ਝੋਨੇ ਦੀ ਕਟਾਈ 88 ਫ਼ੀਸਦ ਪੂਰੀ
07 ਨਵੰਬਰ, 2026 – ਚੰਡੀਗੜ੍ਹ : ਦੀਵਾਲੀ ਤੋਂ ਐਨ ਪਹਿਲਾਂ ਉੱਤਰੀ ਭਾਰਤ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਪੰਜਾਬ ਸਭ ਤੋਂ ਅੱਗੇ ਨਿਕਲ ਗਿਆ ਹੈ। ਪਰਾਲੀ ਸਾੜਨ ਦੇ ਕਰੀਬ 50 ਫ਼ੀਸਦ ਮਾਮਲੇ ਹੁਣ ਇਕੱਲੇ ਪੰਜਾਬ ਦੇ ਹਨ। ਪੰਜਾਬ ਨੇ ਪਿਛਲੇ ਸਾਲਾਂ ’ਚ ਪਰਾਲੀ ਸਾੜਨ ਤੋਂ ਗੁਰੇਜ਼ ਕੀਤਾ ਹੈ। ਅੰਕੜੇ ਵੀ ਸੁਧਾਰ ਦੀ ਗਵਾਹੀ ਭਰਦੇ ਹਨ। ਹਾਲਾਂਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਅੱਜ ਵੀ ਪਹਿਲੇ ਨੰਬਰ ’ਤੇ ਖੜ੍ਹਾ ਹੈ।
ਲੰਘੇ ਦਿਨ ਪਿਛਲੇ ਸਾਲ ਦੇ ਮੁਕਾਬਲੇ ਅੱਗਾਂ ਲਾਉਣ ਦੇ ਕੇਸਾਂ ’ਚ ਸਾਢੇ ਚਾਰ ਗੁਣਾ ਦਾ ਵਾਧਾ ਹੋਇਆ ਹੈ। ਮੱਧ ਪ੍ਰਦੇਸ਼ ਤੋਂ ਇਲਾਵਾ ਉੱਤਰੀ ਭਾਰਤ ਦੇ ਸੂਬਿਆਂ ’ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 5637 ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 2787 ਕੇਸ ਇਕੱਲੇ ਪੰਜਾਬ ਦੇ ਹਨ ਜਦੋਂ ਕਿ ਹਰਿਆਣਾ ਦੇ 80, ਯੂ ਪੀ 456, ਦਿੱਲੀ ’ਚ ਦੋ, ਰਾਜਸਥਾਨ 1039, ਉੱਤਰਾਖੰਡ 192 ਅਤੇ ਮੱਧ ਪ੍ਰਦੇਸ਼ ’ਚ 1081 ਕੇਸ ਰਿਪੋਰਟ ਹੋਏ ਹਨ। ਲੰਘੇ ਦਿਨ ਪੰਜਾਬ ’ਚ 440 ਕੇਸ ਰਿਪੋਰਟ ਹੋਏ ਜਦੋਂ ਕਿ ਹਰਿਆਣਾ ’ਚ ਡੇਢ ਦਰਜਨ ਮਾਮਲੇ ਸਾਹਮਣੇ ਆਏ ਹਨ। ਪੰਜਾਬ ’ਚ ਝੋਨੇ ਦੇ ਸੀਜ਼ਨ ਦੌਰਾਨ ਹੁਣ ਤੱਕ 2787 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਇਹ ਅੰਕੜਾ 2933 ਸੀ। ਪੰਜਾਬ ’ਚ ਝੋਨੇ ਦੀ ਕਟਾਈ ਦਾ 88 ਫ਼ੀਸਦ ਕੰਮ ਪੂਰਾ ਹੋ ਗਿਆ ਹੈ। ਐਤਕੀਂ ਕਟਾਈ ਦਾ ਕੰਮ ਪਛੜਿਆ ਹੈ ਕਿਉਂਕਿ ਪਿਛਲੇ ਦਿਨਾਂ ’ਚ ਪਏ ਮੀਂਹ ਕਾਰਨ ਖੜੋਤ ਆ ਗਈ ਸੀ। ‘ਆਪ’ ਸਰਕਾਰ ਅਗਾਮੀ ਚੋਣਾਂ ਦੇ ਮੱਦੇਨਜ਼ਰ ਪਰਾਲੀ ਨੂੰ ਅੱਗਾਂ ਦੇ ਮਾਮਲੇ ’ਚ ਕਿਸਾਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਅੰਕੜਿਆਂ ਮੁਤਾਬਕ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਘਟੇ ਹਨ। ਸੰਗਰੂਰ, ਮੁਹਾਲੀ, ਮਾਨਸਾ, ਮੋਗਾ, ਮੁਕਤਸਰ ਅਤੇ ਅੰਮ੍ਰਿਤਸਰ ’ਚ ਪਰਾਲੀ ਸਾੜਨ ਦੇ ਕੇਸ ਘਟੇ ਹਨ।
ਬੀ ਕੇ ਯੂ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਮਾਲਵਾ ਖ਼ਿੱਤੇ ’ਚ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਲਈ ਖ਼ੁਦ ਹੀ ਕਾਫ਼ੀ ਕਦਮ ਉਠਾਏ ਹਨ। ਕਿਸਾਨ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਲੱਗੇ ਹਨ ਤੇ ਕਈ ਜ਼ਿਲ੍ਹਿਆਂ ’ਚ ਕੇੇਸ ਵੀ ਘਟੇ ਹਨ।
ਪਰਾਲੀ ਸਾੜਨ ’ਚ ਤਰਨ ਤਾਰਨ ਜ਼ਿਲ੍ਹਾ ਮੋਹਰੀ
ਪੰਜਾਬ ਵਿਚ ਸਭ ਤੋਂ ਵੱਧ ਅੱਗਾਂ ਜ਼ਿਲ੍ਹਾ ਤਰਨ ਤਾਰਨ ’ਚ ਲੱਗ ਰਹੀਆਂ ਹਨ ਜਿੱਥੇ 586 ਦਾ ਅੰਕੜਾ ਰਿਪੋਰਟ ਹੋਇਆ ਹੈ। ਦੂਜੇ ਨੰਬਰ ’ਤੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ 361 ਕੇਸ ਰਿਪੋਰਟ ਹੋਏ ਹਨ। 240 ਕੇਸਾਂ ਨਾਲ ਤੀਜਾ ਨੰਬਰ ਸੰਗਰੂਰ ਦਾ ਹੈ। ਸਭ ਤੋਂ ਘੱਟ ਸਿਰਫ਼ ਇੱਕ ਕੇਸ ਜ਼ਿਲ੍ਹਾ ਪਠਾਨਕੋਟ ’ਚ ਰਿਪੋਰਟ ਹੋਇਆ ਹੈ ਜਦੋਂ ਕਿ ਰੋਪੜ ਜ਼ਿਲ੍ਹੇ ’ਚ ਚਾਰ ਕੇਸ ਸਾਹਮਣੇ ਆਏ ਹਨ।
ਪੰਜਾਬੀ ਟ੍ਰਿਬਯੂਨ