਿਕਸ ਲੈਬ ਤਿਆਰ ਕੀਤੀ। ਇਸ ਰਾਹੀਂ ਲੈਬ ਵਿੱਚ ਉਪਕਰਨ ਉਪਲਬਧ ਨਾ ਹੋਣ ਦੇ ਬਾਵਜੂਦ ਵਿਦਿਆਰਥੀ ਕੰਪਿਊਟਰ ’ਤੇ ਪ੍ਰਯੋਗ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭੌਤਿਕ ਵਿਗਿਆਨ ਦੀ ਪੜ੍ਹਾਈ ਨੂੰ ਹੋਰ ਦਿਲਚਸਪ ਬਣਾਉਣ ਲਈ 100 ਤੋਂ ਵੱਧ ਸਿੱਖਿਆ ਸਮੱਗਰੀਆਂ ਵੀ ਤਿਆਰ ਕੀਤੀਆਂ ਹਨ। ਉਨ੍ਹਾਂ ਦੀ ਇਹ ਨਵੀਨਤਾਕਾਰੀ ਪਹੁੰਚ ਵਿਦਿਆਰਥੀਆਂ ਲਈ ਵਿਗਿਆਨ ਨੂੰ ਸਮਝਣ ਵਿੱਚ ਸਹਾਇਕ ਬਣੀ।
ਭੌਤਿਕ ਵਿਗਿਆਨ ਵਿੱਚ ਕਰ ਚੁੱਕੇ ਨੇ ਪੀਐੱਚ.ਡੀ.
ਡਾ. ਦਿਨੇਸ਼ ਕੁਮਾਰ ਭੌਤਿਕ ਵਿਗਿਆਨ ਵਿੱਚ ਪੀਐੱਚ.ਡੀ. ਕਰ ਚੁੱਕੇ ਹਨ। ਉਨ੍ਹਾਂ ਦੀ ਲੰਬੀ ਅਧਿਆਪਨ ਸੇਵਾ ਅਤੇ ਨਵੀਆਂ ਤਕਨੀਕਾਂ ਰਾਹੀਂ ਸਿੱਖਿਆ ਦੇਣ ਦੇ ਯਤਨਾਂ ਨੇ ਉਨ੍ਹਾਂ ਨੂੰ ਇਸ ਕੌਮੀ ਸਨਮਾਨ ਤੱਕ ਪਹੁੰਚਾਇਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡਾ. ਦਿਨੇਸ਼ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਵੀਨਤਾਕਾਰੀ ਅਧਿਆਪਨ ਵਿਧੀ ਨੇ ਅਨੇਕਾਂ ਵਿਦਿਆਰਥੀਆਂ ਲਈ ਭੌਤਿਕ ਵਿਗਿਆਨ ਨੂੰ ਅਸਾਨ ਬਣਾਇਆ ਹੈ।
ਆਪਣੀ ਇਸ ਉਪਲਬਧੀ ਅਤੇ ਚੋਣ ਪ੍ਰਕਿਰਿਆ ਬਾਰੇ ਅਧਿਆਪਕ ਦਿਨੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਬੱਚਿਆਂ ਦੇ ਉਜਵਲ ਭਵਿੱਖ ਲਈ ਕੰਮ ਕੀਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਅਤੇ ਅੱਗੇ ਵਧ ਕੇ ਦੇਸ਼-ਵਿਦੇਸ਼ ਵਿੱਚ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ।
“ਮੇਰੇ ਵੱਲੋਂ ਪੜ੍ਹਾਏ ਗਏ 60 ਤੋਂ ਵੱਧ ਵਿਦਿਆਰਥੀ ਦੇਸ਼-ਵਿਦੇਸ਼ ਦੇ ਪ੍ਰਸਿੱਧ ਸੰਸਥਾਨਾਂ ਵਿੱਚ ਅਹਿਮ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਮੇਰੇ ਕੋਲ ਅਜਿਹੇ ਬੱਚੇ ਹਨ ਜਿਹੜੇ ਇੰਜਨੀਅਰਿੰਗ, ਮੈਡੀਕਲ, ਫਾਰਮੇਸੀ ਅਤੇ ਫਿਜ਼ੀਓਥੈਰੇਪੀ ਵਰਗੇ ਕਾਲਜ਼ਾਂ ਵਿੱਚ ਪੜ੍ਹ ਰਹੇ ਹਨ। ਇਹ ਸਮੇਂ 15 ਅਜਿਹੇ ਵਿਦਿਆਰਥੀ ਵੀ ਹਨ ਜੋਕਿ ਇੰਜਨੀਅਰਿੰਗ ਕਾਲਜਾਂ ਵਿੱਚ ਪੜ੍ਹ ਕੇ ਹੁਣ ਆਪਣੇ ਵਧੀਆਂ ਕੰਮਾਂ ਉੱਤੇ ਲੱਗੇ ਹੋਏ ਹਨ।”–ਡਾ. ਦਿਨੇਸ਼ ਕੁਮਾਰ, ਅਧਿਆਪਕ
ਬੱਚਿਆਂ ਨੂੰ ਬਿਹਤਰ ਭਵਿੱਖ ਲਈ ਤਿਆਰ ਕਰਨਾ ਟੀਚਾ
ਉਨ੍ਹਾਂ ਨੇ ਕਿਹਾ ਕਿ “ਮੇਰਾ ਧਿਆਨ ਸਿਰਫ ਲੈਬ ਨਹੀਂ, ਸਗੋਂ 2-3 ਹੋਰ ਕੰਮਾਂ ਵੱਲ ਵੀ ਹੈ। ਮੇਰੇ 35 ਪੇਪਰ ਵੀ ਇੰਟਰਨੈਸ਼ਨਲ ਲੇਬਲ ਉੱਤੇ ਪਬਲਿਸ਼ ਹਨ। ਅਧਿਆਪਕ ਵਜੋਂ ਮੇਰਾ ਉਦੇਸ਼ ਸਿਰਫ਼ ਬੱਚਿਆਂ ਨੂੰ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਤਿਆਰ ਕਰਨਾ ਰਿਹਾ ਹੈ।”
ਕੰਪਿਊਟਰ ਦੀ ਕੋਡਿੰਗ ਦਾ ਗਿਆਨ
ਪ੍ਰੋਗਰਾਮਿੰਗ ਬਾਰੇ ਦੱਸਦਿਆਂ ਡਾ. ਦਿਨੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੰਪਿਊਟਰ ਦੀ ਕੋਡਿੰਗ ਕੀਤੀ ਗਈ ਹੈ। ਜਿਸ ਨੂੰ ਸਿੱਖਣ ਲਈ ਕੋਡਿੰਗ ਸਮਝ ਆਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ MSc Physics, MSc Computer Science, MPhil Physics, MPhil Computer Science, PhD Physics, BEd ਪਾਸ and UGC NET ਕਲੀਅਰ ਵੀ ਹਨ।
ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ “2012 ਦੇ ਉਹ ਸਾਇੰਸ ਮਾਸਟਰ ਤੋਂ ਲੈਕਚਰਾਰ ਲਈ ਪਰਮੋਟ ਹੋਏ ਸਨ। ਉਨ੍ਹਾਂ ਨੂੰ ਇਸ ਖੇਤਰ ਵਿੱਚ ਸੇਵਾ ਨਿਭਾਉਂਦਿਆਂ 14 ਸਾਲ ਹੋ ਗਏ ਹਨ। ਮੈਂ 2024-25 ਵਿੱਚ ਲੈਬ ਤਿਆਰ ਕੀਤੀ ਸੀ। ਇਸ ਸਾਲ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਨ੍ਹਾਂ ਨੂੰ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਸੀ।”
ਪਟਿਆਲਾ ਦੇ ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਗਰਗ ਨੇ ਦੱਸਿਆ ਕਿ “ਦਨੇਸ਼ ਕੁਮਾਰ 2016 ਤੋਂ ਇਸ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਰਹੇ ਹਨ। ਉਨ੍ਹਾਂ ਨੂੰ 2020 ਵਿੱਚ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ। 2022 ਵਿੱਚ ਪੰਜਾਬ ਦੇ ਬੈਸਟ ਅਧਿਆਪਕ ਐਵਾਰਡ ਨਾਲ ਨਿਵਾਜਿਆ ਗਿਆ ਅਤੇ 2023 ਵਿੱਚ ਬੈਸਟ ਸਾਇੰਸ ਅਧਿਆਪਕ ਐਵਾਰਡ ਵੀ ਮਿਲਿਆ। ਇਨ੍ਹਾਂ ਦੁਆਰਾ ਇੱਕ ਸਾਇੰਸ ਲੈਬ ਵੀ ਤਿਆਰ ਕੀਤੀ ਗਈ ਹੈ।”
ਚੰਡੀਗੜ੍ਹ ਦੇ ਅਧਿਆਪਕ ਰਵੀ ਜੈਸਵਾਲ ਨੇ ਕਿਵੇਂ ਬਦਲੀ ਸਕੂਲ ਦੀ ਨੁਹਾਰ ?
ਚੰਡੀਗੜ੍ਹ ਦੀ ਸਰਹੱਦ ‘ਤੇ ਸਥਿਤ ਗਵਰਨਮੈਂਟ ਮਾਡਲ ਹਾਈ ਸਕੂਲ, ਮਲੋਆ ਕਲੋਨੀ ਵਿੱਚ ਵੜਦਿਆਂ ਹੀ ਆਮ ਸਰਕਾਰੀ ਸਕੂਲਾਂ ਵਰਗਾ ਮਾਹੌਲ ਬਦਲਿਆ ਹੋਇਆ ਨਜ਼ਰ ਆਉਂਦਾ ਹੈ। ਪਿਛਲੇ 16 ਸਾਲਾਂ ਤੋਂ ਇਸ ਸਕੂਲ ਵਿੱਚ ਸੇਵਾ ਨਿਭਾ ਰਹੇ ਟੀ.ਜੀ.ਟੀ. ਸਾਇੰਸ (ਨਾਨ-ਮੈਡੀਕਲ) ਅਧਿਆਪਕ ਰਵੀ ਕੁਮਾਰ ਜੈਸਵਾਲ ਨੇ ਆਪਣੀ ਅਣਥੱਕ ਮਿਹਨਤ ਅਤੇ ਨਵੀਂ ਸੋਚ ਸਦਕਾ ਪੂਰੇ ਸਕੂਲ ਨੂੰ ਇੱਕ ਹਾਈਟੈਕ ‘ਸਾਇੰਸ ਸਿਟੀ’ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਦੀ ਇਸੇ ਬੇਮਿਸਾਲ ਕਾਮਯਾਬੀ ਸਦਕਾ ਉਨ੍ਹਾਂ ਨੂੰ ਸਾਲ 2026 ਦੇ ਵੱਕਾਰੀ ‘ਨੈਸ਼ਨਲ ਟੀਚਰ ਅਵਾਰਡ’ ਲਈ ਚੁਣਿਆ ਗਿਆ ਸੀ।
“ਸੋਚਿਆ ਕਿਉਂ ਨਾ ਸਕੂਲ ਨੂੰ ਹੀ ਸਾਇੰਸ ਸਿਟੀ ਬਣਾ ਦਿੱਤਾ ਜਾਵੇ“
‘ਈਟੀਵੀ ਭਾਰਤ’ ਨਾਲ ਇੱਕ ਖ਼ਾਸ ਮੁਲਾਕਾਤ ਦੌਰਾਨ ਰਵੀ ਕੁਮਾਰ ਜੈਸਵਾਲ ਨੇ ਆਪਣੀ ਇਸ ਸੋਚ ਦੇ ਪਿੱਛੇ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ, “ਅਸੀਂ ਹਰ ਸਾਲ ਆਪਣੇ ਸਕੂਲ ਦੇ ਬੱਚਿਆਂ ਨੂੰ ਵਿਗਿਆਨਕ ਟੂਰ ‘ਤੇ ਕਪੂਰਥਲਾ ਸਾਇੰਸ ਸਿਟੀ ਲੈ ਕੇ ਜਾਂਦੇ ਸੀ। ਉੱਥੇ ਬੱਚੇ 3D ਸ਼ੋਅ ਅਤੇ ਵਿਗਿਆਨ ਦੇ ਵਰਕਿੰਗ ਮਾਡਲ ਦੇਖ ਕੇ ਬਹੁਤ ਉਤਸ਼ਾਹਿਤ ਹੁੰਦੇ ਸਨ। ਪਰ ਇਹ ਟੂਰ ਸਾਲ ਵਿੱਚ ਸਿਰਫ਼ ਇੱਕ ਵਾਰ ਹੁੰਦਾ ਸੀ ਅਤੇ ਕਈ ਲੋੜਵੰਦ ਬੱਚੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਜਾਣੋਂ ਰਹਿ ਜਾਂਦੇ ਸਨ। ਉਦੋਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਅਸੀਂ ਆਪਣੇ ਸਕੂਲ ਦੇ ਅੰਦਰ ਹੀ ਅਜਿਹੀ ‘ਸਾਇੰਸ ਸਿਟੀ‘ ਖੜ੍ਹੀ ਕਰ ਦੇਈਏ, ਤਾਂ ਜੋ ਇਨ੍ਹਾਂ ਆਰਥਿਕ ਤੌਰ ‘ਤੇ ਕਮਜ਼ੋਰ ਬੱਚਿਆਂ ਨੂੰ ਹਰ ਰੋਜ਼ ਪ੍ਰੈਕਟੀਕਲ ਤਰੀਕੇ ਨਾਲ ਸਿੱਖਣ ਦਾ ਮੌਕਾ ਮਿਲੇ।”
‘ਕਬਾੜ ਤੋਂ ਬਣੇ ਵਿਗਿਆਨ ਦੇ ਚਮਤਕਾਰ‘
ਸਕੂਲ ਦਾ ਦੌਰਾ ਕਰਨ ‘ਤੇ ਰਵੀ ਜੈਸਵਾਲ ਦੀਆਂ ਇਹ ਵਿਲੱਖਣ ਕਾਢਾਂ ਵੇਖਣ ਨੂੰ ਮਿਲਦੀਆਂ ਹਨ। ਸੀ.ਵੀ. ਰਮਨ ਡੋਮ ਥੀਏਟਰ ਕਪੂਰਥਲਾ ਸਾਇੰਸ ਸਿਟੀ ਦੀ ਤਰਜ਼ ‘ਤੇ ਸਕੂਲ ਦੇ ਹਾਲ ਵਿੱਚ ਹੀ ਟਿਨ ਅਤੇ ਥਰਮੋਕੋਲ ਦੀ ਮਦਦ ਨਾਲ ਇੱਕ 3D ਡੋਮ ਥੀਏਟਰ ਤਿਆਰ ਕੀਤਾ ਗਿਆ ਹੈ। ਇਸ ਵਿੱਚ 25-30 ਬੱਚੇ ਇੱਕੋ ਸਮੇਂ ਬੈਠ ਕੇ ਸਪੇਸ ਸਫ਼ਰ ਅਤੇ ਬਾਇਓਲੋਜੀ ਦੀ 3D ਸਟੱਡੀ ਕਰਦੇ ਹਨ। ਇਸ ਸ਼ਾਨਦਾਰ ਮਾਡਲ ਨੂੰ ਸਮਗਰ ਸਿੱਖਿਆ ਵੱਲੋਂ ਸ਼ਹਿਰ ਦੇ 6 ਹੋਰ ਸਰਕਾਰੀ ਸਕੂਲਾਂ ਵਿੱਚ ਵੀ ਲਾਗੂ ਕੀਤਾ ਗਿਆ ਹੈ।
ਲੈਬ–ਆਨ–ਕਾਰਟ (ਮੋਬਾਈਲ ਲੈਬ)
ਪੁਰਾਣੇ ਬੈਂਚਾਂ ਅਤੇ ਕਬਾੜ ਦੇ ਲੋਹੇ ਨਾਲ ਬਣਾਈ ਗਈ ਇਹ ਮੋਬਾਈਲ ਲੈਬ ਮਾਈਕ੍ਰੋਸਕੋਪ, ਸਰਕਟ ਅਤੇ ਕੈਮੀਕਲ ਵਰਗੀਆਂ ਚੀਜ਼ਾਂ ਸਿੱਧੇ ਬੱਚਿਆਂ ਦੇ ਡੈਸਕ ਤੱਕ ਪਹੁੰਚਾਉਂਦੀ ਹੈ। ਸਕੂਲ ਵਿੱਚ ਐਬੇਕਸ, ਇੰਟੀਜਰ ਨੰਬਰ ਲਾਈਨ ਅਤੇ ‘ਸਕੁਏਅਰ ਰੂਟ ਸਪਾਇਰਲ’ ਵਰਗੇ ਮਾਡਲ ਵੀ ਲਗਾਏ ਗਏ ਹਨ।
ਵੈਦਰ ਸਟੇਸ਼ਨ ਅਤੇ ਨੌਲੇਜ ਪਾਰਕ
ਸਕੂਲ ਦੀ ਗਰਾਊਂਡ ਵਿੱਚ ਇੱਕ ਸਵਦੇਸ਼ੀ ਵੇਦਰ ਸਟੇਸ਼ਨ ਬਣਾਇਆ ਗਿਆ ਹੈ, ਜਿੱਥੇ ਬੱਚੇ ਰੇਨ ਗੇਜ, ਵਿੰਡ ਵੇਨ ਅਤੇ ਬੈਰੋਮੀਟਰ ਦੀ ਮਦਦ ਨਾਲ ਖੁਦ ਮੌਸਮ ਦੀ ਰੀਡਿੰਗ ਲੈਂਦੇ ਹਨ। ਇਸ ਦੇ ਨਾਲ ਹੀ ਨੌਲੇਜ ਪਾਰਕ ਵਿੱਚ ਸੀ-ਸਾ ਵਾਟਰ ਪੰਪ, ਸੋਲਰ ਵਾਟਰ ਹੀਟਰ, ਹੈਮਸਟਰ ਐਨਰਜੀ ਵ੍ਹੀਲ, ਸਿੰਪਥੈਟਿਕ ਸਵਿੰਗ ਅਤੇ ਆਰਕੀਮੀਡੀਜ਼ ਸਕਰੂ ਵਰਗੇ ਵਰਕਿੰਗ ਮਾਡਲ ਖਿੱਚ ਦਾ ਕੇਂਦਰ ਹਨ।
ਡਿਜੀਟਲ ਯੋਗਦਾਨ
ਉਨ੍ਹਾਂ ਨੇ ਦੀਕਸ਼ਾ ਪੋਰਟਲ ‘ਤੇ 149 ਤੋਂ ਵੱਧ ਲਰਨਿੰਗ ਮੋਡੀਊਲ ਅਪਲੋਡ ਕੀਤੇ ਹਨ ਅਤੇ ‘PM e-Vidya’ ਲਈ ਵੀਡੀਓ ਲੈਸਨ ਰਿਕਾਰਡ ਕੀਤੇ ਹਨ। NCERT ਦੀਆਂ ਕਿਤਾਬਾਂ ਵਿੱਚ QR ਕੋਡ ਜੋੜਨ, ‘ਐਕਸਪਲੋਰ ਸਾਇੰਸ ਬਿਹਾਈਂਡ ਦਿਸ’ ਕਿਤਾਬ ਲਿਖਣ ਅਤੇ ‘ਹਰਸ਼ਿਤ’ ਕਾਰਟੂਨ ਮੈਗਜ਼ੀਨ ਦੇ ਕੋ-ਡਿਵੈਲਪਰ ਵਜੋਂ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਰਵੀ ਜੈਸਵਾਲ ਦੇ ਮਾਰਗਦਰਸ਼ਨ ਸਦਕਾ ਇਸ ਪਛੜੇ ਖੇਤਰ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰੀਆਂ ਹਨ: ਜਪਾਨ, ਇਸਰੋ ਅਤੇ ਰਾਸ਼ਟਰਪਤੀ ਭਵਨ ਤੱਕ ਪਹੁੰਚੇ ਸਕੂਲ ਦੇ ਬੱਚੇ…
- ਜਪਾਨ ਦੀ ਯਾਤਰਾ: INSPIRE ਅਵਾਰਡੀ ਵਿਦਿਆਰਥਣ ‘ਸਨੇਹਾ’ ਨੇ ਜਪਾਨ ਵਿੱਚ ਹੋਏ ‘ਸਕੁਰਾ ਸਾਇੰਸ ਪ੍ਰੋਗਰਾਮ 2025’ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
- ਇਸਰੋ ‘ਚ ਚੋਣ: ਵਿਦਿਆਰਥੀ ‘ਅਭਿਸ਼ੇਕ ਮਹਿਤੋ’ ਦੀ ਚੋਣ ਇਸਰੋ (ISRO) ਦੇ ‘ਯੁਵਿਕਾ’ ਪ੍ਰੋਗਰਾਮ (ਅਹਿਮਦਾਬਾਦ) ਲਈ ਹੋਈ।
- ਰਾਸ਼ਟਰਪਤੀ ਭਵਨ ਤੋਂ ਸੱਦਾ: ਸਟੇਟ ਅਵਾਰਡੀ ਵਿਦਿਆਰਥੀ ‘ਪਵਨ ਕੁਮਾਰ’ ਨੂੰ ਰਾਸ਼ਟਰਪਤੀ ਭਵਨ ਵੱਲੋਂ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਖਾਸ ਸੱਦਾ ਮਿਲੇਗਾ।
- ਇੰਨਾ ਹੀ ਨਹੀਂ ਸਕੂਲ ਨੇ ਵਿਗਿਆਨ ਦੇ ਖੇਤਰ ਵਿੱਚ 20 ਤੋਂ ਵੱਧ ਰਾਸ਼ਟਰੀ ਪੁਰਸਕਾਰ ਜਿੱਤੇ ਹਨ ਅਤੇ ਸਾਲ 2014, 2015, 2017, 2018, 2021 ਅਤੇ 2022 ਵਿੱਚ ਛੇ ਵਾਰ ਰਾਜ ਪੱਧਰੀ ‘ਓਵਰਆਲ ਬੈਸਟ ਸਕੂਲ ਟਰਾਫ਼ੀ’ ਜਿੱਤ ਕੇ ਇਤਿਹਾਸ ਰਚਿਆ ਹੈ
ETV BHARAT