ਗਰਭਵਤੀ ਔਰਤਾਂ ਤੇ ਬੱਚੇ ਲਈ ਹੋ ਸਕਦਾ ਜਾਨਲੇਵਾ? ਦੇਖੋ ਖਾਸ ਰਿਪੋਰਟ
ਆਖ਼ਿਰ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਜਕੜ ਰਿਹਾ ਹਾਈ ਬਲੱਡ ਪ੍ਰੈਸ਼ਰ? 40 ਸਾਲ ਤੋਂ ਘੱਟ ਉਮਰ ਦੇ 9.2% ਲੋਕ ਪ੍ਰਭਾਵਿਤ। ਪੱਤਰਕਾਰ ਕੰਵਲਜੀਤ ਕੌਰ ਦੀ ਰਿਪੋਰਟ।
26 ਨਵੰਬਰ, 2026 – ਚੰਡੀਗੜ੍ਹ: ਪੰਜਾਬ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁਣ ਸਿਰਫ਼ ਵਧਦੀ ਉਮਰ ਦੇ ਲੋਕਾਂ ਤੱਕ ਸੀਮਤ ਨਹੀਂ ਰਹੀ, ਸਗੋਂ ਨੌਜਵਾਨ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਜਰਨਲ ਆਫ਼ ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨਜ਼ ਆਫ਼ ਇੰਡੀਆ ਦੇ ਅਗਸਤ 2025 ਦੇ ਅੰਕ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਪੰਜਾਬ ਵਿੱਚ 18 ਤੋਂ 40 ਸਾਲ ਦੀ ਉਮਰ ਦੇ 9.2 ਫ਼ੀਸਦੀ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰਭਾਵਿਤ ਹਨ। ਇਸ ਦੇ ਮੁਕਾਬਲੇ 41 ਤੋਂ 80 ਸਾਲ ਦੀ ਉਮਰ ਦੇ ਲੋਕਾਂ ਵਿੱਚ ਇਹ ਦਰ 18.8 ਫ਼ੀਸਦੀ ਹੈ।
ਆਖਿਰ ਹਾਈਬਲੱਡ ਪ੍ਰੈਸ਼ਰ ਕੀ ਹੁੰਦਾ ਹੈ? ਨੌਜਵਾਨਾਂ ਵਿੱਚ ਇਸ ਦੀ ਸਮੱਸਿਆ ਆਮ ਕਿਉਂ ਹੋ ਰਹੀ ਹੈ? ਸਰੀਰ ਨੂੰ ਕਿਵੇਂ ਨੁਕਸਾਨ ਕਰਦਾ ਹੈ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ? ਈਟੀਵੀ ਭਾਰਤ ਦੀ ਇਸ ਵਿਸ਼ੇਸ਼ ਰਿਪੋਰਟ ਵਿਚ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।
ਕੀ ਹੁੰਦਾ ਹੈ ਹਾਈ ਬਲੱਡ ਪ੍ਰੈਸ਼ਰ ?
ਹਾਈ ਬਲੱਡ ਪ੍ਰੈਸ਼ਰ ਨੂੰ ਆਮ ਭਾਸ਼ਾ ਵਿੱਚ ਖੂਨ ਦਾ ਦਬਾਅ ਵਧਣਾ ਕਿਹਾ ਜਾਂਦਾ ਹੈ ਜਿਸ ਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ। ਸਾਡਾ ਦਿਲ ਪੰਪ ਵਾਂਗ ਕੰਮ ਕਰਦਾ ਹੈ ਅਤੇ ਖੂਨ ਨੂੰ ਸਰੀਰ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਜਦੋਂ ਖੂਨ ਨਾੜੀਆਂ ਵਿੱਚੋਂ ਲੰਘਦਾ ਹੈ, ਤਾਂ ਉਨ੍ਹਾਂ ਦੀਆਂ ਕੰਧਾਂ ‘ਤੇ ਦਬਾਅ ਪੈਂਦਾ ਹੈ। ਜਦੋਂ ਇਹ ਦਬਾਅ ਲਗਾਤਾਰ ਆਮ ਨਾਲੋਂ ਵੱਧ ਰਹਿੰਦਾ ਹੈ, ਤਾਂ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ, ਜੇਕਰ ਦੋ ਵੱਖ-ਵੱਖ ਦਿਨਾਂ ਦੀ ਜਾਂਚ ਦੌਰਾਨ ਬਲੱਡ ਪ੍ਰੈਸ਼ਰ 140/90 ਜਾਂ ਇਸ ਤੋਂ ਵੱਧ ਆਉਂਦਾ ਹੈ, ਤਾਂ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ। ਇਸ ਸਮੱਸਿਆ ਕਾਰਨ ਦਿਲ, ਦਿਮਾਗ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਈ ਵਾਰ ਇਸ ਦੇ ਕੋਈ ਲੱਛਣ ਵੀ ਦਿਖਾਈ ਨਹੀਂ ਦਿੰਦੇ, ਇਸ ਲਈ ਸਮੇਂ-ਸਮੇਂ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਕੀ ਕਹਿੰਦਾ ਹੈ ਪੰਜਾਬ ਦੇ ਨੌਜਵਾਨਾਂ ‘ਤੇ ਕੀਤਾ ਅਧਿਐਨ ?
‘The Journal of the Association of Physicians of India’ ਦੇ ਅਗਸਤ 2025 ਦੇ ਅੰਕ ਵਿੱਚ ‘Prevalence of Hypertension in Young Adults in Punjab’ ਸਿਰਲੇਖ ਹੇਠ ਪ੍ਰਕਾਸ਼ਿਤ ਅਧਿਐਨ ਵਿੱਚ ਪੰਜਾਬ ਦੇ 18 ਤੋਂ 80 ਸਾਲ ਦੀ ਉਮਰ ਦੇ ਕੁੱਲ 24,685 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਹ ਅਧਿਐਨ 2017, 2018, 2019, 2021 ਅਤੇ 2024 ਦੌਰਾਨ ਕੀਤੀਆਂ ਗਈਆਂ ਸਿਹਤ ਜਾਂਚਾਂ ‘ਤੇ ਆਧਾਰਿਤ ਸੀ।
ਅਧਿਐਨ ਮੁਤਾਬਕ, 18 ਤੋਂ 40 ਸਾਲ ਦੇ ਨੌਜਵਾਨਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਦਰ 9.2 ਫ਼ੀਸਦੀ ਰਹੀ, ਜਦਕਿ 41 ਤੋਂ 80 ਸਾਲ ਦੇ ਲੋਕਾਂ ਵਿੱਚ ਇਹ ਦਰ 18.8 ਫ਼ੀਸਦੀ ਦਰਜ ਕੀਤੀ ਗਈ। ਜਾਂਚ ਦੌਰਾਨ ਹਰੇਕ ਵਿਅਕਤੀ ਦੇ ਬਲੱਡ ਪ੍ਰੈਸ਼ਰ ਦੀਆਂ ਤਿੰਨ ਰੀਡਿੰਗਾਂ ਲਈਆਂ ਗਈਆਂ ਅਤੇ ਦੂਜੀ ‘ਤੇ ਤੀਜੀ ਰੀਡਿੰਗ ਦੀ ਔਸਤ ਦੇ ਆਧਾਰ ‘ਤੇ ਨਤੀਜੇ ਤਿਆਰ ਕੀਤੇ ਗਏ।
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ, ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰਭਾਵਿਤ ਨੌਜਵਾਨਾਂ ਵਿੱਚੋਂ 71.8 ਫ਼ੀਸਦੀ ਦਾ ਬਾਡੀ ਮਾਸ ਇੰਡੈਕਸ (BMI) 23 ਜਾਂ ਇਸ ਤੋਂ ਵੱਧ ਸੀ। ਏਸ਼ੀਆਈ ਮਾਪਦੰਡਾਂ ਮੁਤਾਬਕ, 23 ਜਾਂ ਇਸ ਤੋਂ ਵੱਧ BMI ਨੂੰ ਵੱਧ ਭਾਰ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਸੇ ਅਧਿਐਨ ਵਿੱਚ ਸ਼ਾਮਲ ਸਮੁੱਚੇ ਨੌਜਵਾਨਾਂ ਵਿੱਚੋਂ ਵੀ 59.7 ਫ਼ੀਸਦੀ ਵੱਧ ਭਾਰ ਜਾਂ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਹ ਅੰਕੜੇ ਨੌਜਵਾਨਾਂ ਵਿੱਚ ਵਧਦੇ ਭਾਰ ਅਤੇ ਹਾਈ ਬਲੱਡ ਪ੍ਰੈਸ਼ਰ ਵਿਚਕਾਰ ਸਬੰਧ ਨੂੰ ਉਜਾਗਰ ਕਰਦੇ ਹਨ।
ਹੋਰ ਸਰਵੇਖਣਾਂ ਵਿੱਚ ਵੀ ਸਾਹਮਣੇ ਆਈ ਬਲੱਡ ਪ੍ਰੈਸ਼ਰ ਦੀ ਸਮੱਸਿਆ
ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS-6) 2023-24 ਦੇ ਪੰਜਾਬ ਨਾਲ ਸਬੰਧਤ ਅੰਕੜਿਆਂ ਮੁਤਾਬਕ, ਸੂਬੇ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ 24.5 ਫ਼ੀਸਦੀ ਔਰਤਾਂ ਅਤੇ 26.3 ਫ਼ੀਸਦੀ ਮਰਦਾਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀ ਜਾਂ ਉਹ ਇਸ ਨੂੰ ਕਾਬੂ ਕਰਨ ਲਈ ਦਵਾਈ ਲੈ ਰਹੇ ਸਨ।
ਇਸ ਤੋਂ ਪਹਿਲਾਂ, NFHS-5 (2019-21) ਵਿੱਚ ਇਹ ਦਰ ਔਰਤਾਂ ਲਈ 31.2 ਫ਼ੀਸਦੀ ਅਤੇ ਮਰਦਾਂ ਲਈ 37.7 ਫ਼ੀਸਦੀ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਦੋਵੇਂ ਸਰਵੇਖਣਾਂ ਦੀ ਤੁਲਨਾ ਕਰਨ ‘ਤੇ ਔਰਤਾਂ ਵਿੱਚ 6.7 ਫ਼ੀਸਦੀ ਅੰਕ ਅਤੇ ਮਰਦਾਂ ਵਿੱਚ 11.4 ਫ਼ੀਸਦੀ ਅੰਕ ਦੀ ਕਮੀ ਸਾਹਮਣੇ ਆਈ ਹੈ।
NFHS-6 ਦੇ ਅੰਕੜਿਆਂ ਮੁਤਾਬਕ, ਪੇਂਡੂ ਖੇਤਰਾਂ ਵਿੱਚ 25 ਫ਼ੀਸਦੀ ਔਰਤਾਂ ਅਤੇ 26.5 ਫ਼ੀਸਦੀ ਮਰਦਾਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀ ਜਾਂ ਉਹ ਦਵਾਈ ਲੈ ਰਹੇ ਸਨ। ਸ਼ਹਿਰੀ ਖੇਤਰਾਂ ਵਿੱਚ ਇਹ ਦਰ ਔਰਤਾਂ ਲਈ 23.7 ਫ਼ੀਸਦੀ ਅਤੇ ਮਰਦਾਂ ਲਈ 25.8 ਫ਼ੀਸਦੀ ਰਹੀ।
ਵੱਖ–ਵੱਖ ਹਸਪਤਾਲਾਂ ਦੇ ਅਧਿਐਨਾਂ ਵਿੱਚ ਵੀ ਚਿੰਤਾਜਨਕ ਤਸਵੀਰ
ਪੀਜੀਆਈ ਚੰਡੀਗੜ੍ਹ ਵਿੱਚ 23 ਦਸੰਬਰ, 2019 ਨੂੰ ਕੀਤੇ ਗਏ ਅਧਿਐਨ ਦੀ ਰਿਪੋਰਟ ਮੁਤਾਬਕ, ਪੰਜਾਬ ਦੀ ਲਗਭਗ 41 ਫ਼ੀਸਦੀ ਆਬਾਦੀ ਹਾਈਪਰਟੈਨਸ਼ਨ ਜਾਂ ਪ੍ਰੀ-ਹਾਈਪਰਟੈਨਸ਼ਨ ਦੀ ਲਪੇਟ ਵਿੱਚ ਸੀ। ਇਸ ਅਧਿਐਨ ਦਾ ਇੱਕ ਹੋਰ ਅਹਿਮ ਨਤੀਜਾ ਇਹ ਸੀ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰਭਾਵਿਤ ਲੋਕਾਂ ਵਿੱਚੋਂ ਸਿਰਫ਼ 30 ਫ਼ੀਸਦੀ ਨੂੰ ਹੀ ਆਪਣੀ ਸਿਹਤ ਸਮੱਸਿਆ ਬਾਰੇ ਜਾਣਕਾਰੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਨਾਲ-ਨਾਲ ਇਸ ਦੀ ਸਮੇਂ ਸਿਰ ਪਛਾਣ ਵੀ ਵੱਡੀ ਚੁਣੌਤੀ ਹੈ।
ਇਸੇ ਤਰ੍ਹਾਂ Journal of Family Medicine and Primary Care ਵਿੱਚ ਫ਼ਰਵਰੀ 2025 ਵਿੱਚ ਪ੍ਰਕਾਸ਼ਿਤ ਅਧਿਐਨ ਤਹਿਤ ਲੁਧਿਆਣਾ ਦੇ ਤਿੰਨ ਸ਼ਹਿਰੀ ਖੇਤਰਾਂ ਅਤੇ ਤਿੰਨ ਪਿੰਡਾਂ ਵਿੱਚ 20 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਅਧਿਐਨ ਵਿੱਚ ਹਾਈਪਰਟੈਨਸ਼ਨ ਅਤੇ ਪ੍ਰੀ-ਹਾਈਪਰਟੈਨਸ਼ਨ ਨੂੰ ਮਿਲਾ ਕੇ 62 ਫ਼ੀਸਦੀ ਲੋਕਾਂ ਵਿੱਚ ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆ ਪਾਈ ਗਈ। ਖੋਜ ਵਿੱਚ ਖ਼ਾਸ ਤੌਰ ‘ਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੀ ਜਾਗਰੂਕਤਾ ਅਤੇ ਸਮੇਂ ਸਿਰ ਬਿਮਾਰੀ ਦੀ ਪਛਾਣ ਦੀ ਘਾਟ ਨੂੰ ਵੀ ਵੱਡੀ ਚੁਣੌਤੀ ਦੱਸਿਆ ਗਿਆ।
ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਦੂਜੇ ਸਥਾਨ ‘ਤੇ
ਹਾਈ ਬਲੱਡ ਪ੍ਰੈਸ਼ਰ ਦੇ ਮਾਮਲੇ ਵਿੱਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੈ। ਕੌਮੀ ਪਰਿਵਾਰ ਸਿਹਤ ਸਰਵੇਖਣ-5 (2019-21) ਦੇ ਅੰਕੜਿਆਂ ਮੁਤਾਬਕ, 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਦਰ ਪੰਜਾਬ ਵਿੱਚ 34.2 ਫ਼ੀਸਦੀ ਸੀ। ਇਸ ਦਰ ਨਾਲ, ਪੰਜਾਬ ਦੇਸ਼ ਦੇ ਸੂਬਿਆਂ ਵਿੱਚ ਦੂਜੇ ਸਥਾਨ ‘ਤੇ ਸੀ, ਜਦਕਿ ਸਿੱਕਮ 37.9 ਫ਼ੀਸਦੀ ਨਾਲ ਪਹਿਲੇ ਸਥਾਨ ‘ਤੇ ਸੀ। ਪੰਜਾਬ ਦੀ ਇਹ ਦਰ ਕੌਮੀ ਔਸਤ 22.6 ਫ਼ੀਸਦੀ ਨਾਲੋਂ ਵੀ ਕਾਫ਼ੀ ਵੱਧ ਸੀ। ਹਾਲਾਂਕਿ, ਇਹ ਅੰਕੜੇ ਸਮੁੱਚੀ 15 ਸਾਲ ਤੋਂ ਵੱਧ ਉਮਰ ਦੀ ਆਬਾਦੀ ਨਾਲ ਸਬੰਧਤ ਹਨ, ਨਾ ਕਿ ਸਿਰਫ਼ ਨੌਜਵਾਨਾਂ ਨਾਲ।
ਨੌਜਵਾਨਾਂ ਵਿੱਚ ਕਿਉਂ ਵਧ ਰਿਹਾ ਹੈ ਬਲੱਡ ਪ੍ਰੈਸ਼ਰ ?
ਹਾਈ ਬਲੱਡ ਪ੍ਰੈਸ਼ਰ ਵਧਣ ਪਿੱਛੇ ਕੋਈ ਇੱਕ ਕਾਰਨ ਨਹੀਂ ਹੁੰਦਾ। ਇਸ ਵਿੱਚ ਖ਼ਾਨਦਾਨੀ ਕਾਰਕਾਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨਸ਼ੈਲੀ ਦੀ ਅਹਿਮ ਭੂਮਿਕਾ ਹੁੰਦੀ ਹੈ। ਨੌਜਵਾਨਾਂ ਵਿੱਚ ਸਰੀਰਕ ਸਰਗਰਮੀ ਘਟਣਾ, ਲੰਮਾ ਸਮਾਂ ਕੁਰਸੀ ‘ਤੇ ਬੈਠ ਕੇ ਕੰਮ ਕਰਨਾ, ਮੋਬਾਈਲ ਅਤੇ ਕੰਪਿਊਟਰ ਦੀ ਵਧਦੀ ਵਰਤੋਂ, ਬਾਹਰ ਦਾ ਖਾਣਾ ਅਤੇ ਨਮਕ ਦੀ ਵੱਧ ਵਰਤੋਂ ਇਸ ਸਮੱਸਿਆ ਦਾ ਖ਼ਤਰਾ ਵਧਾ ਸਕਦੇ ਹਨ।
“ਹਾਈ ਬਲੱਡ ਪ੍ਰੈਸ਼ਰ ਦੇ ਮਾਮਲਿਆਂ ਵਿੱਚ ਪੰਜਾਬ ਦੀ ਸਥਿਤੀ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਚਿੰਤਾਜਨਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਮੁੱਖ ਕਾਰਨ ਬਦਲ ਰਹੀ ਜੀਵਨਸ਼ੈਲੀ ਹੈ। ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ, ਮੋਟਾਪਾ, ਸਰੀਰਕ ਮਿਹਨਤ ਦੀ ਘਾਟ, ਕਸਰਤ ਨਾ ਕਰਨਾ ਅਤੇ ਜੰਕ ਫੂਡ ਦੀ ਵਧਦੀ ਵਰਤੋਂ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪਾ ਰਹੀ ਹੈ।”– ਡਾ. ਦਲੇਰ ਸਿੰਘ ਮੁਲਤਾਨੀ, ਪੰਜਾਬ ਸਿਹਤ ਵਿਭਾਗ ਦੇ ਸਾਬਕਾ ਸਿਵਲ ਸਰਜਨ
ਉਨ੍ਹਾਂ ਕਿਹਾ ਕਿ, ਜੰਕ ਫੂਡ ਦੀ ਵਰਤੋਂ ਹੁਣ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਪਿੰਡਾਂ ਵਿੱਚ ਵੀ ਇਸ ਦੀ ਪਹੁੰਚ ਵਧ ਗਈ ਹੈ। ਇਸ ਤੋਂ ਇਲਾਵਾ, ਪੰਜਾਬ ਵਿੱਚ ਵਧ ਰਿਹਾ ਸਮਾਜਿਕ ਅਤੇ ਮਾਨਸਿਕ ਤਣਾਅ ਵੀ ਅਸਿੱਧੇ ਤੌਰ ‘ਤੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਸਿਹਤ ਢਾਂਚੇ ਦੀਆਂ ਕਮੀਆਂ ਵੀ ਬਣ ਰਹੀਆਂ ਹਨ ਚੁਣੌਤੀ
ਡਾ. ਦਲੇਰ ਸਿੰਘ ਮੁਲਤਾਨੀ ਨੇ ਪੰਜਾਬ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਸਿਹਤ ਪ੍ਰਬੰਧਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਮੁਤਾਬਕ, ਡਾਕਟਰਾਂ ਲਈ ਪਿੰਡਾਂ ਵਿੱਚ ਹਰ ਮਹੀਨੇ 10 ਦੌਰੇ ਕਰਕੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਪ੍ਰਬੰਧ ਹੈ, ਪਰ ਜ਼ਮੀਨੀ ਪੱਧਰ ‘ਤੇ ਇਹ ਗਤੀਵਿਧੀਆਂ ਲਗਭਗ ਨਾ ਦੇ ਬਰਾਬਰ ਹਨ।
ਉਨ੍ਹਾਂ ਦੱਸਿਆ ਕਿ, ਸਾਲ 2006 ਵਿੱਚ ਪੰਜਾਬ ਦੀਆਂ 1,186 ਪੇਂਡੂ ਡਿਸਪੈਂਸਰੀਆਂ ਪੰਚਾਇਤੀ ਰਾਜ ਪ੍ਰਣਾਲੀ ਅਧੀਨ ਕਰ ਦਿੱਤੀਆਂ ਗਈਆਂ ਸਨ। ਇਸ ਪ੍ਰਬੰਧ ਤਹਿਤ ਇਨ੍ਹਾਂ ਡਿਸਪੈਂਸਰੀਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਏਡੀਸੀ (ਵਿਕਾਸ) ਨੂੰ ਦਿੱਤੀ ਗਈ, ਜਦਕਿ ਉਨ੍ਹਾਂ ਕੋਲ ਮੈਡੀਕਲ ਸਾਇੰਸ ਦੀ ਵਿਸ਼ੇਸ਼ ਮੁਹਾਰਤ ਨਹੀਂ ਸੀ। ਮਾਹਿਰ ਦਾ ਮੰਨਣਾ ਹੈ ਕਿ ਇਸ ਕਾਰਨ ਡਿਸਪੈਂਸਰੀਆਂ ਦੀ ਨਿਗਰਾਨੀ ਅਤੇ ਸਿਹਤ ਜਾਗਰੂਕਤਾ ਮੁਹਿੰਮਾਂ ਪ੍ਰਭਾਵਿਤ ਹੋਈਆਂ।
ਉਨ੍ਹਾਂ ਕਿਹਾ ਕਿ, ਪੰਜਾਬ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ ਪੇਂਡੂ ਡਿਸਪੈਂਸਰੀਆਂ ਦੀ ਬਿਹਤਰ ਨਿਗਰਾਨੀ, ਡਾਕਟਰਾਂ ਦੀ ਸਰਗਰਮ ਭੂਮਿਕਾ ਅਤੇ ਪਿੰਡ ਪੱਧਰ ‘ਤੇ ਸਿਹਤ ਜਾਗਰੂਕਤਾ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਜ਼ਰੂਰੀ ਹੈ।
ਗਰਭਵਤੀ ਔਰਤਾਂ ਲਈ ਵੀ ਗੰਭੀਰ ਸਮੱਸਿਆ ਹੈ ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੌਜਵਾਨ ਗਰਭਵਤੀ ਔਰਤਾਂ ਲਈ ਵੀ ਖ਼ਤਰਾ ਬਣ ਸਕਦੀ ਹੈ। ਇਸਤਰੀ ਰੋਗਾਂ ਦੀ ਮਾਹਿਰ ਡਾ. ਪੂਨਮ ਰੂਡਿੰਗਵਾ ਮੁਤਾਬਕ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਇੱਕ ਆਮ ਪਰ ਗੰਭੀਰ ਡਾਕਟਰੀ ਸਮੱਸਿਆ ਹੈ। ਭਾਰਤ ਵਿੱਚ ਘੱਟੋ-ਘੱਟ 10 ਫ਼ੀਸਦੀ ਗਰਭ ਅਵਸਥਾਵਾਂ ਇਸ ਸਮੱਸਿਆ ਨਾਲ ਪ੍ਰਭਾਵਿਤ ਹੁੰਦੀਆਂ ਹਨ। ਜੇਕਰ ਸਮੇਂ ਸਿਰ ਇਸ ਦੀ ਪਛਾਣ ਅਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੋਵਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।
ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਲਈ ਖ਼ਤਰਾ
“ਗਰਭ ਅਵਸਥਾ ਦੌਰਾਨ ਬਲੱਡ ਪ੍ਰੈਸ਼ਰ ਵਧਣ ਦਾ ਸਿੱਧਾ ਅਸਰ ਪਲੈਸੈਂਟਾ (ਆਂਵਲ) ‘ਤੇ ਪੈ ਸਕਦਾ ਹੈ। ਪਲੈਸੈਂਟਾ ਰਾਹੀਂ ਹੀ ਬੱਚੇ ਨੂੰ ਲੋੜੀਂਦੇ ਪੋਸ਼ਕ ਤੱਤ ਅਤੇ ਖ਼ੁਰਾਕ ਮਿਲਦੀ ਹੈ। ਜੇਕਰ ਇਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ ਤਾਂ ਬੱਚੇ ਦਾ ਵਿਕਾਸ ਰੁਕ ਸਕਦਾ ਹੈ ਅਤੇ ਉਸ ਦਾ ਭਾਰ ਆਮ ਨਾਲੋਂ ਘੱਟ ਰਹਿ ਸਕਦਾ ਹੈ। ਇਸ ਤੋਂ ਇਲਾਵਾ ਬੱਚੇ ਦੇ ਆਲੇ–ਦੁਆਲੇ ਪਾਣੀ ਦੀ ਮਾਤਰਾ ਘਟਣ ਅਤੇ ਪਲੈਸੈਂਟਾ ਦੇ ਬੱਚੇਦਾਨੀ ਤੋਂ ਸਮੇਂ ਤੋਂ ਪਹਿਲਾਂ ਵੱਖ ਹੋਣ (Placental Abruption) ਦਾ ਖ਼ਤਰਾ ਵੀ ਰਹਿੰਦਾ ਹੈ। ਗੰਭੀਰ ਹਾਲਤ ਵਿੱਚ ਗਰਭ ਵਿੱਚ ਹੀ ਬੱਚੇ ਦੀ ਮੌਤ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ।”– ਡਾ. ਪੂਨਮ
ਹਾਈ ਬਲੱਡ ਪ੍ਰੈਸ਼ਰ ਦਾ ਅਸਰ ਮਾਂ ਦੀ ਸਿਹਤ ‘ਤੇ ਵੀ ਪੈ ਸਕਦਾ ਹੈ। ਇਸ ਕਾਰਨ ਇਕਲੈਂਪਸੀਆ (Eclampsia) ਦੀ ਸਥਿਤੀ ਬਣ ਸਕਦੀ ਹੈ, ਜਿਸ ਵਿੱਚ ਗਰਭਵਤੀ ਔਰਤ ਨੂੰ ਦੌਰੇ ਪੈ ਸਕਦੇ ਹਨ। ਇਸ ਤੋਂ ਇਲਾਵਾ ਗੁਰਦਿਆਂ ਅਤੇ ਜਿਗਰ ਦੇ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿੱਚ ਸਰੀਰ ਦੇ ਕਈ ਅੰਗਾਂ ਦਾ ਕੰਮ ਕਰਨਾ ਬੰਦ ਹੋ ਸਕਦਾ ਹੈ। ਬਹੁਤ ਜ਼ਿਆਦਾ ਖੂਨ ਵਹਿਣ ਅਤੇ ਜਣੇਪੇ ਤੋਂ ਬਾਅਦ ਖੂਨ ਵਹਿਣ ਵਰਗੀਆਂ ਪੇਚੀਦਗੀਆਂ ਵੀ ਸਾਹਮਣੇ ਆ ਸਕਦੀਆਂ ਹਨ। ਗੁਰਦਿਆਂ ਨੂੰ ਗੰਭੀਰ ਨੁਕਸਾਨ ਹੋਣ ਦੀ ਸਥਿਤੀ ਵਿੱਚ ਡਾਇਲਿਸਿਸ ਦੀ ਲੋੜ ਵੀ ਪੈ ਸਕਦੀ ਹੈ।
35 ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਵਧੇਰੇ ਖ਼ਤਰਾ
ਡਾ. ਪੂਨਮ ਮੁਤਾਬਕ, ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਕਈ ਜੋਖਮ ਕਾਰਕ ਹਨ। 35 ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਉਮਰ ਦੀਆਂ ਗਰਭਵਤੀ ਔਰਤਾਂ ਨੂੰ ਇਸ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਜੁੜਵਾਂ ਜਾਂ ਤਿੰਨ ਬੱਚਿਆਂ ਵਾਲੀ ਗਰਭ ਅਵਸਥਾ, ਪਹਿਲਾਂ ਤੋਂ ਸ਼ੂਗਰ ਦੀ ਬਿਮਾਰੀ, ਲੰਬੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ, ਪਰਿਵਾਰ ਵਿੱਚ ਇਸ ਬਿਮਾਰੀ ਦਾ ਇਤਿਹਾਸ ਅਤੇ ਆਈਵੀਐੱਫ ਰਾਹੀਂ ਗਰਭ ਧਾਰਨ ਕਰਨਾ ਵੀ ਜੋਖਮ ਵਧਾ ਸਕਦਾ ਹੈ।
ਐੱਸਐੱਲਈ (SLE) ਅਤੇ ਹੋਰ ਆਟੋਇਮਿਊਨ ਬਿਮਾਰੀਆਂ ਤੋਂ ਪੀੜਤ ਔਰਤਾਂ ਨੂੰ ਵੀ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਜਿਨ੍ਹਾਂ ਔਰਤਾਂ ਨੂੰ ਪਿਛਲੀ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹੀ ਹੋਵੇ, ਉਨ੍ਹਾਂ ਨੂੰ ਅਗਲੀ ਗਰਭ ਅਵਸਥਾ ਵਿੱਚ ਵੀ ਇਸ ਦਾ ਖ਼ਤਰਾ ਵੱਧ ਰਹਿੰਦਾ ਹੈ।
ਕਿਵੇਂ ਘਟਾਇਆ ਜਾ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ?
ਡਾ. ਦਲੇਰ ਸਿੰਘ ਮੁਲਤਾਨੀ ਦਾ ਕਹਿਣਾ ਹੈ ਕਿ, ਹਾਈ ਬਲੱਡ ਪ੍ਰੈਸ਼ਰ ਸਮੇਤ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਦੇ ਕੰਮਾਂ ਵਿੱਚ ਨਿਯਮਤਤਾ ਅਤੇ ਸਰੀਰਕ ਮਿਹਨਤ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਗੁਰੂ ਨਾਨਕ ਦੇਵ ਜੀ ਦੀ ਕਿਰਤ ਕਰਨ ਦੀ ਸਿੱਖਿਆ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਕਿਰਤ ਦਾ ਅਰਥ ਸਿਰਫ਼ ਖੇਤੀਬਾੜੀ ਜਾਂ ਕੋਈ ਖ਼ਾਸ ਕਿੱਤਾ ਨਹੀਂ, ਸਗੋਂ ਹਰ ਵਿਅਕਤੀ ਵੱਲੋਂ ਆਪਣਾ ਕੰਮ ਇਮਾਨਦਾਰੀ ਅਤੇ ਨਿਯਮਤ ਤੌਰ ‘ਤੇ ਕਰਨਾ ਹੈ।
ਉਨ੍ਹਾਂ ਨੇ ਜੰਕ ਫੂਡ ਦੀ ਵਰਤੋਂ ਘਟਾਉਣ, ਰੋਜ਼ਾਨਾ ਕਸਰਤ ਕਰਨ ਅਤੇ ਸਰੀਰਕ ਸਰਗਰਮੀ ਵਧਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ, ਕੀਟਨਾਸ਼ਕਾਂ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਅਤੇ ਪਸ਼ੂਆਂ ਵਿੱਚ ਦੁੱਧ ਦਾ ਉਤਪਾਦਨ ਵਧਾਉਣ ਲਈ ਟੀਕਿਆਂ ਦੀ ਵਰਤੋਂ ਵਰਗੇ ਮੁੱਦਿਆਂ ਵੱਲ ਵੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਮੁਤਾਬਕ ਪਾਣੀ, ਹਵਾ ਅਤੇ ਖੁਰਾਕ ਦੀ ਗੁਣਵੱਤਾ ਵੀ ਲੋਕਾਂ ਦੀ ਸਿਹਤ ਲਈ ਵੱਡੀ ਚੁਣੌਤੀ ਬਣ ਰਹੀ ਹੈ।
ਗਰਭ ਅਵਸਥਾ ਦੌਰਾਨ ਕਿਵੇਂ ਰੱਖੀਏ ਧਿਆਨ?
ਦੂਜੇ ਪਾਸੇ ਡਾ. ਪੂਨਮ ਰੂਡਿੰਗਵਾ ਦਾ ਕਹਿਣਾ ਹੈ ਕਿ, ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਮਤਲਬ ਇਹ ਨਹੀਂ ਕਿ ਔਰਤ ਘਬਰਾ ਜਾਵੇ। ਲੋੜ ਇਸ ਗੱਲ ਦੀ ਹੈ ਕਿ ਗਰਭ ਧਾਰਨ ਕਰਨ ਤੋਂ ਪਹਿਲਾਂ ਹੀ ਸੰਭਾਵੀ ਜੋਖਮਾਂ ਦੀ ਪਛਾਣ ਕੀਤੀ ਜਾਵੇ ਅਤੇ ਲੋੜ ਮੁਤਾਬਕ, ਇਲਾਜ ਸ਼ੁਰੂ ਕੀਤਾ ਜਾਵੇ। ਗਰਭ ਅਵਸਥਾ ਦੌਰਾਨ ਡਾਕਟਰ ਦੀ ਸਲਾਹ ਅਨੁਸਾਰ ਨਿਯਮਤ ਜਾਂਚ ਕਰਵਾਉਣੀ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਸਮੇਂ ਸਿਰ ਪਛਾਣ, ਸਹੀ ਇਲਾਜ ਅਤੇ ਲਗਾਤਾਰ ਡਾਕਟਰੀ ਨਿਗਰਾਨੀ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਗੰਭੀਰ ਪੇਚੀਦਗੀਆਂ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।
ਨੌਜਵਾਨਾਂ ਨੂੰ ਵੀ ਨਿਯਮਤ ਕਰਵਾਉਣੀ ਚਾਹੀਦੀ ਹੈ ਬਲੱਡ ਪ੍ਰੈਸ਼ਰ ਦੀ ਜਾਂਚ
ਨੌਜਵਾਨਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਇੱਕ ਵੱਡੀ ਚੁਣੌਤੀ ਇਹ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਵਧਦੀ ਉਮਰ ਨਾਲ ਜੁੜੀ ਸਮੱਸਿਆ ਸਮਝਦੇ ਹਨ ਅਤੇ ਘੱਟ ਉਮਰ ਵਿੱਚ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਵੱਲ ਧਿਆਨ ਨਹੀਂ ਦਿੰਦੇ। ਹਾਈ ਬਲੱਡ ਪ੍ਰੈਸ਼ਰ ਕਈ ਸਾਲਾਂ ਤੱਕ ਬਿਨਾਂ ਕਿਸੇ ਸਪੱਸ਼ਟ ਲੱਛਣ ਦੇ ਰਹਿ ਸਕਦਾ ਹੈ। ਇਸ ਦੌਰਾਨ ਖੂਨ ਦੀਆਂ ਨਾੜੀਆਂ ‘ਤੇ ਲਗਾਤਾਰ ਵਧਦਾ ਦਬਾਅ ਦਿਲ ਦੀਆਂ ਬਿਮਾਰੀਆਂ, ਦਿਮਾਗੀ ਦੌਰੇ ਅਤੇ ਗੁਰਦਿਆਂ ਦੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। – ਡਾ. ਐਚ ਕੇ ਖਰਬੰਦਾ
ਇਸ ਲਈ ਨੌਜਵਾਨਾਂ ਨੂੰ ਵੀ ਸਮੇਂ-ਸਮੇਂ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਜਾਂਚ ਦੌਰਾਨ ਬਲੱਡ ਪ੍ਰੈਸ਼ਰ ਵਧਿਆ ਹੋਇਆ ਆਉਂਦਾ ਹੈ ਤਾਂ ਇੱਕ ਵਾਰ ਦੀ ਰੀਡਿੰਗ ਦੇ ਆਧਾਰ ‘ਤੇ ਕੋਈ ਨਤੀਜਾ ਕੱਢਣ ਦੀ ਬਜਾਏ ਡਾਕਟਰ ਦੀ ਸਲਾਹ ਨਾਲ ਦੁਬਾਰਾ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਖਾਣੇ ਵਿੱਚ ਨਮਕ ਦੀ ਮਾਤਰਾ ਘਟਾਉਣ, ਰੋਜ਼ਾਨਾ ਸਰੀਰਕ ਸਰਗਰਮੀ ਰੱਖਣ, ਪੂਰੀ ਨੀਂਦ ਲੈਣ ਅਤੇ ਮਾਨਸਿਕ ਤਣਾਅ ਨੂੰ ਕਾਬੂ ਵਿੱਚ ਰੱਖਣ ਵੱਲ ਧਿਆਨ ਦੇਣਾ ਜ਼ਰੂਰੀ ਹੈ।
ETV BHARAT