ਮਾੜੇ ਪ੍ਰਬੰਧਾਂ ਵਿਰੁੱਧ ਜਤਾਇਆ ਸਖ਼ਤ ਵਿਰੋਧ, 8 ਬਜ਼ੁਰਗ ਸ਼ਰਧਾਲੂਆਂ ਦੀ ਵਿਗੜੀ ਸਿਹਤ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਾਹੀਂ ਪਵਿੱਤਰ ਨਗਰੀ ਅੰਮ੍ਰਿਤਸਰ ਦਰਸ਼ਨ ਕਰਨ ਪਹੁੰਚੇ ਸ਼ਰਧਾਲੂਆਂ ਨੂੰ ਮਾੜੇ ਪ੍ਰਬੰਧਾਂ ਦਾ ਸਾਹਮਣਾ ਕਰਨਾ ਪਿਆ।
27 ਅਕਤੂਬਰ, 2026 – ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਬੱਸ ਰਾਹੀਂ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਪਹੁੰਚੇ ਸ਼ਰਧਾਲੂਆਂ ਨੂੰ ਭਾਰੀ ਬਦਇੰਤਜ਼ਾਮੀ ਅਤੇ ਮਾੜੇ ਪ੍ਰਬੰਧਾਂ ਦਾ ਸਾਹਮਣਾ ਕਰਨਾ ਪਿਆ। ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਪਿੰਡ ਦੁਧੇਵਾਲਾ ਤੋਂ ਆਏ ਤੀਰਥ ਯਾਤਰੀਆਂ ਦੇ ਇੱਕ ਜਥੇ ਨੇ ਯਾਤਰਾ ਦੌਰਾਨ ਮਿਲਣ ਵਾਲੀਆਂ ਸਹੂਲਤਾਂ ਦੀ ਪੋਲ ਖੋਲ੍ਹਦਿਆਂ ਆਪਣਾ ਦੁੱਖ ਸਾਂਝਾ ਕੀਤਾ। ਅੰਮ੍ਰਿਤਸਰ ਪਹੁੰਚੇ ਸ਼ਰਧਾਲੂਆਂ ਨੇ ਦੱਸਿਆ ਕਿ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਸਰਕਾਰ ਵੱਲੋਂ ਵਧੀਆ ਖਾਣਾ, ਸਾਫ਼-ਸੁਥਰੇ ਰਹਿਣ ਦੇ ਪ੍ਰਬੰਧ, ਸਿਹਤ ਸਹੂਲਤਾਂ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਿਕਲੀ।
8 ਬਜ਼ੁਰਗ ਸ਼ਰਧਾਲੂਆਂ ਦੀ ਸਿਹਤ ਵਿਗੜੀ
ਸ਼ਰਧਾਲੂਆਂ ਮੁਤਾਬਕ, ਉਨ੍ਹਾਂ ਨੂੰ ਬੇਹਾ ਅਤੇ ਬਦਬੂਦਾਰ ਖਾਣਾ ਪਰੋਸਿਆ ਗਿਆ। ਇਸ ਨੂੰ ਖਾਣ ਤੋਂ ਬਾਅਦ 40 ਵਿੱਚੋਂ ਤਕਰੀਬਨ 8 ਬਜ਼ੁਰਗ ਸ਼ਰਧਾਲੂਆਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਤੇ ਦਸਤ ਦੀ ਸ਼ਿਕਾਇਤ ਹੋਣ ਲੱਗੀ। ਇੰਨਾ ਹੀ ਨਹੀਂ, ਸਾਫ਼ ਪੀਣ ਵਾਲੇ ਪਾਣੀ ਦੇ ਨਾਂ ’ਤੇ ਉਨ੍ਹਾਂ ਨੂੰ ਸਥਾਨਕ ਬ੍ਰਾਂਡ ਦੀਆਂ ਬੋਤਲਾਂ ਵਿੱਚ ਗੰਦਾ ਪਾਣੀ ਦਿੱਤਾ ਗਿਆ। ਰਹਿਣ ਦੇ ਪ੍ਰਬੰਧਾਂ ਬਾਰੇ ਸ਼ਿਕਾਇਤ ਕਰਦਿਆਂ ਸ਼ਰਧਾਲੂਆਂ ਨੇ ਦੱਸਿਆ ਕਿ “ਇੱਕ–ਇੱਕ ਕਮਰੇ ਵਿੱਚ ਤਿੰਨ ਤੋਂ ਚਾਰ ਬਜ਼ੁਰਗਾਂ ਨੂੰ ਠਹਿਰਾਇਆ ਗਿਆ। ਉੱਥੇ ਨਾ ਤਾਂ ਨਲਕਿਆਂ ਵਿੱਚ ਠੀਕ ਤਰ੍ਹਾਂ ਪਾਣੀ ਆਉਂਦਾ ਸੀ ਅਤੇ ਨਾ ਹੀ ਠੰਢ ਦੇ ਮੌਸਮ ਵਿੱਚ ਗੀਜ਼ਰ ਕੰਮ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਗੀਜ਼ਰ ਨਾ ਚੱਲਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਇੱਕੋ ਕਮਰੇ ਦੇ ਗੀਜ਼ਰ ਨਾਲ ਪੂਰਾ ਜਥਾ ਵਾਰੀ–ਵਾਰੀ ਕੰਮ ਚਲਾਵੇ। 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇਹ ਯਾਤਰਾ ਧਾਰਮਿਕ ਪੁੰਨ ਕਮਾਉਣ ਦੀ ਬਜਾਏ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਗਈ।”
ਬੇਹੱਦ ਮਾੜਾ ਵਿਵਹਾਰ ਕੀਤਾ
ਸ਼ਰਧਾਲੂਆਂ ਨੇ ਇਲਜ਼ਾਮ ਲਾਇਆ ਕਿ “ਜਦੋਂ ਉਨ੍ਹਾਂ ਨੇ ਬੱਸ ਵਿੱਚ ਤਾਇਨਾਤ ਗਾਰਡਾਂ ਅਤੇ ਵਰਕਰਾਂ ਨਾਲ ਇਨ੍ਹਾਂ ਬੁਨਿਆਦੀ ਸਹੂਲਤਾਂ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਮਾੜੀ ਸ਼ਬਦਾਵਲੀ ਵਰਤੀ ਗਈ।” ਪਿੰਡ ਦੇ ਇੱਕ ਪੰਚਾਇਤ ਮੈਂਬਰ ਅਤੇ ਸ਼ਰਧਾਲੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣਾ ਪਛਾਣ ਪੱਤਰ ਕੱਢਣ ਵਿੱਚ ਥੋੜ੍ਹਾ ਸਮਾਂ ਲੱਗਿਆ ਤਾਂ ਗਾਰਡ ਨੇ ਉਨ੍ਹਾਂ ਨਾਲ ਬੇਹੱਦ ਮਾੜਾ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਜ਼ਲੀਲ ਕੀਤਾ।
“ਸਰਕਾਰ ਦੀ ਨੀਅਤ ’ਤੇ ਸਵਾਲ ਨਹੀਂ ਚੁੱਕ ਰਹੇ“
ਜੱਥੇ ਵਿੱਚ ਸ਼ਾਮਲ ਬਜ਼ੁਰਗਾਂ ਨੇ ਸਪੱਸ਼ਟ ਕੀਤਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਜਾਂ ਸਰਕਾਰ ਦੀ ਨੀਅਤ ’ਤੇ ਸਵਾਲ ਨਹੀਂ ਚੁੱਕ ਰਹੇ, ਕਿਉਂਕਿ ਇਸ ਯੋਜਨਾ ਦਾ ਉਦੇਸ਼ ਬਹੁਤ ਚੰਗਾ ਹੈ। ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ “ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਾਲੇ ਵਿਚੋਲੇ, ਨਿੱਜੀ ਠੇਕੇਦਾਰ ਅਤੇ ਬੱਸ ਸਟਾਫ਼ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਇਸ ਕਾਰਨ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋਣ ਦੇ ਨਾਲ–ਨਾਲ ਸ਼ਰਧਾਲੂਆਂ ਦੀ ਸਿਹਤ ਅਤੇ ਸਨਮਾਨ ਨਾਲ ਵੀ ਖਿਲਵਾੜ ਹੋ ਰਿਹਾ ਹੈ।”
ਮਾੜੇ ਵਿਵਹਾਰ ਦੀ ਨਿਰਪੱਖ ਜਾਂਚ ਕਰਵਾਈ ਜਾਵੇ
ਪੀੜਤ ਤੀਰਥ ਯਾਤਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਯਾਤਰਾ ਦੌਰਾਨ ਹੋਈ ਬਦਇੰਤਜ਼ਾਮੀ, ਘਟੀਆ ਖਾਣੇ ਅਤੇ ਕਰਮਚਾਰੀਆਂ ਦੇ ਮਾੜੇ ਵਿਵਹਾਰ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ “ਜਾਂਚ ਦੌਰਾਨ ਜਿਹੜੇ ਵੀ ਠੇਕੇਦਾਰ ਜਾਂ ਕਰਮਚਾਰੀ ਇਲਜ਼ਾਮ ਪਾਏ ਜਾਣ, ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਹੋਰ ਬਜ਼ੁਰਗ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।”
ETV BHARAT