ਮੁਕੇਰੀਆਂ ਹਾਈਡਲ ਦੀ ਨਹਿਰੀ ਪਟੜੀ ’ਤੇ ਲਾਏ ਬੈਰੀਕੇਡ ਪ੍ਰਸ਼ਾਸਨ ਨੇ ਹਟਵਾਏ
28 ਨਵੰਬਰ, 2026 – ਮੁੱਕੇਰੀਆਂ : ਬਿਆਸ ਦਰਿਆ ਰਾਹੀਂ ਪੰਜਾਬ ਵੱਲ ਬਣਾਏ ਕਥਿਤ ਨਾਜਾਇਜ਼ ਲਾਂਘਿਆਂ ਤੋਂ ਹਿਮਾਚਲ ਦੇ ਕਰੱਸ਼ਰਾਂ ਤੋਂ ਰੇਤਾ-ਬੱਜਰੀ ਭਰ ਕੇ ਆਉਂਦੀਆਂ ਭਾਰੀ ਗੱਡੀਆਂ ਰੋਕਣ ਲਈ ਡੀ ਸੀ ਹੁਸ਼ਿਆਰਪੁਰ ਦੇ ਹੁਕਮਾਂ ’ਤੇ ਮੁਕੇਰੀਆਂ ਹਾਈਡਲ ਦੀ ਨਹਿਰੀ ਪਟੜੀ ’ਤੇ ਲਾਏ ਬੈਰੀਕੇਡ ਪ੍ਰਸ਼ਾਸਨ ਵੱਲੋਂ ਜੇ ਸੀ ਬੀ ਨਾਲ ਤੁੜਵਾ ਦਿੱਤੇ ਗਏ ਹਨ। ਬੈਰੀਕੇਡ ਟੁੱਟਣ ਕਾਰਨ ਇਸ ਰਸਤੇ ਰਾਹੀਂ ਲੰਘਦੇ ਭਾਰੀ ਵਾਹਨਾਂ ਨੇ ਮੁੜ ਧੂੜਾਂ ਪੁੱਟ ਦਿੱਤੀਆਂ ਹਨ।
ਨਾਜਾਇਜ਼ ਆਵਾਜਾਈ ਰੋਕਣ ਲਈ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਖ਼ਾਲਸਾ ਅਤੇ ’ਆਪ’ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ’ਤੇ ਆਧਾਰਿਤ ਵਫ਼ਦ ਨੇ ਐੱਸ ਡੀ ਐੱਮ (ਮੁਕੇਰੀਆਂ) ਨਾਲ ਮੁਲਾਕਾਤ ਕੀਤੀ।
ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਤਲਵਾੜਾ ਅਤੇ ਹਾਜੀਪੁਰ ਵਿੱਚ ਕਰੱਸ਼ਰਾਂ ਵੱਲੋਂ ਕੀਤੇ ਕਥਿਤ ਨਾਜਾਇਜ਼ ਖਣਨ ਸਬੰਧੀ ਸੀ ਬੀ ਆਈ ਜਾਂਚ ਚੱਲਣ ਕਾਰਨ ਇੱਥੋਂ ਦੇ ਕਰੱਸ਼ਰ ਪਏ ਹਨ। ਇਸ ਦਾ ਲਾਹਾ ਲੈਂਦਿਆਂ ਹਿਮਾਚਲ ਦੇ ਕਰੱਸ਼ਰ ਮਾਲਕਾਂ ਨੇ ਬਿਆਸ ਦਰਿਆ ਰਾਹੀਂ ਅਣਅਧਿਕਾਰਤ ਲਾਂਘੇ ਬਣਾ ਕੇ ਰੇਤਾ-ਬੱਜਰੀ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਵੱਡੇ ਪੱਧਰ ’ਤੇ ਵਧਾ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਹਿਮਾਚਲ ਤੋਂ ਪੰਜਾਬ ਨੂੰ ਆਉਣ ਵਾਲੇ ਪੌਂਗ ਡੈਮ ਦੇ 52 ਗੇਟਾਂ ਵਾਲੇ ਇਕਲੌਤੇ ਪੁਲ ਤੋਂ ਭਾਰੀ ਆਵਾਜਾਈ ਦੀ ਸਖ਼ਤ ਮਨਾਹੀ ਹੈ। ਬਿਆਸ ਦਰਿਆ ਰਾਹੀਂ ਆਉਂਦੇ ਇਹ ਭਾਰੀ ਵਾਹਨ ਹਾਈਡਲ ਨਹਿਰ ਦੀ ਪਟੜੀ ਤੋਂ ਹੁੰਦੇ ਹੋਏ ਮੁਕੇਰੀਆਂ-ਤਲਵਾੜਾ ਮੁੱਖ ਮਾਰਗ ’ਤੇ ਆ ਚੜ੍ਹਦੇ ਸਨ। ਇਲਾਕਾ ਨਿਵਾਸੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤੇ ਜਾਣ ਤੋਂ ਬਾਅਦ ਡੀ ਸੀ ਨੇ ਸਿਰਫ਼ ਸੀਮਤ ਅਤੇ ਜ਼ਰੂਰੀ ਆਵਾਜਾਈ ਦੀ ਇਜਾਜ਼ਤ ਦਿੰਦਿਆਂ ਨਹਿਰੀ ਪਟੜੀਆਂ ’ਤੇ ਬੈਰੀਕੇਡ ਲਗਵਾਏ ਸਨ ਪਰ ਬੀਤੇ ਦਿਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਬੈਰੀਕੇਡ ਸਰਕਾਰੀ ਪੱਧਰ ’ਤੇ ਹਟਵਾ ਦਿੱਤੇ ਗਏ। ਇਸ ਦਾ ਫ਼ਾਇਦਾ ਉਠਾਉਂਦਿਆਂ ਹਿਮਾਚਲ ਦੇ ਕਰੱਸ਼ਰਾਂ ਤੋਂ ਰੇਤਾ-ਬੱਜਰੀ ਲੈ ਕੇ ਆਉਂਦੇ ਭਾਰੀ ਵਾਹਨਾਂ ਦੀ ਵੱਡੀ ਪੱਧਰ ’ਤੇ ਆਵਾਜਾਈ ਨਹਿਰੀ ਪਟੜੀਆਂ ਰਾਹੀਂ ਮੁੜ ਸ਼ੁਰੂ ਹੋ ਗਈ ਹੈ।
ਕੀ ਕਹਿਣਾ ਹੈ ਐੱਸ ਡੀ ਐੱਮ ਦਾ
ਐੱਸ ਡੀ ਐੱਮ ਮਨਦੀਪ ਮਾਨ ਨੇ ਦੱਸਿਆ ਕਿ ਇੱਕ ਧਿਰ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਬਿਆਸ ਦਰਿਆ ਰਾਹੀਂ ਹਿਮਾਚਲ ਤੋਂ ਪੰਜਾਬ ਦੇ ਪਿੰਡ ਟੋਟੇ ਵੱਲ ਆਮ ਲਾਂਘਾ ਦੇਣ ਦੀ ਮੰਗ ਕੀਤੀ ਗਈ ਸੀ। ਹਾਈ ਕੋਰਟ ਨੇ ਪਟੀਸ਼ਨਰ ਵੱਲੋਂ ਦਿੱਤੀਆਂ ਕੁਝ ਸਹਿਮਤੀਆਂ ਦੇ ਆਧਾਰ ’ਤੇ ਆਮ ਰਸਤਾ ਦੇਣ ਸਬੰਧੀ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਸੀ, ਜਿਸ ਕਾਰਨ ਇਹ ਲਾਂਘਾ ਖੁੱਲ੍ਹਵਾਇਆ ਗਿਆ ਸੀ। ਬੀਤੇ ਦਿਨ ਕੁਝ ਆਗੂਆਂ ਨੇ ਇਸ ਰਸਤੇ ਰਾਹੀਂ ਕਰੱਸ਼ਰਾਂ ਦੇ ਭਾਰੀ ਅਤੇ ਅਣਅਧਿਕਾਰਤ ਵਾਹਨ ਲੰਘਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ, ਜਿਸ ਨੂੰ ਸੀਮਤ ਕਰਨ ਲਈ ਪੁਲੀਸ ਅਤੇ ਸਬੰਧਿਤ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਟ੍ਰਿਬਯੂਨ