ਪੰਜਾਬ ‘ਚ ਕਾਨੂੰਨ ਵਿਵਸਥਾ ‘ਤੇ ਘਿਰੀ ਸਰਕਾਰ, ਕਾਰਜਕਾਲ ਦੌਰਾਨ ਸਿੱਧੂ ਮੁਸੇਵਾਲਾ ਦੇ ਕਤਲ ਤੋਂ ਲੈਕੇ ਪਰਮਿੰਦਰ ਝੋਟੇ ਦੇ ਕਤਲ ਤੱਕ ਦੀ ਦੇਖੋ ਇਹ ਰਿਪੋਰਟ….
19 ਅਕਤੂਬਰ, 2026 – ਲੁਧਿਆਣਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ਿਲਾਫ਼ ਸਿਆਸੀ ਮੋਰਚਾ ਖੋਲ੍ਹ ਦਿੱਤਾ ਹੈ। ਹਾਲ ਹੀ ‘ਚ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਲਾਈਵ ਦੌਰਾਨ ਹੋਏ ਕਤਲ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਨੇ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਵਿਰੋਧੀ ਪਾਰਟੀਆਂ ਨੇ ਕਿਹਾ ਕਿ ‘ਪੰਜਾਬ ਵਿੱਚ ਹੋਏ ਇਨ੍ਹਾਂ ਕਤਲਾਂ ਅਤੇ ਹੋਰ ਅਪਰਾਧਾਂ ਦੀ ਵੱਧ ਰਹੀ ਗਿਣਤੀ ਚਿੰਤਾਜਣਕ ਹੈ। ਸਾਲ 2022 ਤੋਂ ਲੈਕੇ ਹੁਣ ਤੱਕ ਕਈ ਕਤਲ ਹੋ ਚੁੱਕੇ ਹਨ, ਪਰ ਸਰਕਾਰ ਨੇ ਇਸ ਨੂੰ ਲੈਕੇ ਕੋਈ ਸਖਤ ਕਤਮ ਨਹੀਂ ਚੁੱਕੇ, ਇਸ ਦੀ ਕੀਮਤ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ‘ਚ ਚੁਕਾਉਣੀ ਪਵੇਗੀ।
ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪ੍ਰਮੁੱਖ ਹਾਈ–ਪ੍ਰੋਫਾਈਲ ਕਤਲ: ਮਾਰਚ 2022 ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਕਈ ਪ੍ਰਮੁੱਖ ਸ਼ਖ਼ਸੀਅਤਾਂ, ਗਾਇਕਾਂ, ਸਮਾਜਿਕ ਕਾਰਕੁਨਾਂ ਅਤੇ ਸਿਆਸੀ ਆਗੂਆਂ ਦੇ ਕਤਲ ਹੋ ਚੁੱਕੇ ਹਨ।
- 14 ਮਾਰਚ 2022: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਪਿੰਡ ਮੱਲੀਆਂ (ਜਲੰਧਰ) ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੈਂਗਸਟਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ।
- 29 ਮਈ 2022: ਵਿਸ਼ਵ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ (ਮਾਨਸਾ) ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
- 4 ਨਵੰਬਰ 2022: ਸ਼ਿਵ ਸੈਨਾ ਟਕਸਾਲੀ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਮੰਦਰ ਬਾਹਰ ਧਰਨੇ ਦੌਰਾਨ ਪੁਲਿਸ ਸੁਰੱਖਿਆ ਦੀ ਹਾਜ਼ਰੀ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
- 10 ਨਵੰਬਰ 2022: ਡੇਰਾ ਸੱਚਾ ਸੌਦਾ ਸ਼ਰਧਾਲੂ ਪ੍ਰਦੀਪ ਸਿੰਘ ਦਾ ਕੋਟਕਪੂਰਾ ਬੇਅਦਬੀ ਮਾਮਲੇ ਕਾਰਨ ਦੁਕਾਨ ਅੰਦਰ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
- 13 ਅਪ੍ਰੈਲ 2024: ਵਿਕਾਸ ਪ੍ਰਭਾਕਰ (ਵਿਕਾਸ ਬੱਗਾ) ਪ੍ਰਧਾਨ, ਵਿਸ਼ਵ ਹਿੰਦੂ ਪ੍ਰੀਸ਼ਦ (ਨੰਗਲ ਇਕਾਈ) ਦਾ ਰੂਪਨਗਰ ਵਿੱਚ ਦੁਕਾਨ ਅੰਦਰ ਬੈਠੇ ‘ਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ।
- 12 ਜੂਨ 2025: ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦਾ ਕਤਲ ਕਰ ਦਿੱਤਾ ਗਿਆ, ਉਸ ਦੀ ਲਾਸ਼ ਗੱਡੀ ਵਿੱਚੋਂ ਬਰਾਮਦ ਹੋਈ।
- 3 ਅਕਤੂਬਰ 2026: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮਧੂਸੂਦਨ ਸਿੰਘ (ਮੈਡ ਸੰਧੂ) ਦਾ ਲੋਹਾਰਕਾ ਰੋਡ (ਅੰਮ੍ਰਿਤਸਰ) ਵਿੱਚ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
- 13 ਅਕਤੂਬਰ 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਮੈਡੀਕਲ ਸਟੋਰ ‘ਤੇ ਨਸ਼ੀਲੀਆਂ ਦਵਾਈਆਂ ਵਿਕਣ ਦਾ ਵਿਰੋਧ ਕਰਦਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਅਤੇ ਰੋਸ ਪ੍ਰਦਰਸ਼ਨ
ਪਰਵਿੰਦਰ ਸਿੰਘ ਝੋਟਾ ਦੇ ਕਤਲ ਘਟਨਾ ਉਦੋਂ ਵਾਪਰੀ ਜਦੋਂ ਉਹ ਇੱਕ ਮੈਡੀਕਲ ਸਟੋਰ ‘ਤੇ ਕਥਿਤ ਤੌਰ ‘ਤੇ ਨਸ਼ੀਲੀਆਂ ਦਵਾਈਆਂ ਵੇਚੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ। ਝੋਟਾ ਵੱਲੋਂ ਇਸ ਪੂਰੀ ਘਟਨਾ ਨੂੰ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਦਿਖਾਇਆ ਜਾ ਰਿਹਾ ਸੀ। ਇਸੇ ਬਹਿਸਬਾਜ਼ੀ ਦੌਰਾਨ ਮੈਡੀਕਲ ਸਟੋਰ ਦੇ ਮਾਲਕ ਨੇ ਤੈਸ਼ ਵਿੱਚ ਆ ਕੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਝੋਟਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਨਤਾ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਸਿੱਧੂ ਮੂਸੇਵਾਲਾ ਦੀ ਕਰਵਾਈ ਯਾਦ !
ਇਸ ਘਟਨਾ ਤੋਂ ਬਾਅਦ ਮਾਨਸਾ ਸਮੇਤ ਪੂਰੇ ਮਾਲਵਾ ਖੇਤਰ ਵਿੱਚ ਤਣਾਅ ਫੈਲ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਮੁਲਜ਼ਮ ਦੀ ਦੁਕਾਨ ਦੀ ਭੰਨ-ਤੋੜ ਕੀਤੀ। ਇਸ ਕਤਲ ਨੇ ਮਈ 2022 ਵਿੱਚ ਹੋਏ ਸਿੱਧੂ ਮੂਸੇਵਾਲਾ ਕਾਂਡ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਕਿਉਂਕਿ ਦੋਵੇਂ ਘਟਨਾਵਾਂ ਮਾਨਸਾ ਜ਼ਿਲ੍ਹੇ ਵਿੱਚ ਹੀ ਵਾਪਰੀਆਂ। ਇਸੇ ਦੇ ਰੋਸ ਵਜੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਜਿਸ ਨੂੰ ਕਾਮਯਾਬ ਬਣਾਉਣ ਲਈ ਲੋਕ ਸੜਕਾਂ ‘ਤੇ ਉੱਤਰੇ ਵਿਖਾਈ ਦਿੱਤੇ।
ਸਰਹੱਦੀ ਖੇਤਰਾਂ ਵਿੱਚ ਪੁਲਿਸ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲੇ
ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ‘ਤੇ ਸਭ ਤੋਂ ਵੱਡਾ ਇਲਜ਼ਾਮ ਇਹ ਲਾਇਆ ਜਾ ਰਿਹਾ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਖੁਦ ਨਿਸ਼ਾਨੇ ‘ਤੇ ਹੈ।
ਦੁਸ਼ਮਣਾਂ ਦੇ ਨਿਸ਼ਾਨੇ ‘ਤੇ ਪੁਲਿਸ ਅਧਿਕਾਰੀ!
ਨਕੋਦਰ ‘ਚ ਕਤਲ
ਦਸੰਬਰ 2022 ਵਿੱਚ ਨਕੋਦਰ ਵਿਖੇ ਵਪਾਰੀ ਦੀ ਸੁਰੱਖਿਆ ਵਿੱਚ ਤਾਇਨਾਤ ਕਾਂਸਟੇਬਲ ਮਨਦੀਪ ਸਿੰਘ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਜਨਵਰੀ 2023 ਵਿੱਚ ਫਗਵਾੜਾ ਵਿਖੇ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਸ਼ਹੀਦ ਹੋਏ ਸਨ, ਅਤੇ ਨਵੰਬਰ 2023 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਮ ਗਾਰਡ ਜਵਾਨ ਜਸਪਾਲ ਸਿੰਘ ਦੀ ਜਾਨ ਗਈ ਸੀ।
11 ਅਕਤੂਬਰ 2026 ਨੂੰ ਏ.ਐੱਸ.ਆਈ. ਇਕਬਾਲ ਸਿੰਘ ਦਾ ਕਤਲ
ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ-ਲੋਹਕਾ ਰੋਡ ‘ਤੇ ਕਾਊਂਟਰ ਇੰਟੈਲੀਜੈਂਸ/ਸੀਆਈਏ ਨਾਲ ਜੁੜੇ ਏ.ਐੱਸ.ਆਈ. ਇਕਬਾਲ ਸਿੰਘ ਦਾ ਡਿਊਟੀ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਏ.ਐੱਸ.ਆਈ. ਇਕਬਾਲ ਸਿੰਘ ਦਾ ਕਤਲ ਸਾਲ 2026 ਦੌਰਾਨ ਮਾਝਾ ਅਤੇ ਸਰਹੱਦੀ ਬੈਲਟ ਵਿੱਚ ਪੰਜਵੇਂ ਪੁਲਿਸ ਮੁਲਾਜ਼ਮ ਦਾ ਕਤਲ ਸੀ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਅੰਮ੍ਰਿਤਸਰ ਦੀ ਭਗਤਾਂਵਾਲਾ ਮੰਡੀ ਵਿਖੇ ਏ.ਐੱਸ.ਆਈ. ਹਰਜੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਫਰਵਰੀ 2026 ਵਿੱਚ ਗੁਰਦਾਸਪੁਰ ਦੀ ਅੰਤਰਰਾਸ਼ਟਰੀ ਸਰਹੱਦ ਨੇੜਲੀ ਚੌਕੀ ‘ਤੇ 2 ਜਵਾਨਾਂ ਦੀ ਮੌਤ ਹੋਈ ਸੀ।
ਵਿਰੋਧੀ ਪਾਰਟੀਆਂ ਦੇ ਇਲਜ਼ਾਮ
ਕਾਂਗਰਸ: ਆਤਮ ਨਗਰ ਤੋਂ ਆਗੂ ਕਮਲਜੀਤ ਕੜਵੱਲ ਨੇ ਇਲਜ਼ਾਮ ਲਾਇਆ ਕਿ ਸੂਬੇ ਵਿੱਚ “ਜੰਗਲ ਰਾਜ” ਵਰਗੇ ਹਲਾਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਲੜਨ ਵਾਲੇ ਨੌਜਵਾਨਾਂ ਨੂੰ ਲਾਈਵ ਕੈਮਰਿਆਂ ਸਾਹਮਣੇ ਮਾਰਿਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਆਏ।
‘ਮੁੱਖ ਮੰਤਰੀ ਮਾਨ ਨੂੰ ਦੇਣਾ ਚਾਹੀਦਾ ਹੈ ਅਸਤੀਫਾ‘ ਵਿਰੋਧੀਆਂ ਨੇ ਘੇਰੀ ਸਰਕਾਰ
ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਅਤੇ ਜਗਬੀਰ ਸੋਖੀ ਨੇ ਕਿਹਾ ਕਿ ‘ਸਰਕਾਰ ਦੀ ਲਾਪਰਵਾਹੀ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਸਰਹੱਦੀ ਜ਼ਿਲ੍ਹਿਆਂ ਵਿੱਚ ਖੁਦ ਪੁਲਿਸ ਵਾਲੇ ਸੁਰੱਖਿਅਤ ਨਹੀਂ ਰਹੇ, ਜਿਸ ਕਾਰਨ ਆਮ ਨਾਗਰਿਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।‘
ਭਾਜਪਾ ਨੇ ਸਾਧਿਆ ਨਿਸ਼ਾਨਾ
ਭਾਰਤੀ ਜਨਤਾ ਪਾਰਟੀ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ (ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ) ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਦਾ ਧਿਆਨ ਸਿਰਫ਼ ਦਿੱਲੀ ਦੇ ਸਿਆਸੀ ਪ੍ਰਚਾਰ ਵੱਲ ਹੈ, ਜਦਕਿ ਪੰਜਾਬ ਵਿੱਚ ਗੈਂਗਸਟਰ ਤੇ ਨਸ਼ਾ ਮਾਫ਼ੀਆ ਬੇਖ਼ੌਫ਼ ਹੋ ਕੇ ਵਾਰਦਾਤਾਂ ਕਰ ਰਿਹਾ ਹੈ।
ਸਰਕਾਰ ਦਾ ਪੱਖ
ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਦੇ ਖਿਲਾਫ ਲਗਾਤਾਰ ਲੜਾਈ ਲੜ ਰਹੇ ਹਾਂ। ਉਹਨਾਂ ਕਿਹਾ ਕਿ “ਪਰਵਿੰਦਰ ਸਿੰਘ ਝੋਟਾ ਦੇ ਜਾਣ ਦਾ ਸਰਕਾਰ ਨੂੰ ਦੁੱਖ ਹੈ, ਜੋ ਨਸ਼ੇ ਦੇ ਖਿਲਾਫ ਲੜ ਰਿਹਾ ਸੀ। ਇਸ ਮਾਮਲੇ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ, ਬਾਕੀ ਰਾਜਨੀਤਿਕ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਨਸ਼ੇ ਨੂੰ ਜੜੋ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।”
ETV BHARAT