ਇਲਾਕੇ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਆ ਰਿਹਾ ਹੈ ਅਤੇ ਗਲੀਆਂ ਨੱਕੋ–ਨੱਕ ਗੰਦੇ ਨਾਲੇ ਦੇ ਪਾਣੀ ਨਾਲ ਭਰ ਰਹੀਆਂ ਹਨ।
07 ਅਕਤੂਬਰ, 2026 – ਲੁਧਿਆਣਾ: ਸ਼ਹਿਰ ਦੇ ਧਰਮਪੁਰਾ ਅਤੇ ਢੋਕਾ ਮਹੱਲੇ ਦੇ ਵਸਨੀਕ ਇਨੀ ਦਿਨੀਂ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ। ਇਲਾਕੇ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਆ ਰਿਹਾ ਹੈ ਅਤੇ ਗਲੀਆਂ ਨੱਕੋ-ਨੱਕ ਗੰਦੇ ਨਾਲੇ ਦੇ ਪਾਣੀ ਨਾਲ ਭਰ ਜਾਂਦੀਆਂ ਹਨ। ਇਸ ਦਾ ਕਾਰਨ ਬੁੱਢੇ ਨਾਲੇ ਦੇ ਉੱਪਰ ਬਣਾਈ ਜਾ ਰਹੀ ਸੜਕ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਅੱਗੇ ਨਹੀਂ ਹੋ ਪਾ ਰਹੀ ਹੈ ਅਤੇ ਸੀਵਰੇਜ ਓਵਰਫਲੋ ਹੋ ਰਿਹਾ ਹੈ। ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ। ਇਸ ਦੀਆਂ ਕੁਝ ਤਸਵੀਰਾਂ ਵੀ ਸਥਾਨਕ ਲੋਕਾਂ ਨੇ ਸਾਡੀ ਟੀਮ ਨਾਲ ਸਾਂਝੀਆਂ ਕੀਤੀਆਂ।
ਨਰਕ ਭਰੇ ਹਾਲਾਤ ਤੋਂ ਲੋਕ ਪਰੇਸ਼ਾਨ
ਹਾਲਾਤ ਦਾ ਜਾਇਜ਼ਾ ਲੈਣ ਲਈ ਸਾਡੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ “ਪਿਛਲੇ ਦੋ ਤਿੰਨ ਮਹੀਨਿਆਂ ਤੋਂ ਇੱਥੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਘਰਾਂ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਦਾਖਲ ਹੋ ਜਾਂਦਾ। ਨਗਰ ਨਿਗਮ ਦੇ ਵਿੱਚ ਕੱਲ ਜਦੋਂ ਹੰਗਾਮਾ ਹੋਇਆ ਧਰਨੇ ਪ੍ਰਦਰਸ਼ਨ ਹੋਏ ਉਸ ਤੋਂ ਬਾਅਦ ਅੱਜ ਸਵੇਰੇ ਮਸ਼ੀਨਾਂ ਲਿਆ ਕੇ ਕੁਝ ਕੰਮ ਜ਼ਰੂਰ ਕੀਤਾ ਹੈ ਪਰ ਕੁਝ ਦਿਨ ਬਾਅਦ ਮੁੜ ਤੋਂ ਪਾਣੀ ਇਕੱਠਾ ਹੋ ਜਾਵੇਗਾ ਅਤੇ ਵਾਪਸ ਗਲੀ ਦੇ ਵਿੱਚ ਵੜ ਜਾਵੇਗਾ। ਅਸੀਂ ਆਪਣੇ ਘਰਾਂ ਦੇ ਅੱਗੇ ਬੰਨ ਲਾਉਣ ਨੂੰ ਮਜਬੂਰ ਹੋ ਗਏ ਹਾਂ। ਇੱਟਾਂ ਦੀਆਂ ਕੰਧਾਂ ਬਣਾ ਕੇ ਘਰ ਦੇ ਅੱਗੇ ਖੜੀਆਂ ਕੀਤੀਆਂ ਨੇ ਤਾਂ ਜੋ ਪਾਣੀ ਅੰਦਰ ਦਾਖਲ ਨਾ ਹੋ ਸਕੇ।”
“ਸਾਡਾ ਜਿਉਣਾ ਮੁਸ਼ਕਿਲ ਹੋ ਚੁੱਕਿਆ ਹੈ। ਸਾਡੇ ਬੱਚੇ ਬਿਮਾਰ ਹੋ ਰਹੇ ਹਨ। ਸਾਨੂੰ ਨਿੱਤ ਗੰਦਗੀ ਕਾਰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਘਰ ਵੀ ਨੀਂ ਛੱਡ ਸਕਦੇ ਕਿਉਂਕਿ 40 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ। ਅੱਜ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਸਾਡੇ ਘਰ ਵਿੱਚ ਗੰਦਗੀ ਵਾਲਾ ਪਾਣੀ ਆ ਰਿਹਾ ਹੈ। ਸਰਕਾਰ ਕੁਝ ਨਹੀਂ ਕਰ ਰਹੀ। ਲੀਡਰ ਵੋਟਾਂ ਵੇਲੇ ਹੱਥ ਬੰਨ੍ਹ ਵੋਟਾਂ ਮੰਗਣ ਆ ਜਾਂਦੇ ਹਨ ਪਰ ਵੋਟਾਂ ਪਾ ਕੇ ਵੀ ਹੱਲ ਨਹੀਂ ਹੁੰਦਾ। ਬਿਨਾਂ ਮੀਹਾਂ ਤੋਂ ਵੀ ਪਾਣੀ ਘਰਾਂ ਵਿੱਚ ਆ ਰਿਹਾ ਹੈ। ਜੇ ਮੀਂਹ ਆ ਗਿਆ ਤਾਂ ਸਾਨੂੰ ਸਾਡੇ ਘਰਾਂ ਨੂੰ ਛੱਡਣਾ ਪੈਂਦਾ ਹੈ। ਸਾਨੂੰ ਘਰਾਂ ਅੰਦਰ ਬੈਠ ਰੋਟੀ ਖਾਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪਾਣੀ ਵਿੱਚ ਵੀ ਗੰਦ ਆ ਰਿਹਾ ਹੈ।”–ਸਥਾਨਕ ਲੋਕ
ਘਰਾਂ ਦਾ ਸਮਾਨ ਹੋਇਆ ਖਰਾਬ
ਇਲਾਕੇ ਦੀ ਰਹਿਣ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਘਰ ਦੇ ਬੈੱਡ, ਘਰ ਦਾ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਨਾਲੇ ਦਾ ਪਾਣੀ ਇੰਨਾ ਬਦਬੂਦਾਰ ਹੈ ਕਿ ਇਲਾਕੇ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ। ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਉਹ ਆਪਣੇ ਘਰ ਦੀ ਛੱਤ ਤੇ ਜਾਂ ਫਿਰ ਬਾਹਰ ਗਲੀ ਵਿੱਚ ਵੀ ਨਹੀਂ ਬੈਠ ਸਕਦੇ ਕਿਉਂਕਿ ਬਦਬੂ ਇੰਨੀ ਜ਼ਿਆਦਾ ਹੈ ਜੋ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ। ਨਗਰ ਨਿਗਮ ਦੇ ਅਧਿਕਾਰੀ ਆਉਂਦੇ ਹਨ ਥੋੜ੍ਹਾ ਬਹੁਤ ਕੰਮ ਕਰਕੇ ਚਲੇ ਜਾਂਦੇ ਹਨ। ਨਾਲੇ ਦੇ ਵਿੱਚ ਇੰਨੀ ਜ਼ਿਆਦਾ ਡਾਕ ਲੱਗ ਗਈ ਹੈ ਕਿ ਪਾਣੀ ਅੱਗੇ ਨਹੀਂ ਜਾ ਰਿਹਾ।
“ਗਲੀ ਵਿੱਚ ਬਦਬੂ ਆਉਂਦੀ ਹੈ। ਨਾਲਾ ਪੂਰਾ ਜਾਮ ਹੋਇਆ ਪਿਆ ਹੈ। ਅਸੀਂ ਘਰਾਂ ਬਾਹਰ ਬੈਠ ਵੀ ਨਹੀਂ ਸਕਦੇ। ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ। ਅਸੀਂ ਗੰਦ ਵਿੱਚ ਡਿੱਗ-ਡਿੱਗ ਸੱਟਾਂ ਖਾ ਰਹੇ ਹਾਂ। ਪਰ ਇਸ ਮਸਲੇ ਉੱਪਰ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ।ਹਰ ਵਾਰ ਸਾਨੂੰ ਕਿਹਾ ਜਾਂਦਾ ਹੈ ਕਿ ਸੁਧਾਰ ਕੀਤਾ ਜਾਵੇਗਾ ਪਰ ਇੱਕ ਦਿਨ ਵੀ ਸੁਧਾਰ ਨਹੀਂ ਹੋਇਆ। ਘਰਾਂ ਦੇ ਦਰਵਾਜੇ ਬੰਦ ਕਰਕੇ ਬੈਠਣਾ ਔਖਾ ਹੋਇਆ ਪਿਆ ਹੈ। ਪ੍ਰਸ਼ਾਸਨ ਸੁੱਤਾ ਪਿਆ ਹੈ। ਸਾਡਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ।”–ਸਥਾਨਕ ਲੋਕ
ਨਗਰ ਨਿਗਮ ਦਫਤਰ ‘ਚ ਹੰਗਾਮਾ
ਇਸ ਮੁੱਦੇ ਨੂੰ ਲੈ ਕੇ ਬੀਤੇ ਦਿਨ ਲੁਧਿਆਣਾ ਨਗਰ ਨਿਗਮ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ। ਬੀ ਜੋਨ ਦੇ ਵਿੱਚ ਪਹੁੰਚੇ ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਸਥਾਨਕ ਕੌਂਸਲਰਾਂ ਅਤੇ ਲੋਕਾਂ ਨੇ ਵਿਰੋਧ ਕੀਤਾ। ਸਥਾਨਕ ਕੌਂਸਲਰ ਨੇ ਕਿਹਾ ਕਿ “ਬੁੱਢੇ ਨਾਲੇ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ ਅੱਗੇ ਸੜਕ ਬਣਾਈ ਜਾ ਰਹੀ ਹੈ ਜਿਸ ਕਰਕੇ ਪਾਣੀ ਰੋਕ ਦਿੱਤਾ ਗਿਆ ਹੈ ਅਤੇ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ। ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਇਸੇ ਕਰਕੇ ਅੱਜ ਅਸੀਂ ਰਾਜਸਭਾ ਮੈਂਬਰ ਤੋਂ ਸਵਾਲ ਪੁੱਛਣਾ ਆਏ ਹਾਂ।” ਇਸ ਦੌਰਾਨ ਉਨ੍ਹਾਂ ਨੇ ਸਾਂਸਦ ਬਲਵੀਰ ਸੀਚੇਵਾਲ ਨੂੰ ਘੇਰ ਲਿਆ ਅਤੇ ਉਨ੍ਹਾਂ ਤੋਂ ਸਵਾਲ ਕੀਤੇ।
“ਸਾਡੇ ਇਲਾਕੇ ਵਿੱਚ ਰੋਜ਼ਾਨਾ ਪਾਣੀ ਖੜਦਾ ਹੈ। ਜ਼ਮੀਨ ਵਿੱਚੋਂ ਫੁਹਾਰਿਆਂ ਦੀ ਤਰ੍ਹਾਂ ਪਾਣੀ ਬਾਹਰ ਨਿੱਕਲ ਰਿਹਾ ਹੈ। ਅੱਗੇ ਬੰਨ ਲੱਗਿਆ ਹੋਇਆ ਹੈ ਇਸ ਕਰਕੇ ਪਾਣੀ ਓਵਰਫਲੋ ਹੋ ਕੇ ਸਾਡੇ ਘਰਾਂ ਤੱਕ ਪਹੁੰਚ ਰਿਹਾ ਹੈ। ਬਹੁਤ ਵਾਰ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ । ਨਾ ਪ੍ਰਸ਼ਾਸਨ ਸੁਣ ਰਿਹਾ ਹੈ ਅਤੇ ਨਾ ਹੀ ਸਾਂਸਦ ਸੀਚੇਵਾਲ ਵੱਲੋਂ ਹੱਲ ਕੱਢਿਆ ਜਾਂਦਾ ਹੈ।”–ਅਰੁਣ ਸ਼ਰਮਾ, ਕੌਂਸਲਰ
ਮਸਲਾ ਹੱਲ ਕਰਨ ਦਾ ਭਰੋਸਾ
ਉਧਰ ਦੂਜੇ ਪਾਸੇ ਬਲਬੀਰ ਸੀਚੇਵਾਲ ਨੇ ਵੀ ਪਹਿਲਾਂ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਲੋਕ ਨਹੀਂ ਮੰਨੇ ਤਾਂ ਉਹ ਉਥੋਂ ਚਲੇ ਗਏ ਹਾਲਾਂਕਿ ਮੀਡੀਆ ਦੇ ਅੱਗੇ ਰਾਜਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਹ ਗੱਲ ਜ਼ਰੂਰ ਕਹੀ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਅਸੀਂ ਮੌਕਾ ਵੇਖਣ ਵੀ ਜਾ ਰਹੇ ਹਨ ਜੋ ਲੋਕਾਂ ਨੂੰ ਦਿੱਕਤਾਂ ਹਨ ਅਸੀਂ ਸਮਝਦੇ ਹਾਂ। ਇਸ ਦਾ ਹੱਲ ਅਸੀਂ ਜ਼ਰੂਰ ਕਰਾਂਗੇ।
ETV BHARAT