ਸਤਲੁਜ ਦਰਿਆ ’ਚ ਵਰ੍ਹਿਆਂ ਤੋਂ ਹੋ ਰਿਹਾ ਨਾਜਾਇਜ਼ ਖਣਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਦਰਿਆ ਦੀ ਸਫ਼ਾਈ ਬਹਾਨੇ ਖਣਨ ਦੇ ਨਵੇਂ ਤੌਰ-ਤਰੀਕੇ ਅਪਣਾਉਣ ’ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ…
21 ਸਤੰਬਰ, 2026 – ਜਗਰਾਓਂ : ਸਤਲੁਜ ਦਰਿਆ ’ਚ ਵਰ੍ਹਿਆਂ ਤੋਂ ਹੋ ਰਿਹਾ ਨਾਜਾਇਜ਼ ਖਣਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਦਰਿਆ ਦੀ ਸਫ਼ਾਈ ਬਹਾਨੇ ਖਣਨ ਦੇ ਨਵੇਂ ਤੌਰ-ਤਰੀਕੇ ਅਪਣਾਉਣ ’ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਵੇਰਵਿਆਂ ਮੁਤਾਬਕ ਨੇੜਲੇ ਪਿੰਡ ਮੱਧੇਪੁਰ ਦੇ ਵਸਨੀਕ ਹਜ਼ਾਰਾ ਸਿੰਘ ਨੇ ਕੰਪਨੀ ਦੀਆਂ ਗਤੀਵਿਧੀਆਂ ਖ਼ਿਲਾਫ਼ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਕਮ ਵੀ ਜਾਰੀ ਕੀਤੇ ਸਨ ਪਰ ਕੰਪਨੀ ਨੇ ਸਾਰੇ ਹੁਕਮ ਛਿੱਕੇ ਟੰਗਦਿਆਂ ਦਰਿਆ ’ਚ ਬੰਨ੍ਹ ਮਾਰ ਕੇ ਆਪਣੀ ਕਾਰਵਾਈ ਜਾਰੀ ਰੱਖੀ।
ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਪ੍ਰਾਈਵੇਟ ਕੰਪਨੀ ਐਮ ਕੇ ਸੀ ਸਤਲੁਜ ਦਰਿਆ ਦੀ ਸਫ਼ਾਈ ਕਰਨ ਲੱਗੀ ਹੋਈ ਹੈ। ਹਾਲਾਂਕਿ ਬਾਰਿਸ਼ਾਂ ਦੇ ਦਿਨ ਹੋਣ ਕਾਰਨ ਤਿੰਨ ਮਹੀਨੇ ਲਈ ਖਣਨ ਅਤੇ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਹਜ਼ਾਰਾ ਸਿੰਘ ਵੱਲੋਂ ਹਾਈ ਕੋਰਟ ’ਚ ਸ਼ਿਕਾਇਤ ਦਾਇਰ ਕਰ ਕੇ ਸਫ਼ਾਈ ਦਾ ਕੰਮ ਕਰਨ ਵਾਲੀ ਕੰਪਨੀ ਤੋਂ ਇਸ ਬਾਰੇ ਕੁਝ ਜ਼ਰੂਰੀ ਦਸਤਾਵੇਜ਼ ਮੰਗੇ ਗਏ ਸਨ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਦਾਲਤ ਨੇ ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਉਤੇ 30 ਸਤੰਬਰ 2026 ਤੱਕ ਰੋਕ ਲਾ ਦਿੱਤੀ ਸੀ। ਫਿਰ ਵੀ ਕੰਪਨੀ ਬਿਨਾਂ ਕਿਸੇ ਰੋਕ-ਟੋਕ ਅਤੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕੰਮ ਕਰ ਰਹੀ ਹੈ।
ਦਰਿਆ ਉਪਰ ਜਲੰਧਰ-ਜਗਰਾਉਂ ਨੂੰ ਜੋੜਨ ਲਈ ਬਣੇ ਪੁਲ ਦੇ ਹੇਠਾਂ ਥਮਲਿਆਂ ਦੇ ਨਜ਼ਦੀਕ ਕੰਪਨੀ ਨੇ ਆਪਣੀ ਮਰਜ਼ੀ ਨਾਲ ਹੀ ਵੱਡੇ ਸੀਮਿੰਟ ਦੇ ਪਾਈਪਾਂ ਨਾਲ ਬੰਨ੍ਹ ਮਾਰ ਦਿੱਤਾ ਹੈ ਅਤੇ ਪਾਣੀ ਦੇ ਵਹਾਅ ਨੂੰ ਰੋਕ ਕੇ ਖਣਨ ਕੀਤੀ ਜਾ ਰਹੀ ਹੈ। ਪਾਣੀ ਦੇ ਵਹਾਅ ਨੂੰ ਰੋਕਣ ਨਾਲ ਦਰਿਆ ਕੰਢੇ ਵਸਦੇ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ। ਸਫ਼ਾਈ ਕਰਨ ਦੇ ਨਾਂ ਉਤੇ ਕੰਪਨੀ ਨੇ ਆਪਣੇ ਵਾਹਨਾਂ ਨੂੰ ਲੰਘਾਉਣ ਲਈ ਇੱਕ ਵੱਖਰਾ ਰਸਤਾ ਤਿਆਰ ਕਰ ਲਿਆ ਹੈ। ਕੰਪਨੀ ਵੱਲੋਂ ਬਣਾਇਆ ਗਿਆ ਆਰਜ਼ੀ ਪੁਲ ਜਗਰਾਉਂ-ਜਲੰਧਰ ਮੁੱਖ ਪੁਲ ਦੇ ਹੇਠਾਂ ਹੈ।
ਇਸ ਆਰਜ਼ੀ ਪੁਲ ਨਾਲ ਪਾਣੀ ਦਾ ਵਹਾਅ ਵਧੇਗਾ ਤੇ ਮੁੱਖ ਪੁਲ ਦੀ ਹੋਂਦ ਲਈ ਖਤਰਾ ਪੈਦਾ ਹੋਵੇਗਾ। ਇਸ ਆਰਜ਼ੀ ਪੁਲ ਕਾਰਨ ਧੁੱਸੀ ਬੰਨ੍ਹ ਵੀ ਖਤਰੇ ’ਚ ਹੈ। ਜਦੋਂ ਆਲੇ-ਦੁਆਲੇ ਵਸਦੇ ਲੋਕਾਂ ਦੇ ਸੱਦੇ ’ਤੇ ਪੱਤਰਕਾਰਾਂ ਦੀ ਟੀਮ ਦਰਿਆ ’ਤੇ ਪੁੱਜੀ ਤਾਂ ਉੱਥੇ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਹਾਜ਼ਰ ਨਹੀਂ ਸੀ। ਸਿਰਫ਼ ਕੰਪਨੀ ਦੇ ਕਾਮੇ ਪਾਣੀ ਦਾ ਵਹਾਅ ਰੋਕ ਕੇ ਮਸ਼ੀਨਾਂ ਅਤੇ ਖਣਨ ਲਈ ਲੋੜੀਂਦੀਆਂ ਮਸ਼ੀਨਾਂ ਨਾਲ ਆਪਣਾ ਕੰਮ ਕਰ ਰਹੇ ਸਨ। ਆਲੇ ਦੁਆਲੇ ਦੇ ਲੋਕਾਂ ਨੇ ਆਖਿਆ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਜਦੋਂ ਇਸ ਸਬੰਧੀ ਵਿਭਾਗ ਦੇ ਐੱਸ ਡੀ ਓ ਨਾਲ ਫੋਨ ’ਤੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਦਰਿਆ ਦੇ ਨਾਲ ਵਸਦੇ ਪਿੰਡਾਂ ਦੇ ਲੋਕਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਸਮੇਂ ਸਿਰ ਵਿਭਾਗ ਕਾਰਵਾਈ ਨਹੀਂ ਕਰਦਾ ਤਾਂ ਧੁੱਸੀ ਬੰਨ੍ਹ ਅਤੇ ਦਰਿਆ ’ਤੇ ਬਣੇ ਪੁਲ ਦਾ ਨੁਕਸਾਨ ਹੋ ਸਕਦਾ ਹੈ।
ਪੰਜਾਬੀ ਟ੍ਰਿਬਯੂਨ