ਨਿਯਮਾਂ ਅਨੁਸਾਰ ਤਨਖ਼ਾਹ ਤੇ ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ; ਦਫ਼ਤਰ ਦਾ ਗੇਟ ਬੰਦ ਕੀਤਾ
16 ਸਤੰਬਰ, 2026 – SAS Nagar Mohali : ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੂਬੇ ਵਿੱਚੋਂ ਆਏ ਮੁਲਾਜ਼ਮਾਂ ਨੇ ਅੱਜ ਇਥੇ ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ਅਤੇ ਪੰਜਾਬ ਸਰਕਾਰ ਤੇ ਕਿਰਤ ਕਮਿਸ਼ਨਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਕੋਲ ਜਦੋਂ ਦੋ ਘੰਟੇ ਕੋਈ ਵੀ ਅਧਿਕਾਰੀ ਗੱਲ ਕਰਨ ਜਾਂ ਮੰਗ ਪੱਤਰ ਲੈਣ ਨਾ ਪਹੁੰਚਿਆ ਤਾਂ ਧਰਨਾਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ। ਇਸ ਮਗਰੋਂ ਡਿਪਟੀ ਲੇਬਰ ਕਮਿਸ਼ਨਰ ਬਲਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਮੁਲਾਜ਼ਮਾਂ ਤੋਂ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜਲਦੀ ਹੀ ਘੱਟੋ-ਘੱਟ ਉਜ਼ਰਤਾਂ ਅਤੇ ਕਿਰਤ ਕਾਨੂੰਨ ਲਾਗੂ ਕਰਵਾਏ ਜਾਣਗੇ, ਜਿਸ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਗੇਟ ਖੋਲ੍ਹ ਕੇ ਧਰਨਾ ਸਮਾਪਤ ਕਰ ਦਿੱਤਾ।
ਯੂਨੀਅਨ ਨੇ ਮੰਗ ਕੀਤੀ ਕਿ ਗ੍ਰੈਜੂਏਟ ਮੁਲਾਜ਼ਮਾਂ ਨੂੰ ਮੌਜੂਦਾ ਸਮੇਂ ਸਿਰਫ਼ 14,000 ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ, ਜਦੋਂ ਕਿ ਨਿਯਮਾਂ ਤਹਿਤ ਘੱਟੋ-ਘੱਟ ਤਨਖ਼ਾਹ 17, 500 ਰੁਪਏ ਬਣਦੀ ਹੈ, ਜੋ ਤੁਰੰਤ ਲਾਗੂ ਕੀਤੀ ਜਾਵੇ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਵੱਲੋਂ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਬਿਨਾਂ ਕੋਈ ਓਵਰ ਟਾਈਮ ਪੇਅ ਦੇਣ ਦੇ 9-9 ਘੰਟੇ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਸਕਿਉਰਿਟੀ ਗਾਰਡਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ, ਬੋਨਸ ਅਤੇ ਬਣਦੀਆਂ ਛੁੱਟੀਆਂ ਦੇਣ ਤੋਂ ਇਨਕਾਰ ਕਰਨ ਵਰਗੀਆਂ ਮੰਗਾਂ ਵੀ ਉਭਾਰੀਆਂ।
ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦੀ ਇਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਏਟਕ ਇਸ ਸੰਘਰਸ਼ ਨੂੰ ਖ਼ੁਦ ਅੱਗੇ ਹੋ ਕੇ ਲੜੇਗੀ।
ਪੰਜਾਬ ਏਟਕ ਦੇ ਸੂਬਾ ਮੀਤ ਪ੍ਰਧਾਨ ਵਿਨੋਦ ਚੁੱਘ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਕਿਰਤ ਕਮਿਸ਼ਨਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇ ਇਸ ਸਮੇਂ ਤੱਕ ਘੱਟੋ-ਘੱਟ ਉਜ਼ਰਤਾਂ ਅਤੇ ਕਿਰਤ ਕਾਨੂੰਨ ਲਾਗੂ ਨਹੀਂ ਕੀਤੇ ਗਏ ਤਾਂ 2 ਅਕਤੂਬਰ ਤੋਂ ਬਾਅਦ ਪੰਜਾਬ ਭਰ ਵਿੱਚ ਕਿਰਤ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਸਾੜੇ ਜਾਣਗੇ।
ਯੂਨੀਅਨ ਆਗੂਆਂ ਪ੍ਰਧਾਨ ਬਲਜਿੰਦਰ ਸਿੰਘ ਮਾਝਾ, ਜਨਰਲ ਸਕੱਤਰ ਗੁਰਸੇਵਕ ਸਿੰਘ, ਉਪ ਪ੍ਰਧਾਨ ਮੋਹਿਨੀ ਸ਼ਰਮਾ ਅਤੇ ਕੁਲਵਿੰਦਰ ਸਿੰਘ ਮਲੇਰਕੋਟਲਾ ਨੇ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪੂਰੇ ਪੰਜਾਬ ਦੇ ਸਮੂਹ ਸੇਵਾ ਕੇਂਦਰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੇ ਜਾਣਗੇ ਅਤੇ ਮੁਹਾਲੀ ਵਿਖੇ ਕਿਰਤ ਕਮਿਸ਼ਨਰ ਦਫ਼ਤਰ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ।
ਪੰਜਾਬੀ ਟ੍ਰਿਬਯੂਨ