ਚੰਨੀ ਦੇ ਭਰਾ ਨੇ ਕਾਂਗਰਸੀ ਆਗੂ ਅਮਨਦੀਪ ਢੋਲੇਵਾਲ ਨੂੰ ਭੇਜਿਆ ਮਾਣਹਾਨੀ ਦਾ ਲੀਗਲ ਨੋਟਿਸ
ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਹਲਕਾ ਬੱਸੀ ਪਠਾਣਾ ਤੋਂ ਕਾਂਗਰਸੀ ਮਹਿਲਾ ਆਗੂ ਅਮਨਦੀਪ ਢੋਲੇਵਾਲ ਨੂੰ ਮਾਣਹਾਨੀ ਦਾ ਲੀਗਲ ਨੋਟਿਸ ਭੇਜਿਆ।
07 ਸਤੰਬਰ, 2026 – ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਉਸ ਸਮੇਂ ਤੇਜ਼ ਹੋ ਗਿਆ ਪੰਜਾਬ ਕਾਂਗਰਸ ਅੰਦਰ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਧੜਿਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਬੱਸੀ ਪਠਾਣਾ ਤੋਂ ਚੋਣ ਦਾਅਵੇਦਾਰੀ ਪੇਸ਼ ਕਰ ਰਹੇ ਡਾ. ਮਨੋਹਰ ਸਿੰਘ ਵੱਲੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ-ਕਨਵੀਨਰ ਅਮਨਦੀਪ ਕੌਰ ਢੋਲੇਵਾਲ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਸ ਕਾਨੂੰਨੀ ਨੋਟਿਸ ਕਾਰਨ ਬੱਸੀ ਪਠਾਣਾ ਹਲਕੇ ਦੀ ਸਿਆਸਤ ਵਿੱਚ ਸ਼ਬਦੀ ਜੰਗ ਹੋਰ ਤਿੱਖੀ ਹੋ ਗਈ ਹੈ।
‘ਡਾ. ਮਨੋਹਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਹੀ ਨਹੀਂ‘
ਇਹ ਕਾਰਵਾਈ ਅਮਨਦੀਪ ਕੌਰ ਢੋਲੇਵਾਲ ਵੱਲੋਂ ਦਿੱਤੇ ਉਸ ਜਨਤਕ ਬਿਆਨ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਕਥਿਤ ਤੌਰ ’ਤੇ ਦਾਅਵਾ ਕੀਤਾ ਸੀ ਕਿ ਡਾ. ਮਨੋਹਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਹੀ ਨਹੀਂ ਹਨ। ਇਸ ਬਿਆਨ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਡਾ. ਮਨੋਹਰ ਸਿੰਘ ਦੇ ਵਕੀਲ ਐਡਵੋਕੇਟ ਨਰਿੰਦਰਜੀਤ ਸਿੰਘ ਤੂਰ ਨੇ ਕਾਨੂੰਨੀ ਨੋਟਿਸ ਜਾਰੀ ਕਰਕੇ ਇਲਜ਼ਾਮ ਲਗਾਇਆ ਹੈ। ਇਸ ਤਰ੍ਹਾਂ ਦੇ ਬਿਆਨ ਨਾਲ ਡਾ. ਮਨੋਹਰ ਸਿੰਘ ਦੀ ਸਮਾਜਿਕ ਅਤੇ ਰਾਜਨੀਤਿਕ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨੋਟਿਸ ਰਾਹੀਂ ਅਮਨਦੀਪ ਕੌਰ ਢੋਲੇਵਾਲ ਨੂੰ 7 ਦਿਨਾਂ ਦੇ ਅੰਦਰ ਆਪਣਾ ਬਿਆਨ ਵਾਪਸ ਲੈਣ, ਖੇਦ ਪ੍ਰਗਟਾਉਣ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ।
ਐਡਵੋਕੇਟ ਤੂਰ ਨੇ ਦੱਸਿਆ ਕਿ “14 ਮਈ 2024 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ ਇੱਕ ਪੋਸਟ ਜਾਰੀ ਹੋਈ ਸੀ। ਜਿਸ ਵਿੱਚ ਤਤਕਾਲੀ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਡਾ. ਮਨੋਹਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਦਾ ਜ਼ਿਕਰ ਸੀ। ਇਸ ਤੋਂ ਇਲਾਵਾ 29 ਅਗਸਤ 2024 ਦੀ ਪਾਰਟੀ ਮੈਂਬਰਸ਼ਿਪ ਫੀਸ ਜਮ੍ਹਾਂ ਕਰਵਾਉਣ ਦੀ ਰਸੀਦ ਵੀ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਹੈ।”
ਡਾ. ਮਨੋਹਰ ਸਿੰਘ ਦਾ ਪਿਛੋਕੜ
ਡਾ. ਮਨੋਹਰ ਸਿੰਘ (ਸਾਬਕਾ ਸੀਨੀਅਰ ਮੈਡੀਕਲ ਅਫ਼ਸਰ) ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਕਾਰਨ ਬੱਸੀ ਪਠਾਣਾਂ ਹਲਕੇ ਤੋਂ ਆਜ਼ਾਦ ਚੋਣ ਲੜੇ ਸਨ। ਹਾਲਾਂਕਿ, ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਦਿੱਲੀ ਵਿਖੇ ਰਸਮੀ ਤੌਰ ‘ਤੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਦੇ ਅੰਦਰੂਨੀ ਵਿਵਾਦ ਉਸ ਸਮੇਂ ਵੀ ਸਾਹਮਣੇ ਆਏ ਸਨ ਜਦੋਂ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਸਮੀਖਿਆ ਦੌਰਾਨ ਕੁਝ ਅਹਿਮ ਜਥੇਬੰਦਕ ਮੀਟਿੰਗਾਂ ਵਿੱਚੋਂ ਡਾ. ਮਨੋਹਰ ਸਿੰਘ ਨੂੰ ਇਹ ਕਹਿ ਕੇ ਦੂਰ ਰੱਖਿਆ ਗਿਆ ਸੀ ਕਿ ਉਹ ਅਜੇ ਪਾਰਟੀ ਸੰਗਠਨ ਦਾ ਹਿੱਸਾ ਨਹੀਂ ਹਨ।
ਇਸ ਤਾਜ਼ਾ ਘਟਨਾਕ੍ਰਮ ਨੇ ਸੂਬੇ ਦੇ ਲੀਡਰਾਂ ਅਤੇ ਵਰਕਰਾਂ ਵਿਚਾਲੇ ਆਪਸੀ ਖਿੱਚੋਤਾਣ ਨੂੰ ਜਨਤਕ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਕਾਂਗਰਸ ਦੇ ਉੱਚ ਲੀਡਰਾਂ ਲਈ ਇਸ ਧੜੇਬੰਦੀ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।
ETV BHARAT