BJP Rally: 2027 ਦੀਆਂ ਪੰਜਾਬ ਚੋਣਾਂ ਆਪਣੀ ਸਰਕਾਰ ਬਣਾਉਣ ਲਈ ਲੜੇਗੀ: ਅਮਿਤ ਸ਼ਾਹ
16 ਮਾਰਚ, 2026 – ਮੋਗਾ : BJP Rally: ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨੂੰ ਮੁੜ ਸੁਰਜੀਤ ਕਰਨ ਬਾਰੇ ਕਿਆਸਾਂ ਨੂੰ ਲਗਪਗ ਖਤਮ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਭਾਜਪਾ ਦੀ ਮੋਗਾ ਰੈਲੀ ਵਿੱਚ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਚੋਣਾਂ ਆਪਣੀ ਸਰਕਾਰ ਬਣਾਉਣ ਲਈ ਲੜੇਗੀ। ਇੱਥੇ ਇੱਕ “ਬਦਲਾਅ” ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਇੱਕ ਤਰ੍ਹਾਂ ਨਾਲ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਮੋਗਾ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ।
ਕੇਂਦਰੀ ਮੰਤਰੀ ਨੇ ਆਪਣੀ ਪਾਰਟੀ ਲਈ ਸਮਰਥਨ ਮੰਗਦੇ ਹੋਏ ਕਿਹਾ, “ਮੈਂ ਪੰਜਾਬ ਦੇ ਲੋਕਾਂ ਨੂੰ ਸਾਨੂੰ ਆਪਣਾ ਆਸ਼ੀਰਵਾਦ ਦੇਣ ਦੀ ਅਪੀਲ ਕਰਨ ਆਇਆ ਹਾਂ।” ਪਹਿਲਾਂ ਅਕਾਲੀਆਂ ਦੇ ਜੂਨੀਅਰ ਪਾਰਟਨਰ ਵਜੋਂ ਪੰਜਾਬ ਵਿੱਚ ਸਰਕਾਰ ਦਾ ਹਿੱਸਾ ਰਹਿਣ ਵਾਲੀ ਭਾਜਪਾ ਬਾਰੇ, ਸ਼ਾਹ ਨੇ ਕਿਸੇ ਵੀ ਪਾਰਟੀ ਦਾ ਨਾਮ ਲਏ ਬਿਨਾਂ ਇਕੱਠ ਨੂੰ ਕਿਹਾ, “ਜਦੋਂ ਵੀ ਅਸੀਂ ਤੁਹਾਡੇ ਸਾਹਮਣੇ ਆਏ, ਅਸੀਂ ਛੋਟੇ ਭਰਾ ਦੀ ਭੂਮਿਕਾ ਵਿੱਚ ਆਏ। ਅਸੀਂ (ਆਪਣੇ ਦਮ ‘ਤੇ) ਸਰਕਾਰ ਨਹੀਂ ਬਣਾ ਸਕਦੇ ਸੀ।”
ਉਨ੍ਹਾਂ ਕਿਹਾ, “ਪਰ ਅੱਜ ਮੈਂ ਇਹ ਕਹਿ ਕੇ ਜਾ ਰਿਹਾ ਹਾਂ ਕਿ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਲਈ ਚੋਣ ਲੜਨ ਜਾ ਰਹੀ ਹੈ।” ਇੱਥੋਂ ਦੇ ਪਿੰਡ ਕਿਲੀ ਚਾਹਲਾਂ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪੰਜਾਬ ਨੇ ਕਾਂਗਰਸ, ਅਕਾਲੀਆਂ ਅਤੇ ‘ਆਪ’ ਨੂੰ ਕਈ ਮੌਕੇ ਦਿੱਤੇ ਹਨ, ਹੁਣ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਅਸੀਂ ਪੰਜਾਬ ਵਿੱਚ ਬਦਲਾਅ ਲਿਆਵਾਂਗੇ।” ਸ਼ਾਹ ਨੇ ਕਿਹਾ ਕਿ 2024 ਵਿੱਚ ਭਾਜਪਾ ਨੂੰ “19 ਫੀਸਦੀ ਵੋਟਾਂ ਮਿਲੀਆਂ। ਅਤੇ ਇਹ ਸਾਡਾ ਟ੍ਰੈਕ ਰਿਕਾਰਡ ਹੈ, ਜਿੱਥੇ ਭਾਜਪਾ ਨੂੰ 19 ਫੀਸਦੀ ਵੋਟਾਂ ਮਿਲਦੀਆਂ ਹਨ, ਉੱਥੇ ਅਗਲੀ ਬਣਨ ਵਾਲੀ ਸਰਕਾਰ ਭਾਜਪਾ ਦੀ ਹੁੰਦੀ ਹੈ। ਅਤੇ ਅਜਿਹਾ ਓਡੀਸ਼ਾ, ਅਸਾਮ, ਮਨੀਪੁਰ, ਤ੍ਰਿਪੁਰਾ, ਉੱਤਰਾਖੰਡ ਵਿੱਚ ਹੋਇਆ ਹੈ, ਅਤੇ ਹੁਣ ਪੰਜਾਬ ਦੀ ਵਾਰੀ ਹੈ।”
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਤੰਬਰ 2020 ਵਿੱਚ ਹੁਣ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨਾਲ ਆਪਣਾ 24 ਸਾਲ ਪੁਰਾਣਾ ਗਠਜੋੜ ਤੋੜ ਲਿਆ ਸੀ। ਮੌਜੂਦਾ ਸਮੇਂ ਵਿੱਚ 117 ਮੈਂਬਰੀ ਸਦਨ ਵਿੱਚ ਭਾਜਪਾ ਦੇ ਦੋ ਵਿਧਾਇਕ ਹਨ।
ਪੰਜਾਬੀ ਟ੍ਰਿਬਯੂਨ