‘ਆਪ’ ਆਗੂ ’ਤੇ ਕੇਸ ਦਰਜ ਕਰਾਉਣ ਲਈ ਭਾਜਪਾ ਆਗੂ ਟੈਂਕੀ ’ਤੇ ਚੜ੍ਹਿਆ; ਪੁਲੀਸ ਨੇ ਦੋ ਜਣਿਆਂ ਨੂੰ ਹਿਰਾਸਤ ਵਿਚ ਲਿਆ
19 ਅਕਤੂਬਰ, 2026 – ਨਾਭਾ : Punjab Drug Case: ਭਾਦਸੋਂ ਵਿਚ ਐਤਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਭਾਜਪਾ ਦੇ ਸਥਾਨਕ ਆਗੂ ਬਰਿੰਦਰ ਕੁਮਾਰ ਬਿੱਟੂ ਨੇ ਇੱਕ ਕਥਿਤ ਸਟਿੰਗ ਅਪਰੇਸ਼ਨ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਦੀ ਦੁਕਾਨ ਵਿੱਚੋਂ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਬਰਾਮਦ ਕਰਨ ਦਾ ਦਾਅਵਾ ਕੀਤਾ। ਬਿੱਟੂ ਨੇ ਮੌਕੇ ‘ਤੇ ਹੀ ਪੁਲੀਸ ਨੂੰ ਸੂਚਿਤ ਕਰਕੇ ਕੈਪਸੂਲ ਅਤੇ ਦੁਕਾਨ ਵਿੱਚ ਮੌਜੂਦ ਦੋ ਵਿਅਕਤੀਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ।
ਘਟਨਾ ਨੇ ਉਸ ਵੇਲੇ ਹੋਰ ਨਾਟਕੀ ਮੋੜ ਲੈ ਲਿਆ ਜਦੋਂ ਬਰਿੰਦਰ ਬਿੱਟੂ ਉਕਤ ਦੁਕਾਨ ਦੇ ਕਿਰਾਏਦਾਰ ਮਾਮਦੀਨ ਖ਼ਾਨ ਨੂੰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਦੱਸਦੇ ਹੋਏ ਉਸ ਦੇ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਦਸੋਂ ਦੀ ਸਰਕਾਰੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ।
ਬਿੱਟੂ ਨੇ ਦੱਸਿਆ ਕਿ ਉਸ ਨੇ ਪਹਿਲਾਂ ਇੱਕ ਵਿਅਕਤੀ ਨੂੰ ਗਾਹਕ ਬਣਾ ਕੇ ਦੁਕਾਨ ‘ਤੇ ਭੇਜਿਆ, ਜਿਸ ਨੇ ਕਥਿਤ ਤੌਰ ‘ਤੇ ਪਾਬੰਦੀਸ਼ੁਦਾ ਕੈਪਸੂਲ ਖਰੀਦੇ। ਇਸ ਤੋਂ ਬਾਅਦ ਉਹ ਆਪਣੇ ਸਮਰਥਕਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੁਲੀਸ ਨੂੰ ਬੁਲਾਇਆ। ਉਨ੍ਹਾਂ ਦੱਸਿਆ ਕਿ ਜਿਸ ਦੁਕਾਨ ਤੋਂ ਕੈਪਸੂਲ ਮਿਲੇ, ਉਹ ਕੋਈ ਮੈਡੀਕਲ ਸਟੋਰ ਨਹੀਂ, ਸਗੋਂ ਐਲੂਮੀਨੀਅਮ ਦੇ ਦਰਵਾਜ਼ੇ ਅਤੇ ਖਿੜਕੀਆਂ ਦਾ ਕਾਰੋਬਾਰ ਕਰਨ ਵਾਲੀ ਦੁਕਾਨ ਹੈ। ਹਾਲਾਂਕਿ ਮਾਮਦੀਨ ਮੌਕੇ ‘ਤੇ ਮੌਜੂਦ ਨਹੀਂ ਸੀ। ਬਿੱਟੂ ਨੇ ਮੰਗ ਕੀਤੀ ਕਿ ਮਾਮਦੀਨ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦੇ ਦਾਅਵੇ ਅਨੁਸਾਰ ਦੁਕਾਨ ਉਸ ਦੇ ਕਬਜ਼ੇ ਹੇਠ ਹੈ।
ਦੂਜੇ ਪਾਸੇ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਮਾਮਦੀਨ ਵੱਲੋਂ ਪਾਰਟੀ ਦੇ ਨਾਮ ਦੀ ਦੁਰਵਰਤੋਂ ਦੀਆਂ ਕੁਝ ਸ਼ਿਕਾਇਤਾਂ ਮਿਲਣ ਕਾਰਨ ਉਸਨੂੰ “ਕਾਫੀ ਸਮਾਂ ਪਹਿਲਾਂ” ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਉਨ੍ਹਾਂ ਕੋਲ ਕਾਫੀ ਸਮੇਂ ਤੋਂ ਨਹੀਂ ਆਇਆ।
ਇਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਗਠਿਤ ਨਾਭਾ ਟਰੇਡ ਕਮਿਸ਼ਨ ਦੇ ਚੇਅਰਮੈਨ ਭੁਪਿੰਦਰ ਕੌਸ਼ਲ ਨੇ ਪੁਸ਼ਟੀ ਕੀਤੀ ਕਿ ਮਾਮਦੀਨ ਖ਼ਾਨ ਕਮਿਸ਼ਨ ਦਾ ਮੈਂਬਰ ਸੀ। ਉਨ੍ਹਾਂ ਦੱਸਿਆ ਕਿ ਦੋਸ਼ਾਂ ਦੀ ਜਾਂਚ ਮੁਕੰਮਲ ਹੋਣ ਤੱਕ ਅੱਜ ਮਾਮਦੀਨ ਨੂੰ ਕਮਿਸ਼ਨ ਤੋਂ ਹਟਾ ਦਿੱਤਾ ਗਿਆ ਹੈ।
ਉਧਰ ਭਾਦਸੋਂ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਟੈਂਕੀ ਕੋਲ ਜਾ ਕੇ ਜਨਤਕ ਤੌਰ ‘ਤੇ ਇਹ ਭਰੋਸਾ ਦਿੱਤਾ ਕਿ ਮਾਮਦੀਨ ਅਤੇ ਉਸ ਦੇ ਦੋ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਜਲਦ ਐਫਆਈਆਰ ਦੀ ਕਾਪੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਮਗਰੋਂ ਬਿੱਟੂ ਟੈਂਕੀ ਤੋਂ ਹੇਠਾਂ ਆਏ। ਐਸਐਚਓ ਨੇ ਦੱਸਿਆ ਕਿ ਦੁਕਾਨ ਤੋਂ 126 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਮੌਕੇ ਮਾਮਦੀਨ ਖ਼ਾਨ ਨਾਲ ਸੰਪਰਕ ਨਹੀਂ ਹੋ ਸਕਿਆ।
ਪੰਜਾਬੀ ਟ੍ਰਿਬਯੂਨ